ਸਿਹਤ ਅਮਲਾ ‘ਤੇ ਸਮਾਜ ਦੀ ਸੋਚ

0
44147

ਸੁਖਜੀਤ ਕੰਬੋਜ | ਕੋਰੋਨਾ ਮਹਾਂਮਾਰੀ ਦੇ ਦੋਰ ਵਿੱਚ ਕਿਸੇ ਤੋਂ ਕੁੱਝ ਲੁਕਿਆ ਨਹੀਂ, ਹਰ ਕੋਈ ਤੰਗ ਹੈ, ਪ੍ਰੇਸ਼ਾਨ ਹੈ ਮੋਜੂਦਾ ਹਲਾਤਾਂ ਤੋਂ। ਜਿੱਥੇ ਹਰ ਵਿਅਕਤੀ ਇਸ ਮਹਾਂਮਾਰੀ ਤੋਂ ਬਚਣ ਦੀੇ ਕੋਸ਼ਿਸ਼ ਵਿੱਚ ਹੈ, ਉੱਥੇ ਝਾਤ ਮਾਰੀਏ ਜੇਕਰ ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਜਿੰਨ੍ਹਾਂ ਨੂੰ ਕੋੋਰੋਨਾ ਯੋਧੇ ਦਾ ਖਿਤਾਬ ਦਿੱਤਾ ਗਿਆ ਹੈ, ਦੀ ਮੋਜੂਦਾ ਹਾਲਾਤ ਤੇ ਗੋਰ ਕਰਨ ਦੀ। ਮਹਾਂਮਾਰੀ ਦੇ ਸ਼ੁਰੂ ਹੁੰਦੇ ਹੀ ਫਰੰਟ ਲਾਇਨ ਤੇ ਆ ਕੇ ਸਿੱਧੀ ਲੜਾਈ ਲੜਨ ਦਾ ਜਿੰਮਾ ਦਿੱਤਾ ਗਿਆ ਇਹਨਾਂ ਯੋਧਿਆਂ ਨੂੰ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਯੋਧਿਆਂ ਨੇ ਕੋਈ ਕਸਰ ਨਹੀਂ ਛੱਡੀ ਇਸ ਮਹਾਮਾਰੀ ਖਿਲਾਫ ਯੁੱਧ ਨੂੰ ਸਰ ਕਰਨ ਦੀ। ਖਾਸ ਕਰ ਸਰਕਾਰੀ ਸਿਹਤ ਅਮਲਾ ਆਪਣੇ ਸੀਮਿਤ ਸਰੋਤਾਂ ਦੇ ਬਾਵਜੂਦ ਸ਼ਲਾਘਾਯੋਗ ਕਾਰਗੁਜਾਰੀ ਦਿਖਾ ਰਿਹਾ ਹੈ।ਇਸ ਸਰਕਾਰੀ ਅਮਲੇ ਵਿੱਚ ਵੀ ਖਾਸ ਕਰ ਉਹ ਤਬਕਾ ਜਿੰਨ੍ਹਾਂ ਨੂੰ ਸਿਸਟਮ ਅੰਦਰ ਦੀਆਂ ਖਾਮੀਆਂ ਨੇ ਠੇਕੇਦਾਰੀ ਪ੍ਰਥਾ ਅੰਦਰ ਬਰਾਬਰ ਕੰਮ ਬਰਾਬਰ ਤਨਖਾਹ ਤਾਂ ਨਹੀਂ ਪਰੰਤੂ ਜਿਆਦਾ ਕੰਮ ਘੱੱਟ ਤਨਖਾਹ ਦੀ ਤਰਜ ਤੇ ਰੱਖਿਆ ਹੈ, ਤੇ ਇਹ ਅਮਲਾ ਜ਼ੋ ਸੇਵਾਵਾਂ ਨਿਭਾ ਰਿਹਾ ਹੈ, ਦੀ ਕਾਰਜਗੁਜਾਰੀ ਵੀ ਸ਼ਲਾਘਾਯੋਗ ਹੈ। ਜੇਕਰ ਗੱਲ ਕਰੀਏ ਸਿਹਤ ਅਮਲੇ ਦੀ ਤਾਂ ਹਜਾਰਾਂ ਦੀ ਗਿਣਤੀ ਵਿੱਚ ਸੂਬੇ ਅੰਦਰ ਕੋਰੋਨਾ ਯੋਧੇ ਕੋਰੋਨਾ ਗ੍ਰਸਤ ਹੋਏ ਅਤੇ ਕਈ ਇਸ ਲੜਾਈ ਨੂੰ ਸਰ ਕਰਨ ਦੀ ਜੱਦੋ ਜਹਿਦ ਵਿੱਚ ਸ਼ਹੀਦ ਹੋ ਗਏ। ਬੇਸ਼ੱਕ ਡਿਊਟੀ ਕਰਨਾ ਉਹਨਾਂ ਦਾ ਫਰਜ ਹੈ ਅਤੇ ਉਹ ਇਸ ਨੂੰ ਨਿਭਾ ਵੀ ਰਹੇ ਨੇ ਪ੍ਰੰਤੂ ਜੇਕਰ ਸਮਾਜ ਦੀ ਸੋਚ ਦਾ ਜਿਕਰ ਕਰੀਏ ਤਾਂ ਬਹੁਤਾਤ ਲੋਕ ਸਰਕਾਰੀ ਅਮਲੇ ਨੂੰ ਹਮੇਸ਼ਾਂ ਕੋਸਦਾ ਹੀ ਨਜਰ ਆ ਰਿਹਾ ਹੈ।

18 ਤੋਂ 24 ਘੰਟੇ ਲਗਾਤਾਰ ਬਿਨਾਂ ਰੁਕੇ ਅਰਾਮ ਕਰੇ ਕੀਤੀਆਂ ਡਿਊਟੀਆਂ ਤੋਂ ਇਲਾਵਾ ਟੈਸਟ, ਇਲਾਜ, ਇਕਾਂਤਵਾਸ ਅਤੇ ਅੰਤਿਮ ਸੰਸਕਾਰ ਤੱਕ ਦਾ ਫਰਜ ਇਹ ਅਮਲਾ ਅਦਾ ਕਰ ਰਿਹਾ ਹੈ। ਮੈਨੂੰ ਯਾਦ ਹੈ ਪਹਿਲੇ ਕੋਰੋਨਾਂ ਦੋਰ ਦੋਰਾਨ ਜਦ ਆਮ ਲੋਕਾਂ ਵਿੱਚ ਅੱਤ ਦਾ ਸਹਿਮ ਸੀ ਓਦੋਂ ਇਹੀ ਅਮਲਾ ਬਿਨਾਂ ਕਿਸੇ ਡਰ ਦੀ ਪਰਵਾਹ ਕੀਤੇ ਉਸ ਬੀਮਾਰੀ ਨਾਲ ਲੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੇ ਬਾਰੇ ਦੁਨੀਆਂ ਭਰ ਦੇ ਵਿਿਗਆਨੀ ਬੇਬਸ ਸਨ, ਲਾਚਾਰ ਸਨ। ਸ਼ੋਸ਼ਲ ਮੀਡੀਆ ਤੇ ਅਕਸਰ ਦੇਖ ਲਓ ਕਿਸੇ ਵੀ ਜਗ੍ਹਾ ਤੇ ਬਹੁਤਾਤ ਇਹੀ ਮਿਲੇਗੀ ਕਿ ਸਾਨੂੰ ਆਹ ਸ਼ਿਕਾਇਤ ਹੈ, ਓਹ ਸ਼ਿਕਾਇਤ ਹੈ। ਕੀ ਕਦੇ ਕਿਸੇ ਨੇ ਉਹਨਾਂ ਕੋਲੋਂ ਜਾ ਕੇ ਪੁੱਛਿਆ ਕਿ ਉਹਨਾਂ ਨੂੰ ਕੀ ਸ਼ਿਕਾਇਤ ਹੈ, ਉਹਨਾਂ ਦੀ ਮਾਨਸਿਕ ਸਥਿਤੀ ਕੀ ਹੈ।

