ਮੁੜ੍ਹਕੇ ਦੇ ਮੋਤੀਓ

0
19693

ਆ ਗਿਆ ਹੈ ਮਈ ਦਿਹਾੜਾ
ਕਿਰਤੀਆਂ ਦਾ ਸੁਪਨ ਸੂਹਾ ਰੱਤ ਰੰਗਿਆ
ਬਣ ਗਿਆ ਕੌਮਾਂਤਰੀ ਤਿਉਹਾਰ ਜਿੱਦਾਂ।

ਕੰਮ ਦੇ ਘੰਟੇ ਅਠਾਰਾਂ
ਆਦਮੀ ਹਾਂ ਨਾ ਮਸ਼ੀਨ
ਨੀਲੇ ਅੰਬਰ ਦੀ ਗਵਾਹੀ
ਪੈਰਾਂ ਥੱਲੇ ਹੈ ਜ਼ਮੀਨ
ਦੁਨੀਆਂ ਭਰ ਦੇ ਮੇਹਨਤਕਸ਼ੋ
ਉੱਠੋ ਜਾਗੋ ਕਹਿ ਰਿਹਾ ਮੁੜ ਕੇ ਸ਼ਿਕਾਗੋ।

ਸੁਣੋ ਲਵੋ ਮੁੜ ਕੇ ਸ਼ਿਕਾਗੋ ਦੀ ਪੁਕਾਰ
ਕਰ ਰਹੇ ਸੰਗਰਾਮ ਯੋਧੇ
ਦੇ ਰਹੇ ਸਾਨੂੰ ਲਲਕਾਰ।
ਥੋੜ ਤੰਗੀ ਦੇ ਰਹੀ ਮੁੜ ਮੁੜ ਵੰਗਾਰ

ਅੱਠ ਘੰਟੇ ਫਿਰ ਨੇ ਬਾਰਾਂ ਬਣਨ ਵਾਲੇ।
ਲੱਭ ਲਿਆਉ ਓਹੀ ਮੁੱਕੇ ਤਣਨ ਵਾਲੇ।
ਆਓ ਰਲ ਸਾਰੇ ਦੁਬਾਰਾ
ਮੁੜ ਇਤਿਹਾਸ ਨੂੰ ਫਰੋਲੀਏ।

ਉਹ ਜੋ ਸਿਰਲੱਥ ਯੋਧੇ
ਪਾ ਗਏ ਸੀ ਸ਼ਹਾਦਤਾਂ
ਕੂਕ ਕੂਕ ਕੇ ਕਹਿ ਰਹੇ
ਪੂੰਜੀਪਤੀ ਹਰ ਦੌਰ ਵਿੱਚ ਹੀ
ਚੱਲਦੇ ਨੇ ਕੋਝੀ ਚਾਲ।

ਦੇ ਗਏ ਆਪਣੀ ਆਹੂਤੀ
ਜਾਨ ਵੀ ਕੁਰਬਾਨ ਕਰਕੇ।
ਸੂਹੇ ਪਰਚਮ ਵਿੱਚ ਦਮਕਣ
ਤਾਣ ਕਰਕੇ।

ਭੁੱਲ ਨਾ ਜਾਇਓ ਉਨ੍ਹਾਂ ਦੀ
ਸ਼ਾਨਾਂ ਮੱਤੀ ਘਾਲਣਾ।
ਯਾਦ ਵਿੱਚ ਰੱਤ ਪਾ ਕੇ ਦੀਵੇ ਬਾਲਣਾ।

ਜ਼ਿਹਨ ਅੰਦਰ ਆ ਰਹੇ
ਦਰਦ ਵਿੰਨੇ ਬੋਲ ਓਹੀ ਵਾਰ ਵਾਰ
ਕਿਰਤੀਓ! ਵੀਰੋ ਕਿਸਾਨੋ!
ਮੁੜ੍ਹਕਿਆਂ ਦੇ ਮੋਤੀਆਂ ਦੇ ਕਦਰਦਾਨੋ।
ਹਰ ਕਿਸੇ ਮੁਕਤੀ ਦਾ ਸਿਰਫ਼ ਏਕਾ ਹੈ ਰਾਹ
ਦੁਸ਼ਮਣਾਂ ਦੇਣਾ ਹੈ ਸਾਨੂੰ ਲੀਹੋਂ ਲਾਹ
ਪਰ ਨਹੀਂ ਖਾਣਾ ਵਿਸਾਹ।

