ਹੁਣ ਲੋਕ ਨਹੀਂ ਹੋਣਗੇ ਪਰੇਸ਼ਾਨ, ਜਲੰਧਰ ‘ਚ ਸਿਰਫ ਇਨ੍ਹਾਂ 9 ਥਾਵਾਂ ‘ਤੇ ਹੀ ਲਗਾਏ ਜਾ ਸਕਦੇ ਹਨ ਧਰਨੇ

0
888

ਜਲੰਧਰ | ਮੰਗਾ ਨੂੰ ਲੈ ਕੇ ਰੋਜਾਨਾ ਲੱਗਣ ਵਾਲੇ ਧਰਨਿਆਂ ਤੋਂ ਹੁਣ ਜਲੰਧਰ ਦੇ ਲੋਕਾਂ ਨੂੰ ਰਾਹਤ ਮਿਲੇਗੀ। ਡਿਪਟੀ ਕਮਿਸ਼ਨਰ ਨੇ ਧਰਨਾ ਦੇਣ ਲਈ 9 ਥਾਵਾਂ ਤੈਅ ਕਰ ਦਿੱਤੀਆਂ ਹਨ। ਇਨ੍ਹਾਂ ਥਾਵਾਂ ਤੋਂ ਇਲਾਵਾ ਹੁਣ ਹੋਰ ਕਿਸੇ ਥਾਂ ‘ਤੇ ਧਰਨਾ ਨਹੀਂ ਲਗਾਇਆ ਜਾ ਸਕੇਗਾ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਾਂਤਮਈ ਧਰਨਿਆਂ ਲਈ ਥਾਵਾਂ ਦੀ ਚੋਣ ਬਹੁਤ ਹੀ ਸੋਚ ਵਿਚਾਰ ਮਗਰੋਂ ਕੀਤੀ ਗਈ ਹੈ। ਹੁਣ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਾਂ ਸੰਸਥਾਵਾਂ ਵਲੋਂ ਰੋਸ ਵਿਖਾਵਿਆਂ ਦੌਰਾਨ ਆਮ ਜਨ ਜੀਵਨ ਪ੍ਰਭਾਵਿਤ ਨਹੀਂ ਹੋਵੇਗਾ।

ਇੱਥੇ ਲਗ ਸਕਦੇ ਹਨ ਧਰਨੇ

-ਪੁੱਡਾ ਗਰਾਊਂਡ (ਤਹਿਸੀਲ ਕੰਪਲੈਕਸ ਦੇ ਸਾਹਮਣੇ)
-ਦੇਸ਼ ਭਗਤ ਯਾਦਗਾਰ ਹਾਲ
-ਬਰਲਟਨ ਪਾਰਕ
-ਦੁਸਹਿਰਾ ਗਰਾਊਂਡ ਜਲੰਧਰ ਕੈਂਟ
-ਇੰਪਰੂਵਮੈਂਟ ਟਰੱਸਟ ਗਰਾਊਂਡ ਕਰਤਾਰਪੁਰ
-ਦਾਣਾ ਮੰਡੀ ਭੋਗਪੁਰ
-ਕਪੂਰਥਲਾ ਰੋਡ
-ਨਕੋਦਰ ਪੱਛਮੀ ਪਾਸਾ
-ਦਾਣਾ ਮੰਡੀ ਪਿੰਡ ਸੈਫ਼ਾਵਾਲਾ (ਫਿਲੌਰ)
-ਨਗਰ ਪੰਚਾਇਤ ਕੰਪਲੈਕਸ (ਸ਼ਾਹਕੋਟ)

ਡੀਸੀ ਨੇ ਕਿਹਾ- ਇਹ ਸਥਾਨ ਕੇਵਲ ਸ਼ਾਂਤਮਈ ਧਰਨਿਆਂ ਲਈ ਹੀ ਨਿਰਧਾਰਤ ਕੀਤੇ ਗਏ ਹਨ। ਪ੍ਰਦਰਸ਼ਨਕਾਰੀਆਂ ਨੂੰ ਧਰਨੇ ਤੋਂ ਪਹਿਲਾਂ ਕਮਿਸ਼ਨਰ ਪੁਲਿਸ ਜਾਂ ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਪ੍ਰਵਾਨਗੀ ਲੈਣੀ ਹੋਵੇਗੀ।

ਧਰਨੇ ਦੌਰਾਨ ਧਰਨਾ ਦੇਣ ਵਾਲੀ ਸੰਸਥਾਂ/ਪਾਰਟੀ ਨੂੰ ਇਹ ਲਿਖਤੀ ਦੇਣਾ ਪਵੇਗਾ ਕਿ ਇਹ ਧਰਨਾ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਹੋਵੇਗਾ। ਇਸੇ ਤਰ੍ਹਾਂ ਧਰਨੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਕਾਰਜ ਕਾਰਨ ਹੋਣ ਵਾਲੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੂਰਤੀ ਵੀ ਉਨ੍ਹਾਂ ਨੂੰ ਹੀ ਕਰਨੀ ਪਵੇਗੀ।