ਗੁਰੂਗ੍ਰਾਮ | ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਸ ਨੇ ਆਪਣੀ ਵੱਖ ਹੋ ਚੁੱਕੀ ਪਤਨੀ ਦੀ ਜਾਸੂਸੀ ਕਰਨ ਲਈ ਉਸ ਦੀ ਕਾਰ ‘ਚ GPS ਇਨੇਬਲਡ ਟ੍ਰੈਕਿੰਗ ਡਿਵਾਈਸ ਲਾਈ ਹੋਈ ਸੀ।
ਗੁਰੂਗ੍ਰਾਮ ਦੀ ਡਾਕਟਰ ਤੇ ਸ਼ਿਕਾਇਤਕਰਤਾ ਨੇ ਆਪਣੇ ਪਤੀ ‘ਤੇ ਕਾਰ ‘ਚ GPS ਲਗਾਉਣ ਦਾ ਦੋਸ਼ ਲਾਇਆ ਹੈ। ਆਰੋਪ ਹੈ ਕਿ ਮਹਿਲਾ ਡਾਕਟਰ ਆਪਣੇ ਪਤੀ ਦੇ ਨਾਲ ਅਦਾਲਤੀ ਕੇਸ ਵਿੱਚੋਂ ਲੰਘ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੈਕਟਰ-57 ਦੀ ਰਹਿਣ ਵਾਲੀ ਮਹਿਲਾ ਡਾਕਟਰ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਹੈ। ਦੋਵੇਂ ਮਾਮਲੇ ਅਦਾਲਤ ਵਿੱਚ ਵਿਚਾਰ ਅਧੀਨ ਹਨ।
ਉਸ ਨੇ ਦੱਸਿਆ ਕਿ 26 ਸਤੰਬਰ ਨੂੰ ਉਹ ਆਪਣੀ ਕਾਰ ਵਿੱਚ ਸੈਕਟਰ-69 ‘ਚ ਮਰੀਜ਼ ਦੀ ਸਿਹਤ ਦੀ ਜਾਂਚ ਕਰਨ ਗਈ ਸੀ। ਮਰੀਜ਼ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਕੁਝ ਸਮਾਂ ਇੰਤਜ਼ਾਰ ਕਰਨ ਲਈ ਕਿਹਾ।
ਮੋਬਾਇਲ ‘ਤੇ ਗੱਲ ਕਰਨ ਤੋਂ ਬਾਅਦ ਉਹ ਆਪਣਾ ਮੋਬਾਇਲ ਕਾਰ ਦੇ ਸਟੀਅਰਿੰਗ ਕੋਲ ਰੱਖ ਰਹੀ ਸੀ ਤਾਂ ਮੋਬਾਇਲ ਸੀਟ ਦੇ ਨੇੜੇ ਡਿੱਗ ਪਿਆ। ਜਦੋਂ ਉਹ ਮੋਬਾਇਲ ਚੁੱਕਣ ਲੱਗੀ ਤਾਂ ਉਸ ਦੀ ਨਜ਼ਰ ਡੈਸ਼ਬੋਰਡ ਕੋਲ ਇਕ ਬਲੈਕ ਬਾਕਸ ‘ਤੇ ਪਈ।
ਉਸ ਨੇ ਦੱਸਿਆ ਕਿ ਇਸ ‘ਤੇ ਉਸ ਨੇ ਉਸ ਬਾਕਸ ਨੂੰ ਉਤਾਰਿਆ, ਜਿਸ ਉਤੇ ਪੋਰਟੇਬਲ ਜੀਪੀਐੱਸ ਲਿਖਿਆ ਹੋਇਆ ਸੀ। ਉਸ ਨੇ ਇਸ ਦੀ ਫੋਟੋ ਆਪਣੇ ਭਰਾ ਨੂੰ ਭੇਜੀ, ਜਿਸ ਨੇ ਇਸ ਜੀਪੀਐੱਸ ਦੀ ਪੁਸ਼ਟੀ ਕੀਤੀ।
ਉਸ ਦੇ ਭਰਾ ਵੱਲੋਂ ਦੱਸੇ ਜਾਣ ‘ਤੇ ਉਸ ਨੇ ਪੋਰਟੇਬਲ ਜੀਪੀਐੱਸ ਖੋਲ੍ਹਿਆ ਅਤੇ ਇਸ ਵਿੱਚ ਰੱਖੀ ਮੋਬਾਇਲ ਸਿਮ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।







