ਫਾਂਸੀ ਤਖ਼ਤੇ ਝੂਲਦੇ ਵਰਿਆਮ
ਨੇ ਵੀ ਇਹ ਕਿਹਾ ਸੀ
ਆਵੇਗਾ ਉਹ ਵਕਤ
ਜਦ ਕਦੇ ਸ਼ਬਦਾਂ ਤੋਂ ਵੱਧ ਕੇ
ਬੋਲੇਗੀ ਸਾਡੀ ਚੁੱਪ ਹੀ ਲਗਾਤਾਰ
ਇਹ ਬਣੇਗੀ ਤੇਜ਼ ਧਾਰ
ਅਣਦਿਸਦਾ ਕਾਰਗਰ ਹਥਿਆਰ।

ਤਖ਼ਤ ਨਸ਼ੀਨ ਹਾਕਮ ਦੀ ਸੋਚ ਅੰਦਰ
ਉੱਗ ਪਿਆ ਹੈ ਫੇਰ ਜੰਗਲ।
ਬੰਨ੍ਹ ਕੇ ਵੀਰੋ ਲੰਗੋਟਾ ਲੜਿਓ ਦੰਗਲ।

ਇੱਕ ਸੋ ਛੱਤੀ ਸਾਲ ਪਹਿਲਾਂ
ਮਿਲੇ ਹੱਕਾਂ ਦਾ ਨਾ ਮੁੜ ਕੇ ਹੋਵੇ ਘਾਣ
ਦੁਸ਼ਮਣਾਂ ਦੀ ਚਾਲ ਨੂੰ ਤੂੰ ਪਛਾਣ।
ਲਾ ਰਿਹਾ ਸਰਮਾਇਆ ਮੁੜ ਕੇ ਪੂਰਾ ਤਾਣ
ਛੇੜ ਤੂੰ ਹੱਕ ਦੀ ਲੜਾਈ
ਮੁੜ ਕੇ ਭਾਈ ਘਮਾਸਾਣ।
ਸਦੀਆਂ ਤੋਂ ਚਲਦੀ ਆ ਰਹੀ ਉਸ ਰੀਤ ਨੂੰ
ਛੇੜ ਓਸੇ ਗੀਤ ਨੂੰ।

ਮਿੱਟੀ ਦੇ ਪੁੱਤਰਾ ਤੂੰ ਮੁੜ ਕੇ ਸਾਜ਼ ਬਣ।
ਦਰਦਮੰਦਾਂ ਦਾ ਜੈਕਾਰਾ ‘ਵਾਜ਼ ਬਣ।

ਹੱਕ ਹਾਸਿਲ ਕਰਨ ਲਈ
ਜੀਣ ਖ਼ਾਤਰ ਮਰਨ ਲਈ
ਆਵਾਜ਼ ਉਠਾਉਣੀ ਪੈ ਰਹੀ
ਸਿਰ ਨਾ ਨੀਵਾਂ ਕਰ ਕਦੇ ਬਲਵਾਨ ਬਣ।
ਜਬਰ ਜ਼ੁਲਮ ਝਲਦਿਆ
ਆਪਣਾ ਤੂੰ ਆਪ ਹੀ ਸੁਲਤਾਨ ਬਣ।

ਯਾਦ ਰੱਖਣਾ ਰੁਜ਼ਗਾਰ ਲਈ
ਕਿਰਤ ਦੇ ਰਖਵਾਲਿਆਂ ਨੂੰ
ਘਰ ਵਾਪਸੀ ਲਈ ਸਹਿਕਦੇ
ਪੈਰਾਂ ਚ ਪਇਆਂ ਛਾਲਿਆਂ ਨੂੰ।

ਰੋਜ਼ੀ ਗਵਾ ਪੱਲੇ ਬੰਨ ਰੋਟੀਆਂ
ਤੁਰੇ ਸੀ ਪੈਦਲ ਕੋਹਾਂ ਲੰਬੇ ਪੈਂਡੱ
ਚੇਤੇ ਰੱਖਿਓ ਭੁੱਲ ਨਾ ਜਾਇਓ
ਰੇਲ ਦੀ ਪਟੜੀ ਤੇ
ਖਿਲਰੀਆਂ ਲਾਸ਼ਾਂ ਤੇ ਸੁੱਕੀਆਂ ਰੋਟੀਆਂ
ਸੁਪਨਿਆਂ ਦੀਆਂ ਬੋਟੀਆਂ।

