ਕਹਾਣੀ – ਡਰ

0
5736

-ਜਿੰਦਰ

ਥੋੜੇ ਕੁ ਚਿਰ ਲਈ ਮੈਨੂੰ ਨੀਂਦ ਦੀ ਝਪਕੀ ਆਈ ਹੈ। ਇਕ ਚਿਹਰਾ ਦਿੱਸਦਾ ਹੈ। ਬੁਰੀ ਤਰ੍ਹਾਂ ਜ਼ਖ਼ਮੀ ਹੋਇਆ। ਲਹੂ ’ਚ ਲੱਥਪੱਥ। ….ਹੱਥ ਦਾ ਵੱਢਿਆ ਹੋਇਆ ਅੰਗੂਠਾ….। ਇਕ ਪਾਸੇ ਕੰਨ ਪਿਆ। ….ਇਕ ਹੋਰ ਪਾਸੇ ਗੁਟ। ….ਗੋਡੇ ਦੀ ਚੱਪਣੀ। ….ਫਿਰ ਇਹ ਚਿਹਰਾ ਅਜੈ ਦੀ ਸ਼ਕਲ ਅਖ਼ਤਿਆਰ ਕਰ ਲੈਂਦਾ ਹੈ। ਚੀਕਾਂ ਮਾਰਦਾ ਹੈ, ‘‘ਮੈਨੂੰ ਬਚਾਉ। ਕੋਈ ਹੈ ਤਾਂ ਮੈਨੂੰ ਬਚਾਉ।

ਬਚਾਉ…….ਬਚਾਉ…..ਬਚਾਉ…..।’’ ਮੈਂ ਆਲੇ ਦੁਆਲੇ ਹੱਥ ਮਾਰਦਾ ਹੋਇਆ ਉੱਠ ਬੈਠਦਾ ਹਾਂ। ਸ਼ਾਇਦ ਮੇਰੀ ਚੀਕ ਵੀ ਨਿਕਲ ਗਈ ਹੈ। ਮੇਰਾ ਇੱਕ ਹੱਥ ਜ਼ੋਰ ਦੀ ਮਨਜੀਤ ਦੀਆਂ ਛਾਤੀਆਂ ’ਤੇ ਲੱਗ ਗਿਆ ਹੈ। ਉਹ ਦਰਦ ਨਾਲ ’ਕੱਠੀ ਮੁੱਠੀ ਹੋ ਗਈ ਹੈ। ਖਿਝ ਨਾਲ ਕਹਿੰਦੀ ਹੈ, ‘‘ਕਮਲੇ ਹੋ ਗਏ ਹੋ।’’ ਖੱਬੀ ਛਾਤੀ ਨੂੰ ਫੜੀ-ਫੜੀ ਮੇਰੇ ਵੱਲ ਨੂੰ ਹੁੰਦੀ ਹੈ। ਮੇਰੇ ਤੇਜ਼ ਚਲਦੇ ਸਾਹਾਂ ਨੂੰ ਮਹਿਸੂਸਦਿਆਂ ਹੋਇਆਂ ਉਹ ਆਪਣੇ ਦਰਦ ਨੂੰ ਭੁੱਲ ਜਾਂਦੀ ਹੈ। ਉਹ ਘਬਰਾ ਜਾਂਦੀ ਹੈ। ਪੁੱਛਦੀ ਹੈ, ‘‘ਕੀ ਹੋਇਆ?’’ ‘‘ਕੁਸ਼ ਨ੍ਹੀਂ।’’ ਦੱਸਦਾ ਹਾਂ। ਉਹ ਫੇਰ ਪੁੱਛਦੀ ਹੈ, ‘‘ਤੁਹਾਡੇ ਦਿਲ ਦੀ ਧੜਕਣ ਦੱਸਦੀ ਆਂ ਕਿ ਤੁਸੀਂ ਡਰੇ ਹੋਏ ਹੋ।’’ ਮੈਂ ਹਨੇਰੇ ’ਚ ਚਹੁੰ ਪਾਸੀਂ ਨਜ਼ਰਾਂ ਘੁੰਮਾਉਂਦਾ ਹਾਂ। ਸਿਰ ’ਚ ਜ਼ੋਰ-ਜ਼ੋਰ ਦੀ ਉਂਗਲਾਂ ਫੇਰਦਾ ਹਾਂ। ਸੁਰਤ ਸੰਭਾਲਦਾ ਹਾਂ। ਪਹਿਲਾਂ ਨਾਲੋਂ ਕਾਇਮ ਹੁੰਦਾ ਹਾਂ। ਮੈਂ ਆਪਣੇ ਸੁਪਨੇ ਬਾਰੇ ਦੱਸਦਾ ਹਾਂ। ਉਹ ਟਿੳੂਬ ਜਗਾ ਦਿੰਦੀ ਹੈ। ਕਹਿੰਦੀ ਹੈ, ‘‘ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਸੌਣ ਲੱਗਿਆਂ ਸਿਰਹਾਣੇ ਵਾਲੇ ਪਾਸੇ ਜੁੱਤੀ ਮੂਧੀ ਮਾਰ ਲਿਆ ਕਰੋ। ਫੇਰ ਮਾੜੇ ਸੁਪਨੇ ਨ੍ਹੀਂ ਆਉਂਦੇ। ਇਹ ਤਰੀਕਾ ਮੈਨੂੰ ਮਾਤਾ ਜੀ ਨੇ ਦੱਸਿਆ ਸੀ। ਇਹਦੇ ਨਾਲ ਫਰਕ ਪੈਂਦਾ ਆ। ਮੇਰਾ ਤਾਂ ਚੇਤਾ ਮਾੜਾ। ਤੁਹਾਥੋਂ ਐਨਾ ਵੀ ਕੰਮ ਨ੍ਹੀਂ ਹੁੰਦਾ।’’ ਮੈਂ ਉਸ ਦੇ ਚਿਹਰੇ ਵੱਲ ਦੇਖਦਾ ਹਾਂ। ਉਹ ਡਰੀ ਹੋਈ ਹੈ। ਮੈਥੋਂ ਵੀ ਜ਼ਿਆਦਾ।

