ਸਿੱਧੂ ਸਣੇ ਪੰਜਾਬ ਕਾਂਗਰਸ ਦਾ ਵਫਦ ਪੁੱਜਾ ਲਖੀਮਪੁਰ, ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ

0
1211

ਲਖੀਮਪੁਰ | ਪੰਜਾਬ ਕਾਂਗਰਸ ਦਾ ਵਫਦ ਅੱਜ ਲਖੀਮਪੁਰ ਖੀਰੀ ਪੁੱਜ ਗਿਆ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਵਿਧਾਇਕ ਰਾਜ ਕੁਮਾਰ ਚੱਬੇਵਾਲ (ਪ੍ਰਧਾਨ ਅਨੁਸੂਚਿਤ ਜਾਤੀ ਵਿਭਾਗ, ਪੰਜਾਬ ਕਾਂਗਰਸ), ਵਿਧਾਇਕ ਕੁਲਜੀਤ ਸਿੰਘ ਨਾਗਰਾ (ਕਾਰਜਕਾਰੀ ਪ੍ਰਧਾਨ, ਪੰਜਾਬ ਕਾਂਗਰਸ) ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕੇਂਦਰੀ ਮੰਤਰੀ ਦੇ ਮੁੰਡੇ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਗਏ 4 ਕਿਸਾਨਾਂ ‘ਚੋਂ ਇਕ ਲਵਪ੍ਰੀਤ ਸਿੰਘ (20) ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਲਖੀਮਪੁਰ ਖੀਰੀ ਦੇ ਟਿਕੁਨੀਆ ਵਿੱਚ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਘਰ ਦੇ ਬਾਹਰ ਆਸ਼ੀਸ਼ ਮਿਸ਼ਰਾ ਬਾਰੇ ਦੂਜਾ ਨੋਟਿਸ ਲਾਇਆ ਗਿਆ ਹੈ।

ਦੂਜਾ ਨੋਟਿਸ ਕ੍ਰਾਈਮ ਬ੍ਰਾਂਚ ਲਖੀਮਪੁਰ ਖੀਰੀ ਦੇ ਇੰਚਾਰਜ ਵੱਲੋਂ ਚਿਪਕਾਇਆ ਗਿਆ, ਜਿਸ ਮੁਤਾਬਕ ਕੱਲ ਰਾਤ 11 ਵਜੇ ਤੱਕ ਪੁਲਿਸ ਲਾਈਨ ਦੀ ਕ੍ਰਾਈਮ ਬ੍ਰਾਂਚ ਵਿੱਚ ਹਾਜ਼ਰ ਹੋਵੋ ਤੇ ਆਪਣੇ ਬਿਆਨ ਦਰਜ ਕਰਾਓ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪੁਲਿਸ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ, ਹੁਣ ਆਸ਼ੀਸ਼ ਮਿਸ਼ਰਾ ਦਾ ਬਚਣਾ ਮੁਸ਼ਕਿਲ ਹੈ।

ਦੱਸਣਯੋਗ ਹੈ ਕਿ ਐਤਵਾਰ ਨੂੰ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦਾ ਮਾਮਲਾ ਅਜੇ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਮਾਮਲੇ ‘ਚ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।