ਜਲੰਧਰ | ਜਲੰਧਰ ਦੀ ਫੈਕਟਰੀ ‘ਚ ਮਾਮੂਲੀ ਵਿਵਾਦ ਤੋਂ ਬਾਅਦ ਇਕ ਵਿਅਕਤੀ ਨੇ ਨਾਲ ਕੰਮ ਕਰਨ ਵਾਲੀ ਔਰਤ ‘ਤੇ ਤੇਜ਼ਾਬ ਸੁੱਟ ਦਿੱਤਾ। ਦੋਵੇਂ ਫੋਕਲ ਪੁਆਇੰਟ ਸਥਿਤ ਨਟ-ਬੋਲਟ ਦੀ ਫੈਕਟਰੀ ਵਿੱਚ ਕੰਮ ਕਰਦੇ ਹਨ।
ਇਸ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਆਰੋਪੀ ਨੂੰ ਹਿਰਾਸਤ ‘ਚ ਲੈ ਲਿਆ। ਔਰਤ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਤੇਜ਼ਾਬ ਸੁੱਟਣ ਦੇ ਕਾਰਨ ਦਾ ਖੁਲਾਸਾ ਨਹੀਂ ਹੋ ਸਕਿਆ।
ਔਰਤ ਦੀ ਪਛਾਣ ਰਾਜ ਰਾਣੀ (50) ਵਾਸੀ ਗਲੀ ਨੰਬਰ 2 ਸੰਜੇ ਗਾਂਧੀ ਨਗਰ ਹੋਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਉਕਤ ਵਿਅਕਤੀ ਨਾਲ ਕਰੀਬ 5 ਸਾਲਾਂ ਤੋਂ ਜਾਣ-ਪਛਾਣ ਸੀ। ਉਹ ਅਕਸਰ ਉਨ੍ਹਾਂ ਦੇ ਘਰ ਆਇਆ-ਜਾਇਆ ਕਰਦਾ ਸੀ ਅਤੇ ਨਾਲ ਬੈਠ ਕੇ ਖਾਂਦਾ-ਪੀਂਦਾ ਵੀ ਸੀ।
ਫੈਕਟਰੀ ‘ਚ ਸੋਮਵਾਰ ਰਾਜ ਰਾਣੀ ਦੀ ਨਾਲ ਕੰਮ ਕਰਨ ਵਾਲੇ ਵਿਅਕਤੀ ਸੋਹਣ ਲਾਲ ਨਾਲ ਮਾਮੂਲੀ ਕਿਹਾ-ਸੁਣੀ ਹੋ ਗਈ, ਜਿਸ ਤੋਂ ਬਾਅਦ ਆਰੋਪੀ ਨੇ ਔਰਤ ਦੇ ਮੂੰਹ ‘ਤੇ ਤੇਜ਼ਾਬ ਸੁੱਟ ਦਿੱਤਾ।
ਇਹ ਵੇਖ ਕੇ ਫੈਕਟਰੀ ‘ਚ ਕੰਮ ਕਰਨ ਵਾਲੇ ਦੂਸਰੇ ਕਰਮਚਾਰੀ ਭੜਕ ਗਏ। ਉਨ੍ਹਾਂ ਨੇ ਸੋਹਣ ਲਾਲ ਨੂੰ ਫੜ ਲਿਆ ਅਤੇ ਉਸ ਦੀ ਖੂਬ ਕੁੱਟਮਾਰ ਕੀਤੀ। ਬਾਅਦ ਵਿੱਚ ਫੋਕਲ ਪੁਆਇੰਟ ਪੁਲਿਸ ਨੂੰ ਬੁਲਾਇਆ ਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਮਾਮਲੇ ਦੀ ਜਾਂਚ ਕਰ ਰਹੇ ASI ਮਦਨ ਸਿੰਘ ਨੇ ਕਿਹਾ ਕਿ ਆਰੋਪੀ ਨੂੰ ਫੜ ਲਿਆ ਗਿਆ ਹੈ ਪਰ ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਪਤਾ ਲੱਗ ਸਕਿਆ ਕਿ ਉਸ ਨੇ ਤੇਜ਼ਾਬ ਕਿਉਂ ਸੁੱਟਿਆ। ਆਰੋਪੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਧਰ, ਔਰਤ ਬਿਆਨ ਦੇਣ ਦੀ ਹਾਲਤ ‘ਚ ਨਹੀਂ ਹੈ। ਜਾਂਚ ਜਾਰੀ ਹੈ। ਪੁਲਿਸ ਫੈਕਟਰੀ ‘ਚ ਲੱਗੇ CCTV ਕੈਮਰਿਆਂ ਦੀ ਵੀ ਛਾਣ-ਬੀਣ ਕਰ ਰਹੀ ਹੈ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।







