ਮੈਂ ਉਸਨੂੰ ਪੁੱਛਦਾ ਹਾਂ, ‘‘ਤੈਨੂੰ ਇਨ੍ਹੀਂ ਦਿਨੀਂ ਕਿਹੋ ਜਿਹੇ ਸੁਪਨੇ ਆਉਂਦੇ ਆ?’’

ਉਹ ਦੱਸਦੀ ਹੈ, ‘‘ਮੈਨੂੰ ਰਾਤੀਂ ਨ੍ਹੀਂ ਦਿਨੇ ਸੁਪਨੇ ਆਉਂਦੇ ਆ। ਅਜੀਬੋ ਗਰੀਬ। ਅੱਜ ਦੁਪਹਿਰ ਦਾ ਹੀ ਸੁਣ ਲਉ। ਮੇਰੀ ਮਾੜੀ ਕੁ ਝਪਕੀ ਲੱਗੀ ਸੀ ਕਿ ਆਹ ਸੁਪਨਾ ਆਇਆ ਸੀ….ਮੈਂ ਤੇ ਬਲਰਾਜ ਕਿਤੇ ਜਾ ਰਹੇ ਆਂ। ਅਗਲੇ ਸਟੇਸ਼ਨ ਤੋਂ ਅਜੈ ਵੀ ਗੱਡੀ ’ਚ ਆ ਚੜ੍ਹਦਾ ਆ। ਗੱਡੀ ਬਹੁਤ ਤੇਜ਼ ਜਾ ਰਹੀ ਆ। ਫੇਰ ਗੱਡੀ ਦੀ ਥਾਂ ਝੋਟਾ ਆ ਜਾਂਦਾ ਆ। ਸੰਨਤੋੜ ਦੌੜਦਾ। ਪਾਗਲ ਹੋਇਆ। ਮੈਂ ਚੀਕਾਂ ਮਾਰਦੀ ਆਂ। ਬਚਾਓ-ਬਚਾਓ। ਫੇਰ ਅਜੀਬ ਜਿਹਾ ਬੰਦਾ ਦਿੱਸਦਾ ਆ। ਉਹ ਦੇ ਹੱਥ ’ਚ ਹੋਰ ਹੀ ਤਰ੍ਹਾਂ ਦਾ ਤੇਜ਼ ਜਿਹਾ ਹਥਿਆਰ ਆ। ਉਹ ਰਾਖ਼ਸ਼ਾਂ ਵਾਂਗੂ ਹੱਸਦਾ ਆ। ਅਜੈ ਤੇ ਬਲਰਾਜ ਨੂੰ ਖਾਣ ਲਈ ਆਪਣਾ ਮੂੰਹ ਖੋਲ੍ਹਦਾ ਆ। ਮੇਰੀ ਚੀਕ ਨਿਕਲ ਜਾਂਦੀ ਆ। ਫੇਰ ਮੇਰੀ ਅੱਖ ਖੁੱਲ੍ਹ ਜਾਂਦੀ ਆ। ਮੁੜ ਕੇ ਨੀਂਦ ਨ੍ਹੀਂ ਆਉਂਦੀ। ਇਹ ਪਤਾ ਨ੍ਹੀਂ ਕਿਉਂ ਹੁੰਦਾ।’’

