ਹੰਸਰਾਜ ਬੈਡਮਿੰਟਨ ਸਟੇਡੀਅਮ ’ਚ ਬਣੇਗੀ ਸਪੋਰਟਸ ਕੰਟੀਨ, ਵਿਧਾਇਕ ਰਾਜਿੰਦਰ ਬੇਰੀ ਨੇ ਮਨਜ਼ੂਰ ਕੀਤੇ 5 ਲੱਖ ਰੁਪਏ

0
1587

ਜਲੰਧਰ | ਜਲੰਧਰ ਸੈਂਟਰਲ ਤੋਂ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਨੇ ਰਾਇਜ਼ਾਦਾ ਹੰਸਰਾਜ ਸਟੇਡੀਅਮ ‘ਚ ਖਿਡਾਰੀਆਂ ਦੇ ਲਈ ਕੰਟੀਨ ਤਿਆਰ ਲਈ ਵਿਧਾਇਕ ਫੰਡ ‘ਚੋਂ 5 ਲੱਖ ਰੁਪਏ ਦੇਣ ਨੂੰ ਮਨਜ਼ੂਰੀ ਦੇ ਦਿੱਤੀ। ਅੱਜ ਅੰਤਿ੍ਰਮ ਕਮੇਟੀ ਦੇ ਮੈਂਬਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਵਿਧਾਇਕ ਰਾਜਿੰਦਰ ਬੇਰੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸ਼੍ਰੀ ਰਿਤਿਨ ਖੰਨਾ ਨੇ ਦੱਸਿਆ ਕਿ ਹਰ ਖਿਡਾਰੀ ਦੇ ਲਈ ਜਿੱਥੇ ਪ੍ਰੈਕਟਿਸ ਬਹੁਤ ਜ਼ਰੂਰੀ ਹੈ, ਉੱਥੇ ਉਸ ਦੇ ਕੈਰੀਅਰ ‘ਚ ਡਾਈਟ ਦਾ ਅਹਿਮ ਰੋਲ ਹੁੰਦਾ ਹੈ। ਇਸ ਲਈ ਸਟੇਡੀਅਮ ਵਿੱਚ ਅਜਿਹੀ ਕੰਟੀਨ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿੱਥੇ ਖਿਡਾਰੀਆਂ ਨੂੰ ਸਾਫ-ਸੁਥਰਾ ਤੇ ਪੌਸ਼ਟਿਕ ਖਾਣਾ ਮਿਲ ਸਕੇ। ਇਸ ਮੌਕੇ ਵਿਧਾਇਕ ਰਾਜਿੰਦਰ ਬੇਰੀ ਨੇ ਕੰਟੀਨ ਨਿਰਮਾਣ ਦੇ ਲਈ 5 ਲੱਖ ਰੁਪਏ ਮਨਜ਼ੂਰ ਕਰ ਦਿੱਤੇ। ਇਸ ਦੇ ਨਾਲ ਵਿਧਾਇਕ ਰਾਜਿੰਦਰ ਬੇਰੀ ਨੇ ਬੇਹਤਰੀਨ ਕੰਮਾਂ ਲਈ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੀ ਅੰਤਿ੍ਰਮ ਕਮੇਟੀ ਦੀ ਪਿੱਠ ਵੀ ਥਾਪੜੀ।

ਰਿਤਿਨ ਖੰਨਾ ਨੇ ਵਿਧਾਇਕ ਰਾਜਿੰਦਰ ਬੇਰੀ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਸਟੇਡੀਅਮ ਵਿੱਚ ਕੰਟੀਨ ਬਣ ਜਾਣ ਨਾਲ 500 ਖਿਡਾਰੀਆਂ ਨੂੰ ਪੌਸ਼ਟਿਕ ਅਤੇ ਸਾਫ-ਸੁਥਰਾ ਖਾਣਾ ਮਿਲ ਸਕੇਗਾ। ਕੰਟੀਨ ਵਿੱਚ ਬੈਠਣ ਦਾ ਪ੍ਰਬੰਧ ਵੀ ਹੋਵੇਗਾ ਅਤੇ ਤਿੰਨੋਂ ਟਾਈਮ (ਬ੍ਰੇਕ ਫਾਸਟ, ਲੰਚ ਅਤੇ ਡਿਨਰ) ਖਾਣਾ ਮਿਲੇਗਾ।

ਰਿਤਿਨ ਖੰਨਾ ਨੇ ਦੱਸਿਆ ਕਿ ਜਦੋਂ ਵੀ ਸਟੇਡੀਅਮ ‘ਚ ਕਿਸੇ ਵੀ ਟੂਰਨਾਮੈਂਟ ਦੇ ਲਈ ਦੂਸਰੇ ਸ਼ਹਿਰਾਂ ਜਾਂ ਰਾਜਾਂ ਤੋਂ ਖਿਡਾਰੀ ਆਉਦੇ ਸਨ ਤਾਂ ਉਨ੍ਹਾਂ ਨੂੰ ਖਾਣ ਲਈ ਬਾਹਰ ਜਾਣਾ ਪੈਂਦਾ ਸੀ ਅਤੇ ਹੋਸਟਲ ਵਿੱਚ ਰਹਿਣ ਵਾਲੇ ਖਿਡਾਰੀ ਵੀ ਬਾਹਰ ਖਾਣਾ ਖਾਂਦੇ ਸਨ। ਸਟੇਡੀਅਮ ਦੇ ਅੰਦਰ ਕੰਟੀਨ ਬਣ ਜਾਣ ਨਾਲ ਇਨ੍ਹਾਂ ਖਿਡਾਰੀਆਂ ਦੀ ਬਾਹਰ ਜਾਣ ਦੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਸਟੇਡੀਅਮ ਨਾਲ ਜੁੜੇ ਮੈਂਬਰ ਵੀ ਇਸ ਸੁਵਿਧਾ ਦਾ ਲਾਭ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਅੰਤਿ੍ਰਮ ਕਮੇਟੀ ਪਹਿਲਾਂ ਵੀ ਸਟੇਡੀਅਮ ਵਿੱਚ ਕਈ ਕੰਮ ਕਰਵਾ ਚੁੱਕੀ ਹੈ, ਜਿਸ ਵਿੱਚ ਓਲੰਪੀਅਨ ਦੀਪਾਂਕਰ ਭੱਟਾਚਾਰਿਆ ਅਕੈਡਮੀ ਖੁੱਲ੍ਹਵਾਉਣਾ, ਖਿਡਾਰੀਆਂ ਦੀ ਪ੍ਰੈਕਟਿਸ ਲਈ ਪੰਜ ਨਵੇਂ ਸਿੰਥੈਟਿਕ ਕੋਰਟ ਬਣਵਾਉਣਾ, ਯੋਗਾ ਅਤੇ ਐਰੋਬਿਕਸ ਸੈਂਟਰ ਤਿਆਰ ਕਰਵਾਉਣਾ ਵਰਗੇ ਕੰਮ ਸ਼ਾਮਿਲ ਹਨ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਇਜ਼ਾਦਾ ਹੰਸਰਾਜ ਸਟੇਡੀਅਮ ਦੇ ਲਈ ਰਾਜਸਭਾ ਸਾਂਸਦ ਨਰੇਸ਼ ਗੁਜਰਾਲ 15 ਲੱਖ ਰੁਪਏ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. 5 ਲੱਖ ਰੁਪਏ ਦੇ ਚੁੱਕੇ ਹਨ।