ਵਕਤ ਦੀ ਸਮਝੋ ਨਜ਼ਾਕਤ
ਫੇਰ ਵੈਰੀ ਕਰ ਹਮਾਕਤ
ਚਾਹੁੰਦਾ ਹੈ ਸਾਡੀ ਹਸਤੀ ਮੇਟਣਾ।
ਆਓ ਕਰੀਏ ਨਿਸ਼ਾਨਦੇਹੀ
ਬੇਗੈਰਤ ਜ਼ਿੰਦਗੀ ਜੋ ਨਹੀਂ ਹੈ
ਜੀਉਣ ਯੋਗ
ਕੌਣ ਹੈ ਇਸ ਦੁਰਦਸ਼ਾ ਲਈ
ਜ਼ੁੰਮੇਵਾਰ।
ਨਿਧੜਕ ਹੋ ਚੁੱਕੀਏ ਕਦਮ
ਕਲਮ ਵੀ ਤਾਂ ਹੈ ਹਥਿਆਰ।

ਬਾਬੇ ਨਾਨਕ ਦੇ ਗਿਰਾਈਂ
ਭਾਈ ਲਾਲੋ ਫਿਰ ਖੁਆਰ
ਯਾਦ ਕਰੋ ਸਰਬ ਸਾਂਝੇ ਸਰੋਕਾਰ।

ਕਿਰਤੀਆਂ ਦੇ ਰਾਜ ਦਾ ਹੀ
ਤਾਂ ਲਿਆ ਸੀ ਭਗਤ ਸਿੰਘ ਵੀਰੇ ਨੇ ਖ਼ਾਬ
ਕਿੱਥੇ ਹੈ ਸੁਪਨੇ ਦੀ ਦਾਬ?

ਮਾਣ ਸਕੇ ਨਾ ਕਦੇ
ਉਸ ਅਜ਼ਾਦੀ ਦਾ ਸਵਾਦ।

ਸਿਆਸਤਾਂ ਦੇ ਰੰਗ ਬਦਲੇ
ਢੰਗ ਨਾ ਬਦਲੇ
ਪਰ ਨਾ ਬਦਲੀ ਸੋਚ ਹੀ
ਕਾਲਾ ਦੌਰ
ਫਿਰ ਦਨਦਨਾਉਂਦਾ ਆ ਰਿਹਾ
ਦੰਭੀ ਹਾਕਮ
ਧਨਵਕੁਬੇਰਾਂ ਨਾਲ ਯਾਰੀ
ਪੁਗਾਉਂਦਾ ਜਾ ਰਿਹਾ
ਬਦਲ ਕੇ ਕਾਨੂੰਨ ਸਾਰੇ
ਕਿਰਤੀਆਂ ਦਾ ਖ਼ੂਨ ਚੂਸਣ ਦੇ
ਹੋ ਰਹੇ ਨੇ ਮਸ਼ਵਰੇ

ਸਦੀਆਂ ਤੋਂ ਮਿਲੇ ਹੱਕਾਂ ਨੂੰ ਖੋਹਣ
ਲਈ ਹੋ ਰਹੀਆਂ ਤਦਬੀਰਾਂ ਤਿਆਰ
ਵਿਤਕਰੇਬਾਜ਼ੀ, ਬੇਇਨਸਾਫ਼ੀ,
ਧਨ ਦੀ ਕਾਣੀ ਵੰਡ
ਤੁਹਾਡੀ ਬੁਜ਼ਦਿਲੀ ਦੀ ਸਿਖ਼ਰ
ਜੇ ਅੱਜ ਵੀ ਨਾ ਜਾਣੇ
ਅੱਜ ਵੀ ਨਾ ਸਮਝੇ
ਜਾਗੋ ਮਜ਼ਦੂਰੋ, ਜਾਗੋ ਕਿਸਾਨੋ
ਕਾਲੇ ਸਿਆਹ ਹਨ੍ਹੇਰਿਆਂ ਚੋਂ
ਰਾਹ ਤਲਾਸ਼ਣ ਦੇ ਗੁਰ
ਦੱਸ ਰਿਹਾ ਉਹ ਅਜ਼ੀਮ ਸੰਘਰਸ਼
ਹੌਂਸਲਾ ਦੇ ਰਿਹਾ ਸ਼ਿਕਾਗੋ l
ਕੁਰਬਾਨੀਆਂ ਨੂੰ ਸਿਜਦਾ
ਕਰਨਾ ਹੀ ਨਹੀਂ ਕਾਫ਼ੀ
ਸ਼ਹੀਦਾਂ ਦੇ ਆਦਰਸ਼ਾਂ
ਨੂੰ ਬਚਾਉਣ ਦੀ ਘੜੀ ਹੈ ਆ ਗਈ।

?

ਨਵਜੋਤ ਕੌਰ (ਡਾ:)
ਪ੍ਰਿੰਸੀਪਲ
ਲਾਇਲਪੁਰ ਖ਼ਾਲਸਾ ਕਾਲਿਜ ਫਾਰ ਵਿਮੈੱਨ, ਜਲੰਧਰ