ਅਕਸਰ ਹੀ ਮੈਨੂੰ ਅਜਿਹੇ ਸੁਪਨੇ ਆਉਂਦੇ ਹਨ। ਕਈ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ੳੂਟ ਪਟਾਂਗ ਜਿਹੇ। ਕਈ ਥਾਵਾਂ ਮੇਰੀਆਂ ਦੇਖੀਆਂ ਹੁੰਦੀਆਂ ਹਨ। ਕਈ ਨਹੀਂ। ਕਈ ਚਿਹਰਿਆਂ ਨੂੰ ਮੈਂ ਜਾਣਦਾ ਹਾਂ। ਕਈਆਂ ਨੂੰ ਬਿਲਕੁਲ ਹੀ ਨਹੀਂ। ਪਰ ਇਕ ਗੱਲ ਅਵੱਸ਼ ਹੈ ਕਿ ਇਨ੍ਹਾਂ ’ਚ ਇਕ ਅੱਧ ਨੌਜਵਾਨ ਹੁੰਦਾ ਹੈ ਜਿਸ ਦੀ ਸ਼ਕਲ ਅਜੈ ਜਾਂ ਬਲਰਾਜ ਨਾਲ ਜਾ ਮਿਲਦੀ ਹੈ। ਮੈਨੂੰ ਯਕਦਮ ਜਾਗ ਆ ਜਾਂਦੀ ਹੈ। ਫੇਰ ਕਿੰਨਾ ਚਿਰ ਨੀਂਦ ਨਹੀਂ ਆਉਂਦੀ। ਮੈਂ ਆਪਣੇ ਮਾੜੇ ਸੁਪਨਿਆਂ ਬਾਰੇ ਮਨਜੀਤ ਨੂੰ ਬਹੁਤ ਘੱਟ ਦੱਸਦਾ ਹਾਂ। ਉਹ ਵੀ ਨਹੀਂ ਦੱਸਦੀ। ਪਿਛਲੇ ਕੁਝ ਸਾਲਾਂ ਤੋਂ ਉਹ ਵੀ ਮੇਰੇ ਵਾਂਗ ਭਰਵੀਂ ਨੀਂਦ ਨਹੀਂ ਸੌਂਦੀ। ਮੈਂ ਇਕ ਦਿਨ ਉਹਨੂੰ ਇਸ ਬਾਰੇ ਪੁੱਛਿਆ ਸੀ ਤਾਂ ਉਸ ਆਪਣੀ ਚਿੰਤਾ ਜ਼ਾਹਿਰ ਕੀਤੀ ਸੀ, ‘‘ਮੁੰਡੇ ਸੈੱਟ ਹੋ ਜਾਣ। ਵਿਆਹੇ ਜਾਣ। ਸਾਡੀ ਚਿੰਤਾ ਮੁੱਕ ਜਾਵੇਗੀ। ਆਪਣੇ ਜੋਗੇ ਹੋ ਜਾਣ। ਸਾਨੂੰ ਭਾਵੇਂ ਕੱਖ ਨਾ ਦੇਣ।’’

ਮੈਂ ਉਸ ਨੂੰ ਸੁਰਿੰਦਰਪਾਲ ਦੇ ਬੇਟੇ ਜੈਪਾਲ ਨਾਲ ਵਾਪਰੇ ਹਾਦਰੇ ਬਾਰੇ ਦੱਸਦਾ ਹਾਂ। ਸੁਰਿੰਦਰਪਾਲ ਮੇਰਾ ਕੁਲੀਗ ਹੈ। ਉਹਨੇ ਅਪਨੈਡਿਕਸ ਦਾ ਅਪ੍ਰੇਸ਼ਨ ਪਟੇਲ ਹਸਪਤਾਲ ਤੋਂ ਕਰਵਾਇਆ ਸੀ। ਕਲ੍ਹ ਰਾਤ ਜੈਪਾਲ ਹਸਪਤਾਲ ਤੋਂ ਵਾਪਸ ਆ ਰਿਹਾ ਸੀ। ਰਾਤ ਦੇ ਬਾਰਾਂ ਵਜੇ ਸਨ। ਜਦੋਂ ਜੈਪਾਲ ਬਸ ਸਟੈਂਡ ਤੋਂ ਕਰਤਾਰ ਨਗਰ ਚੌਕ ਵੱਲ ਜਾ ਰਿਹਾ ਸੀ ਤਾਂ ਅੱਗੋਂ ਤਿੰਨ ਜਣਿਆਂ ਨੇ ਉਸਨੂੰ ਰੋਕ ਲਿਆ ਸੀ। ਮੁੰਡਾ ਜੁਆਨ ਹੈ। ਜੋਸ਼ੀਲਾ ਹੈ। ਉਨ੍ਹਾਂ ਨਾਲ ਹੱਥੋਪਾਈ ਹੋ ਗਿਆ ਸੀ। ਇਕ ਜਣੇ ਨੇ ਹਥੀਆ ਜੈਪਾਲ ਦੀ ਖੱਬੀ ਬਾਂਹ ’ਤੇ ਮਾਰਿਆ ਸੀ। ਬਾਂਹ ਬਚ ਗਈ ਸੀ। ਪਰ ਫਰੈਕਚਰ ਹੋ ਗਿਆ ਸੀ। ਉਹ ਜੈਪਾਲ ਦਾ ਮੋਟਰ ਸਾਈਕਲ, ਮੋਬਾਇਲ ਤੇ ਗਲ ਦੀ ਚੈਨੀ ਲੈ ਗਏ ਸਨ। ਸੁਰਿੰਦਰਪਾਲ ਨੇ ਦੱਸਿਆ ਸੀ ਕਿ ਉਹਨੇ ਜੈਪਾਲ ਨੂੰ ਬੜਾ ਰੋਕਿਆ ਸੀ ਕਿ ਉਹ ਹਸਪਤਾਲ ’ਚ ਹੀ ਰੁਕ ਜਾਵੇ। ਸਵੇਰ ਨੂੰ ਚਲੇ ਜਾਵੇ ਪਰ ਜੈਪਾਲ ‘ਕੁਝ ਨਹੀਂ ਹੁੰਦਾ-ਕੁਝ ਨਹੀਂ ਹੁੰਦਾ’ ਕਹਿੰਦਾ ਹੋਇਆ ਚਲਾ ਗਿਆ ਸੀ। ਉਹ ਆਪਣੇ ਮੁੰਡੇ ਤੋਂ ਔਖਾ ਸੀ ਕਿ ਉਸ ਉਹਦਾ ਕਿਹਾ ਨਹੀਂ ਮੰਨਿਆ। ਉਹ ਰੋਣ ਹਾਕਾ ਹੋਇਆ ਸੀ, ‘‘ਯਾਰ ਕੀ ਕਰੀਏ, ਮੁੰਡੇ ਪ੍ਰਵਾਹ ਹੀ ਨ੍ਹੀਂ ਕਰਦੇ। ਮਾਂ ਪਿਉ ਨੂੰ ਤਾਂ ਫੁਦੂ ਸਮਝਦੇ ਆ। ਜੇ ਮੇਰਾ ਕਿਹਾ ਮੰਨਿਆ ਹੁੰਦਾ ਤਾਂ ਐਨਾ ਨੁਕਸਾਨ ਤਾਂ ਨਾ ਕਰਵਾਉਂਦਾ। ਚੱਲ ਨੁਕਸਾਨ ਤਾਂ ਮਰਾਵੇ ਐਹੀ ਤਹੀ ਦੀ। ਜਾਨ ਬਚ ਗਈ-ਐਨਾ ਬਥੇਰਾ। ਮੈਂ ਹਸਪਤਾਲ ’ਚ ਪਿਆਂ। ਉਹ ਦੀ ਮੰਮੀ ਦਾ ਬਲੱਡ ਪ੍ਰੈਸ਼ਰ ਵਧਿਆ। ਜੈਪਾਲ ਦੇ ਪਲਸਤਰ ਲੱਗਾ……।’’