ਕੋਈ ਐਤਵਾਰ ਨਹੀਂ, ਕੋਈ ਗਜਟਿਡ ਛੁੱਟੀ ਨਹੀਂ, ਬਸ ਹਰ ਵਕਤ ਕੰਮ ਤੇ ਸਿਰਫ ਕੰਮ। ਜ਼ਵਾਬਦੇਹੀ ਫਿਕਸ ਹੈ ਜਨਾਬ। ਪਰ ਕੀ ਸਮਾਜ ਦੀ ਕੋਈ ਜਿੰਮੇਵਾਰੀ ਨਹੀਂ ਆਮ ਲੋਕਾਂ ਦਾ ਕੋਈ ਫਰਜ ਨਹੀ। ਇੱਕ ਗਲਤੀ ਪਿੱਛੇ ਸਾਰੇ ਵਿਭਾਗ ਦਾ ਅਕਸ ਮਲੀਆ ਮੇਟ ਕਰਨਾ ਕੀ ਸਾਡੀ ਸੰਜੀਦਗੀ ਦਰਸਾਂਉਦਾ ਹੈ। ਸਿਹਤ ਕਾਮਿਆਂ ਨਾਲ ਕੁੱਟਮਾਰ ਅਤੇ ਮਾੜਾ ਵਿਵਹਾਰ ਕੀ ਇਹੀ ਸਮਾਜ ਦਾ ਨਜਰੀਆ ਰਹਿ ਗਿਆ। ਖਾਸ ਕਰ ਉਦੋਂ ਜਦੋਂ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਨੇ ਦਰਵਾਜੇ ਬੰਦ ਕਰ ਲਏ ਜਾਂ ਉਹਨਾਂ ਦੇ ਲੱਖਾਂ ਦੇ ਬਿੱਲਾਂ ਤੋਂ ਡਰਦਿਆਂ ਸਰਕਾਰੀ ਹਸਪਤਾਲਾਂ ਵਿੱਚ ਅਸੀਂ ਆਪਣਾ ਹੱਕ ਸਮਝ ਕੇ ਇਲਾਜ ਕਰਵਾਉਣ ਲਈ ਪਹੁੰਚੇ, ਤੇ ਸਾਨੂੰ ਇਲਾਜ ਮਿਿਲਆ ਵੀ।ਇਸ ਕੰਮ ਵਿੱਚ ਉਹਨਾਂ ਸਿਹਤ ਕਾਮਿਆਂ ਨੂੰ ਜਰੂਰ ਉਦੋਂ ਸਕੂਨ ਮਿਲਦਾ ਹੋਵੇਗਾ ਜਦੋਂ ਕੋਈ ਸਮਾਜ ਸੈਵੀ ਸੰਸਥਾ ਜਾਂ ਵਿਭਾਗ ਦੇ ਅਧਿਕਾਰੀ ਇਹਨਾਂ ਸਿਹਤ ਕਾਮਿਆਂ ਦੀਆਂ ਸੇਵਾਵਾਂ ਲਈ ਉਹਨਾਂ ਦਾ ਮਾਣ ਸਤਿਕਾਰ ਕਰਦੀਆਂ ਨਜਰ ਆਂਉਦੀਆਂ ਹਨ।

ਇੱਕ ਗੱਲ ਜਰੂਰ ਗੋਰਤਲਬ ਹੈ ਕਿ ਜੇਕਰ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਸਿਸਟਮ ਨਾਲ ਕਰੋ, ਕਮੀਆਂ ਹਰ ਸਿਸਟਮ ਵਿੱਚ ਨੇ, ਹਰ ਵਿਭਾਗ ਵਿੱਚ ਨੇ, ਉੱਤਮ ਕੋਈ ਵੀ ਨਹੀਂ ਪਰ ਹਾਂ ਉੱਤਮ ਬਣਨ ਦੀ ਕੋਸ਼ਿਸ਼ ਜਰੂਰ ਜਾਰੀ ਹੈ। ਇੱਕ ਛੋਟੀ ਜਿਹੀ ਉਦਹਾਰਨ ਹੈ ਕਿ ਜਦ ਸਿਹਤ ਵਿਭਾਗ ਦੇ ਕਾਮੇ ਸੈਂਪਲ ਲਈ ਜਾਂ ਸਾਵਧਾਨੀਆਂ ਵਰਤਣ ਲਈ ਕਹਿੰਦੇ ਨੇ ਤਾਂ ਕਈ ਸਵਾ-ਸਿਆਣੇ ਆਪਣੇ ਆਪ ਨੂੰ ਜਿਆਦਾ ਸਿਆਣਾ ਹੋਣ ਦਾ ਮਾਣ ਕਰਦੇ ਕਹਿੰਦੇ ਸਨ ਕਿ ਕੋਰੋਨਾ ਹੈ ਹੀ ਨਹੀਂ, ਤੇ ਹੁਣ ਜਦ ਦੂਜੇ ਪੜਾਅ ਨੇ ਲਾਸ਼ਾਂ ਦੇ ਸੰਸਕਾਰ ਲਈ ਜਗ੍ਹਾ ਥੌੜੀ ਪਾ ਦਿੱਤੀ ਤਾਂ ਸ਼ਾਇਦ ਉਹਨਾਂ ਦੇ ਸਾਰੇ ਵਹਿਮ ਦੂਰ ਹੋ ਗਏ ਹੋਣਗੇ। ਦੋਸ਼ੀ ਸਿਹਤ ਵਿਭਾਗ ਦੇ ਕਾਮੇ ਕਿੱਥੇ ਸਿਹਤ ਵਿਭਾਗ ਦੇ ਕਾਮੇ ਜਦ ਸੈਂਪਲ ਲੈਣ ਲਈ ਜਾਂਣ ਤਾਂ ਸੱਭ ਇੱਦਾ ਭਜਦੇ ਨੇ ਜਿੱਦਾਂ ਉਹਨਾਂ ਦਾ ਕੋਈ ਨਿੱਜੀ ਸਵਾਰਥ ਹੋਵੇ,ਤੇ ਕਈ ਥਾਵਾਂ ਤੇ ਤਾਂ ਹੱਦ ਹੀ ਹੋ ਜਾਂਦੀ ਅੱਗਿਓ ਲੋਕ ਹਿੰਸਾ ਤੇ ਉਤਾਰੂ ਹੋ ਜਾਂਦੇ, ਪੁਲਿਸ ਤੱਕ ਦੀ ਮਦਦ ਲੈਣੀ ਪਂੈਦੀ। ਜਦ ਵਿਭਾਗ ਟੀਕਾਕਰਨ ਲਈ ਮਿੰਨਤਾਂ ਕਰਦਾ ਸੀ ਤਾਂ ਉਦੋਂ ਟੀਕਾਕਰਨ ਦੇ ਨਾਮ ਤੇ ਅਫਵਾਹਾਂ ਫੈਲਾਈਆਂ ਗਈਆਂ ਇਸ ਵਿੱਚ ਵੀ ਦੋਸ਼ੀ ਸਿਹਤ ਵਿਭਾਗ ਦੇ ਕਾਮੇ ਕਿੱਥੇ ਹੁਣ ਜਦ ਹਰ ਸਿਹਤ ਕਾਮਾ ਕੰਮ ਦੇ ਬੋਝ ਅੰਦਰ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਤੇ ਕਿਸੇ ਸਿਹਤ ਸੇਵਾ ਵਿੱਚ ਕਿਸੇ ਕਿਸਮ ਦੀ ਉਣਤਾਈ ਰਹਿ ਵੀ ਜਾਂਦੀ ਹੈ ਤਾਂ ਉਸਨੂੰ ਸਮਝਣ ਦੀ ਬਜਾਏ ਸਮਾਜ ਦਾ ਵਤੀਰਾ ਇੰਨਾਂ ਮਾੜਾ ਤੇ ਨਫਰਤ ਭਰਿਆ ਕਿਉਂ ਜੇਕਰ ਤੁਹਾਡੇ ਅੰਦਰ ਖੁਦ ਨੂੰ ਅਤੇ ਕਿਸੇ ਪਰਿਵਾਰਕ ਮੈਂਬਰ ਦੇ ਕੋਰੋਨਾ ਪਾਜਿਿਟਵ ਆਉਣ ਦਾ ਡਰ ਹੈ ਤਾਂ ਸੋਚੋ ਉਹਨਾਂ ਅੰਦਰ ਕਿੰਨ੍ਹਾਂ ਹੋਵੇਗਾ ਕੀ ਉਹਨਾਂ ਦਾ ਪਰਿਵਾਰ ਨਹੀਂ ਕੀ ਉਹਨਾਂ ਦਾ ਸਮਾਜ ਨਹੀਂ। ਸ਼ਾਇਦ ਜਰੂਰਤ ਹੈ ਸਾਡੇ ਸਮਾਜ ਨੂੰ ਸਵੈ-ਪੜਚੋਲ ਕਰਨ ਦੀ।