ਜਲੰਧਰ | ਨਾਜਾਇਜ਼ ਕਲੋਨੀਆਂ ‘ਤੇ ਸ਼ਿਕੰਜਾ ਕੱਸਦਿਆਂ ਜਲੰਧਰ ਡਿਵੈਲਪਮੈਂਟ ਅਥਾਰਟੀ ਵੱਲੋਂ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਨਾਲ ਸਬੰਧਤ 92 ਅਜਿਹੀਆਂ ਕਲੋਨੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਜੇਡੀਏ ਦੇ ਮੁੱਖ ਪ੍ਰਸ਼ਾਸਕ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਨਾਜਾਇਜ਼ ਕਲੋਨੀਆਂ ਖ਼ਿਲਾਫ਼ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਹੁਣ ਤੱਕ ਪੁਲਿਸ ਵਿਭਾਗ ਵੱਲੋਂ 19 ਨਾਜਾਇਜ਼ ਕਲੋਨੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਅਪਰਾਧ ਵਿੱਚ ਸ਼ਾਮਲ ਲੋਕਾਂ ਦੀ ਪਹਿਚਾਨ ਕੀਤੀ ਗਈ ਅਤੇ ਪੁਲਿਸ ਵੱਲੋਂ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ।
ਜਲੰਧਰ ਡਿਵੈਪਲਮੈਂਟ ਅਥਾਰਟੀ ਦੀ ਸ਼ਿਕਾਇਤ ‘ਤੇ ਵੱਖ-ਵੱਖ ਥਾਣਿਆਂ ਵਿਚ (ਅਮੈਂਡਮੈਂਟ) ਆਫ਼ ਦਿ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 (ਸੋਧ ਐਕਟ 2014) ਦੀ ਧਾਰਾ 3, 5, 8, 9, 14 (2), 15, 18, 21, ਅਤੇ 36 ਤਹਿਤ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਜੇਡੀਏ ਦੇ ਮੁੱਖ ਪ੍ਰਸ਼ਾਸਕ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਕਾਰਵਾਈਆਂ ਕੀਤੀਆਂ ਜਾਣਗੀਆਂ ਕਿਉਂਕਿ ਜੇਡੀਏ ਵੱਲੋਂ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਨਾਲ ਸਬੰਧਤ 92 ਨਾਜਾਇਜ਼ ਕਲੋਨੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ। ਇਨ੍ਹਾਂ ਕਲੋਨੀਆਂ ਵਿੱਚ ਜਲੰਧਰ ਜ਼ਿਲ੍ਹੇ ਦੀਆਂ 59, ਕਪੂਰਥਲਾ ਦੀਆਂ 3 ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 30 ਕਲੋਨੀਆਂ ਸ਼ਾਮਲ ਹਨ।
ਪੁਲਿਸ ਵਿਭਾਗ ਵੱਲੋਂ ਜਿਨ੍ਹਾਂ 19 ਕਲੋਨੀਆਂ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ ਵਿੱਚ ਪਿੰਡ ਭੋਜੋਵਾਲ ਵਿੱਚ ਗੋਲਡ ਸਿਟੀ, ਲਿਧੜਾਂ ਵਿੱਚ ਪੈਨੀ ਇਨਕਲੇਵ, ਸੁਰਜੀਤ ਉਦਯੋਗ ਨਗਰ ਰਾਏਪੁਰ ਪਿੰਡ, ਏ-ਵਨ ਏਨਕਲੇਵ ਪਿੰਡ ਲਾਡੋਆ, ਸੰਜੇ ਅਰੋੜਾ ਪਿੰਡ ਚੌਗਾਵਾਂ, ਧਾਲੀਵਾਲ ਕਲੋਨੀ ਪਿੰਡ ਧਾਲੀਵਾਲ, ਰੈਜ਼ੀਡੈਂਸ਼ੀਅਲ ਕਲੋਨੀ ਪਿੰਡ ਨਾਹਲ, ਰਿਹਾਇਸ਼ੀ ਕਲੋਨੀ ਪਿੰਡ ਭੋਗਪੁਰ, ਹੁਸੈਨ ਐਵੀਨਿਊ ਪਿੰਡ ਚਾਮੋ, ਧਾਲੀਵਾਲ ਇਨਕਲੇਵ ਪਿੰਡ ਧਾਲੀਵਾਲ, ਲਿਧੜਾਂ ਕਲੋਨੀ ਪਿੰਡ ਲਿਧੜਾਂ, ਨਿਊ ਗ੍ਰੀਨ ਸਿਟੀ ਪਿੰਡ ਫੋਲੜੀਵਾਲ, ਅਕਾਸ਼ ਇਨਕਲੇਵ ਪਿੰਡ ਵਡਾਲਾ, ਹੈਪੀ ਕਲੋਨੀ ਪਿੰਡ ਜਮਸ਼ੇਰ, ਹਜਾਰਾਂ ਇਨਕਲੇਵ ਪਿੰਡ ਫੋਲੜੀਵਾਲ, ਗ੍ਰੀਨ ਸਿਟੀ ਪਿੰਡ ਫੋਲੜੀਵਾਲ, ਜਮਸ਼ੇਰ ਕਲੋਨੀ ਪਿੰਡ ਜਮਸ਼ੇਰ, ਐਸਐਲਟੀ ਵਿਲੇਜ ਐਕਸਟੈਸ਼ਨਲ ਪਿੰਡ ਫੋਲੜੀਵਾਲ ਅਤੇ ਗੁਰੂਨਾਨਕ ਵਿਲੇਜ ਕੁੱਕੜ ਪਿੰਡ ਸ਼ਾਮਲ ਹਨ।