ਮੈਂ ਇਸ ਹਾਦਸੇ ਬਾਰੇ ਉਹਨੂੰ ਦੱਸ ਕੇ ਗਲਤੀ ਕੀਤੀ ਹੈ। ਹੁਣ ਉਹਦੀ ਨੀਂਦ ਰਫੂ ਚੱਕਰ ਹੋ ਗਈ ਹੈ। ਉਹ ਵਾਰ-ਵਾਰ ਪਾਸੇ ਬਦਲਦੀ ਹੈ। ਉਸ ਨੂੰ ਅੱਚੋਤਾਈ ਲੱਗੀ ਹੈ। ਉਸ ਦੇ ਤੇਜ਼ ਚਲਦੇ ਸਾਹਾਂ ਦੀ ਆਵਾਜ਼ ਮੈਨੂੰ ਹੋਰ ਪ੍ਰੇਸ਼ਾਨ ਕਰਦੀ ਹੈ। ਉਹ ਬਹੁਤ ਕੁਝ ਦੱਸਣਾ ਚਾਹੁੰਦੀ ਹੈ। ਪਰ ਮੈਂ ਉਹਨੂੰ ਪੁੱਛਣਾ ਨਹੀਂ ਚਾਹੁੰਦਾ। ਮੈਨੂੰ ਪਤਾ ਹੈ ਕਿ ਉਸ ਮੋੜ-ਘੋੜ ਕੇ ਉਹੀ ਜਿਹੀਆਂ ਗੱਲਾਂ ਹੀ ਕਰਨੀਆਂ ਹਨ ਜਿਹੋ ਜਿਹੀਆਂ ਪਹਿਲਾਂ ਕਰਦੀ ਹੈ। ਹੁਣ ਸਾਡੇ ’ਚ ਪਿਆਰ-ਮੁਹੱਬਤ ਬਾਰੇ ਨਹੀਂ, ਫਿਕਰਾਂ ਬਾਰੇ ਇਕ ਸਾਂਝ ਬਣ ਗਈ ਹੈ। ਉਹ ਮੇਰੇ ਨਾਲੋਂ ਜ਼ਿਆਦਾ ਸੋਚਦੀ ਹੈ। ਗਲੀ-ਗੁਆਂਢ, ਰਿਸ਼ਤੇਦਾਰਾਂ ਤੇ ਦੂਰ ਨੇੜਲੀਆਂ ਦੋਸਤੀਆਂ ’ਚ ਬੜਾ ਕੁਝ ਅਜਿਹਾ ਵਾਪਰ ਜਾਂਦਾ ਹੈ ਜਿਹੜਾ ਸਾਨੂੰ ਫਿਕਰਮੰਦ ਕਰ ਜਾਂਦਾ ਹੈ। ਉਹ ਬਹੁਤੀਆਂ ਹੋਈਆਂ ਬੀਤੀਆਂ ਨੂੰ ਇਕਦਮ ਨਹੀਂ ਦੱਸਦੀ। ਕੁਝ ਵਕਫੇ ਬਾਅਦ ਦੱਸਦੀ ਹੈ। ਕਈ ਵਾਰ ਮੈਂ ਕਹਿੰਦਾ ਸੀ, ‘‘ਇਹ ਕਿਹੜੀ ਦੱਸਣ ਵਾਲੀ ਗੱਲ ਸੀ?’’ ਤਾਂ ਉਹ ਕਹਿੰਦੀ ਸੀ, ‘‘ਜੇ ਤੁਹਾਨੂੰ ਨਾ ਦੱਸਾਂ ਤਾਂ ਹੋਰ ਕਿਹਨੂੰ ਦੱਸਾਂ। ਇਸ ਘਰ ’ਚ ਤੁਹਾਥੋਂ ਬਿਨਾਂ ਮੇਰੀ ਕੌਣ ਸੁਣਨ ਵਾਲਾ ਆ।’’ ਹੁਣ ਵੀ ਮੇਰੀ ਚੁੱਪ ਉਹਨੂੰ ਅਖਰਦੀ ਹੈ। ਉਹ ਮੇਰੇ ਵੱਲ ਨੂੰ ਮੂੰਹ ਕਰਕੇ ਕਹਿੰਦੀ ਹੈ, ‘‘ਆਪਣਾ ਅਜੈ ਤਾਂ ਢਾਈ ਵਜੇ ਤੋਂ ਬਾਅਦ ਆਉਂਦਾ। ਉਹਨੂੰ ਫੋਨ ਕਰੋ ਕਿ ਤੁਰਣ ਤੋਂ ਪਹਿਲਾਂ ਫੋਨ ਕਰੇ।’’ ਮੈਂ ਉਹਨੂੰ ਦੱਸਦਾ ਹਾਂ, ‘‘ਐਸ ਵੇਲੇ ਉਹਦਾ ਫੋਨ ਬੰਦ ਹੁੰਦਾ।’’ ਪਰ ਉਹ ਮੇਰੀ ਗੱਲ ਵੱਲ ਕੋਈ ਧਿਆਨ ਹੀ ਨਹੀਂ ਦਿੰਦੀ, ‘‘ਤੁਸੀਂ ਮੇਰੀ ਗੱਲ ਨੂੰ ਕਿਉਂ ਨ੍ਹੀਂ ਮੰਨਦੇ। ਹੋ ਸਕਦਾ ਉਹ ਕੌਫੀ ਪੀਣ ਲਈ ਉੱਠਿਆ ਹੋਵੇ।’’ ਮੈਂ ਉਸ ਦੇ ਮੋਬਾਇਲ ਦਾ ਨੰਬਰ ਮਿਲਾਉਂਦਾ ਹਾਂ। ਫੋਨ ਬੰਦ ਹੈ। ਮੈਂ ਦੁਪਹਿਰ ਬਾਅਦ ਦਫ਼ਤਰੋਂ ਉਹਨੂੰ ਫੋਨ ਕੀਤਾ ਸੀ। ਸਮਝਾਇਆ ਸੀ, ‘‘ਤੂੰ ਗਲੀਆਂ ਵਿਚ ਦੀ ਨਾ ਆਇਆ ਕਰ। ਪੈਟ੍ਰੋਲ ਦਾ ਬਹੁਤਾ ਫਰਕ ਨ੍ਹੀਂ ਪੈਣਾ। ਕਪੂਰਥਲਾ ਚੌਕ ਤੋਂ ਫੁੱਟਬਾਲ ਚੌਕ, ਫੁੱਟਬਾਲ ਚੌਕ ਤੋਂ ਨਕੋਦਰ ਚੌਕ, ਉਸ ਤੋੋਂ ਅੱਗੇ ਰਵਿਦਾਸ ਚੌਕ, ਰਵਿਦਾਸ ਚੌਕ ਤੋਂ ਮਾਡਲ ਹਾੳੂਸ ਮੋੜ ਵਾਲਾ ਰਸਤਾ ਲਿਆ ਕਰ। ਇਨ੍ਹਾਂ ਰੋਡਾਂ ’ਤੇ ਸਾਰੀ ਰਾਤ ਚਹਿਲ-ਪਹਿਲ ਰਹਿੰਦੀ ਆ। ਕੋਈ ਵੱਡਾ ਖਤਰਾ ਨ੍ਹੀਂ ਹੁੰਦਾ।’’ ਅੱਗੋਂ ਅਜੈ ਨੇ ਪੁੱਛਿਆ ਸੀ, ‘‘ਤੁਸੀਂ ਕਿਉਂ ਡਰ ਗਏ? ਕੁਸ਼ ਨ੍ਹੀਂ ਹੁੰਦਾ। ਮੈਂ ਤਾਂ ਗੀਤ ਗਾਉਂਦਾ-ਗਾਉਂਦਾ ਘਰੇ ਪਹੁੰਚ ਜਾਣਾਂ।’’

ਅਜੈ ਤੇ ਬਲਰਾਜ ਨੂੰ ਲੈ ਕੇ ਮਨਜੀਤ ਕੁਝ ਜ਼ਿਆਦਾ ਹੀ ਚਿਤੁੰਤ ਹੋਣ ਲੱਗੀ ਸੀ। ਉਹ ਅਜੈ ਦੀਆਂ ਕਾਰਗੁਜ਼ਾਰੀਆਂ ’ਤੇ ਜ਼ਿਆਦਾ ਹੀ ਨਜ਼ਰ ਰੱਖਦੀ ਸੀ। ਉਹ ਅਜੈ ਨੂੰ ਸਮਝਾਉਂਦੀ ਤਾਂ ਅਗੋਂ ਉਹ ਕਹਿ ਦਿੰਦਾ ਸੀ, ‘‘ਮੰਮੀ ਜੀ ਮੇਰੇ ਬਾਰੇ ਤੁਹਾਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨ੍ਹੀਂ। ਮੈਂ ਜਾਣਦਾ ਹਾਂ ਕਿ ਮੈਂ ਕੀ ਕਰਨਾ ਆ। ਕੀ ਬਣਨਾ ਆ। ਬੀ ਰੀਲੈਕਸ।’’ ਉਹ ਉਹਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦੀ ਹੋਈ ਕਹਿੰਦੀ ਸੀ, ‘‘ਮਾਂ-ਪਿਉ ਦੀ ਵੀ ਕੋਈ ਚਿੰਤਾ ਹੁੰਦੀ ਆ ਨਾ।’’

ਮੈਂ ਮਾਂ-ਪੁੱਤ ਦੀਆਂ ਗੱਲਾਂ ’ਚ ਦਖਲ ਨਹੀਂ ਦਿੰਦਾ। ਮਨਜੀਤ ਮੇਰੀ ਚੁੱਪ ਨੂੰ ਹੋਰ ਹੀ ਅਰਥ ਦੇ ਦਿੰਦੀ ਹੈ। ਉਹ ਉਲਟਾ ਪੁਲਟਾ ਕੇ ਪੁੱਛਦੀ ਹੈ, ‘‘ਕੀ ਤੁਸੀਂ ਵੀ ਮੇਰੇ ਵਾਂਗ ਅਜੈ ਤੋਂ ਡਰਨ ਲੱਗੇ ਹੋ?’’ ਮੈਂ ਉਸ ਨੂੰ ਪੁੱਛਦਾ ਹਾਂ, ‘‘ਕਿਸ ਗੱਲ ਦਾ ਡਰ?’’ ਉਹ ਬਿਨਾਂ ਕਿਸੇ ਲੁੱਕ ਲੁਕਾਅ ਦੇ ਕਹਿ ਦਿੰਦੀ ਹੈ, ‘‘ਜਵਾਨ ਪੁੱਤ ਦਾ ਡਰ।’’ ਮੈਂ ਉਸ ਦੀ ਇਸ ਗੱਲ ਨਾਲ ਸਹਿਮਤ ਨਹੀਂ ਹੁੰਦਾ।

ਮੈਨੂੰ ਆਪਣੇ ਕੁਲੀਗ ਰਵੀ ਦਾ ਕਿਹਾ ਯਾਦ ਆ ਜਾਂਦਾ, ‘‘ਅੱਜ ਕਲ੍ਹ ਮੁੰਡਿਆਂ ਨੂੰ ਸੈੱਟ ਕਰਨਾ ਬੜਾ ਔਖਾ। ਮੁੰਡਿਆਂ ਨਾਲੋਂ ਧੀਆਂ ਚੰਗੀਆਂ। ਪੜ੍ਹਾਉ ਤੇ ਵਿਆਹ ਦਿਉ। ਸਮਝ ਲਉ ਚਿੰਤਾ ਖਤਮ। ਮੁੰਡੇ ਤਾਂ ਸ਼ਰੀਕ ਬਣ ਜਾਂਦੇ ਆ। ਰੋਕੋ, ਝਿੜਕੋ ਤਾਂ ਅੱਗੋਂ ਅੱਖਾਂ ਦਿਖਾਉਣ ਲੱਗ ਜਾਂਦੇ ਆ। ਮੇਰਾ ਸਾਲਾ ਪੰਜਾਬ ਰੋਡਵੇਜ਼ ’ਚ ਆਡੀਟਰ ਲੱਗਾ। ਉਹਨੇ ਆਪਣੇ ਮੁੰਡੇ ਨੂੰ ਨਿੳੂਜ਼ੀਲੈਂਡ ਪੜ੍ਹਣ ਭੇਜਿਆ। ਕੁਸ਼ ਪੈਸੇ ਉਸ ਕੋਲ ਸੀ। ਕੁਸ਼ ਰਿਸ਼ਤੇਦਾਰਾਂ ਕੋਲੋਂ ਫੜੇ। ਦੋ ਸਾਲਾਂ ਦੀ ਡਿਗਰੀ ਸੀ। ਅਜੇ ਪਹਿਲਾ ਸਾਲ ਨ੍ਹੀਂ ਬੀਤਿਆ ਸੀ ਕਿ ਮੁੰਡੇ ਦਾ ਫੋਨ ਆਇਆ ਕਿ ਉਸ ਫਲਾਣੀ ਕੁੜੀ ਨਾਲ ਵਿਆਹ ਕਰਵਾਉਣ ਆਉਣਾ। ਪਿਉ ਨੇ ਸਮਝਾਇਆ ਕਿ ਉਸ ਕੋਲ ਜਿਹੜੇ ਪੈਸੇ ਸੀ-ਉਹ ਤਾਂ ਉਸ ਉਹਨੂੰ ਬਾਹਰ ਭੇਜਣ ’ਤੇ ਲਾ ਦਿੱਤੇ। ਫੇਰ ਦੋ ਸਮਿਸਟਰਾਂ ਦੀਆਂ ਫੀਸਾਂ ਭੇਜੀਆਂ। ਹੁਣ ਉਹ ਵਿਆਹ ਲਈ ਪੈਸੇ ਕਿਥੋਂ ਕੱਢੇਗਾ। ਮੁੰਡਾ ਨਾ ਮੰਨਿਆ। ਉਸ ਦੀ ਮਾਸੀ ਤੇ ਭੂਆ ਕੋਲੋਂ ਫੋਨ ਕਰਵਾਏ। ਅੱਜ ਕਲ੍ਹ ਦੇ ਮੁੰਡੇ ਕਿਥੇ ਮੰਨਦੇ ਆ। ਮੁੰਡੇ ਨੇ ਇਕੋ ਨੰਨਾ ਫੜਿਆ ਸੀ ਕਿ ਉਹ ਛੁੱਟੀਆਂ ’ਚ ਆ ਰਿਹਾ। ਉਹ ਵਿਆਹ ਦੀ ਤਿਆਰੀ ਕਰਨ। ਮਾਂ ਪਿਉ ਵੀ ਕੀ ਕਰਨ। ਮੁੰਡਾ ਆਇਆ। ਵਿਆਹ ਕਰਵਾਇਆ। ਪਿਛਲੇ ਮਹੀਨੇ ਕੁੜੀ ਵੀ ਨਿੳੂਜ਼ੀਲੈਂਡ ਚਲੇ ਗਈ। ਪਿਉ ਨੂੰ ਹੋਰ ਕਰਜ਼ਿਆਂ ’ਚ ਫਸਾ ਦਿੱਤਾ।’’

****

ਅਜੈ ਅਕਸਰ ਮੈਨੂੰ ਕਹਿ ਦਿੰਦਾ ਹੈ, ‘‘ਯੂਅਰ ਪਰਸੈਪਸ਼ਨਜ਼ ਆਰ ਰੌਂਗ।’’ ਉਹ ਮੈਨੂੰ ਘਟ-ਅਕਲ ਵਾਲਾ ਸਮਝਦਾ ਹੈ। ਮੈਨੂੰ ਪੁੱਛਦਾ ਹੈ, ‘‘ਤੁਸੀਂ ਕਦੇ ਐਲ ਟੀ ਸੀ ਲੈ ਕੇ ਕਿਧਰੇ ਘੁੰਮਣ ਗਏ ਹੋ? ਕਿਸੇ ਮਲਟੀਪਲੈਕਸ ’ਚ ਮੂਵੀ ਦੇਖੀ ਆ? ਕਿਸੇ ਮਾਲ ਵਿਚ ਗਏ ਹੋ? ਨ੍ਹੀਂ ਨਾ। ਫੇਰ ਤੁਹਾਨੂੰ ਦੁਨੀਆਂ ਦਾ ਕੀ ਪਤਾ। ਤੁਸੀਂ ਆਪਣੇ ਫੈਸਲੇ ਮੇਰੇ ’ਤੇ ਨਾ ਠੋਸਿਆ ਕਰੋ।’’ ਉਸ ਨੂੰ ਯਾਦ ਆਇਆ ਤੇ ਉਸ ਕਿਹਾ ਸੀ, ‘‘ਇਕ ਵਾਰੀ ਬਲਰਾਜ ਤੁਹਾਡੇ ਖਹਿੜੇ ਪੈ ਗਿਆ ਸੀ ਕਿ ਤੁਸੀਂ ਉਹਨੂੰ ਛਤਬੀੜ ਚਿੜੀਆ-ਘਰ ਦਿਖਾ ਕੇ ਲਿਆਉ। ਤੁਸੀਂ ਉਹਨੂੰ ਟਾਲਦੇ ਰਹੇ ਸੀ। ਕਿਉਂ? ਨਾ ਤਾਂ ਤੁਸੀਂ ਆਪ ਕੁਸ਼ ਦੇਖਣਾ ਸੀ। ਨਾ ਆਪਣੇ ਬੱਚਿਆਂ ਨੂੰ ਦਿਖਾਉਣਾ ਸੀ। ਤੁਹਾਡੀ ਦੁਨੀਆਂ ਤਾਂ ਘਰ ਤੇ ਦਫ਼ਤਰ ਤੱਕ ਹੀ ਸੀਮਤ ਆ। ਅੱਜ ਦਾ ਸਲੋਗਨ ਆ-‘ਹੈਪੀ ਚਿਲਡਰਨ ਆਰ ਮੋਰ ਇੰਸਪੌਰਟੈਂਟ ਦੈਨ ਸੁਕਸੈਸਫੁਲ ਚਿਲਡਰਨ।’ ਦੱਸੋ-ਮੈਂ ਕੋਈ ਝੂਠ ਬੋਲਦਾਂ?’’ ਉਸ ਮੈਨੂੰ ਨਿਰਉੱਤਰ ਕਰ ਦਿੱਤਾ ਸੀ। ਮੇਰੇ ਕੋਲ ਉਸ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਬਲਰਾਜ ਨੇ ਵੀ ਉਸ ਦੀ ਸੁਰ ’ਚ ਸੁਰ ਮਿਲਾਈ ਸੀ, ‘‘ਡੈਡੀ ਤਾਂ ਕਿਤੇ ਜਾਂਦੇ ਹੀ ਨ੍ਹੀਂ। ਸਾਲ ’ਚ ਇਕ ਅੱਧ ਵਾਰ ਭੂਆ ਜੀ ਜਾਂ ਮਾਸੀ ਜੀ ਨੂੰ ਮਿਲਣ ਜਾਂਦੇ ਆ। ਬਾਕੀ ਦਿਨ ਤਾਂ ਘਰੋਂ ਦਫਤਰ ਤੇ ਦਫਤਰੋਂ ਘਰ। ਘਰ ’ਚ ਬੈਠੇ ਅਖ਼ਬਾਰਾਂ ਦੇ ਟੈਂਡਰ ਨੋਟਿਸਾਂ ਤੱਕ ਪੜ੍ਹ ਜਾਂਦੇ ਆ।’’

ਇਹ ਸੱਚ ਹੈ ਕਿ ਮੇਰੀ ਦੁਨੀਆਂ ਘਰ ਤੇ ਦਫ਼ਤਰ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਛੇ ਸਾਲ ਚੰਡੀਗੜ੍ਹ ਲਾ ਆਇਆਂ। ਉਥੇ ਵੀ ਮੇਰੀ ਇਹੀ ਰੁਟੀਨ ਸੀ। ਮੇਰੇ ਕੁਲੀਗ ਘੁੰਮਦੇ ਫਿਰਦੇ। ਮੈਨੂੰ ਵੀ ਕਹਿੰਦੇ, ‘‘ਬਾਬੂ ਜੀ, ਘੁੰਮਿਆ ਫਿਰਿਆ ਕਰੋ। ਸ਼ਾਮ ਨੂੰ। ਸਤਾਰਾਂ ਦੀ ਮਾਰਕੀਟ ’ਚ। ਬਾਈ ’ਚ ਕਿਰਨ ਥੀਏਟਰ ਕੋਲ। ਰੇਹੜੀ ਮਾਰਕੀਟ। ਛੱਤੀ ਦੇ ਵੱਡੇ ਪਾਰਕ ’ਚ। ਤੁਹਾਡਾ ਮਨ ਕਿਸੇ ਹੋਰ ਪਾਸੇ ਪਵੇਗਾ।’’ ਮੈਂ ਉਨ੍ਹਾਂ ਦੇ ਸਾਥ ’ਚ ਸਿਰਫ਼ ਇਕ ਵਾਰ ਰੌਕ ਗਾਰਡਨ ਗਿਆ ਸੀ। ਉਥੇ ਲੱਗੇ ਸ਼ੀਸ਼ਿਆਂ ’ਚ ਆਪਣਾ ਚਿਹਰਾ ਦੇਖਿਆ ਸੀ। ਪੁੱਠਾ ਹੋਇਆ। ਮੈਨੂੰ ਆਪਣੀ ਜ਼ਿੰਦਗੀ ਵੀ ਪੁੱੁਠੀ ਲੱਗੀ ਸੀ। ਇਹ ਕਦੇ ਸਿੱਧੀ ਹੋਈ ਹੀ ਨਹੀਂ ਹੈ। ਸਿੱਧੀ ਹੋਣ ਦਾ ਮੌਕਾ ਹੀ ਨਹੀਂ ਮਿਲਿਆ ਜਾਂ ਮੈਂ ਇਹਨੂੰ ਸਿੱਧੀ ਕਰਨ ਬਾਰੇ ਕਦੇ ਸੋਚਿਆ ਹੀ ਨਹੀਂ। ਮੈਨੂੰ ਤਾਂ ਮੇਰੇ ਪਾਪਾ ਜੀ ਦੇ ਡਰ ਨੇ ਹੀ ਕੁਝ ਸੋਚਣ ਨਹੀਂ ਦਿੱਤਾ ਸੀ। ਪਰ ਹੁਣ ਤਾਂ ਮੈਂ ਆਜ਼ਾਦ ਹਾਂ। ਹੁਣ ਮੈਂ ਆਜ਼ਾਦੀ ਕਿਉਂ ਨਹੀਂ ਮਾਣਦਾ? ਮੇਰਾ ਦਫਤਰ ਅਠਾਰਾਂ ਸੈਕਟਰ ’ਚ ਪੈਂਦਾ ਸੀ। ਮੈਂ ਸਤਾਰਾਂ ਦੇ ਬਸ ਸਟੈਂਡ ਤੱਕ ਪੈਦਲ ਆਉਂਦਾ। ਪੈਂਤੀ ਨੰਬਰ ਜਾਂ ਛੇ ਏ ਨੰਬਰ ਬਸ ਫੜ ਕੇ ਆਪਣੇ ਕਮਰੇ ’ਚ ਆ ਜਾਂਦਾ। ਘੰਟਾ ਕੁ ਸੁਸਤਾਉਂਦਾ। ਫੇਰ ਬੈੱਗ ’ਚੋਂ ਅਖ਼ਬਾਰ ਕੱਢ ਕੇ ਕੁਝ ਨਾ ਕੁਝ ਪੜ੍ਹਣ ਬੈਠ ਜਾਂਦਾ। ਸਾਢੇ ਕੁ ਅੱਠ ਵਜੇ ਰੋਟੀ ਖਾਂਦਾ। ਦੁੱਧ ਦਾ ਗਿਲਾਸ ਪੀਂਦਾ। ਫੇਰ ਸੌਂ ਜਾਂਦਾ। ਮੈਂ ਇਸ ਕੋਠੀ ’ਚ ਪੱਕਾ ਪੀ. ਜੀ. ਸੀ। ਮੁੰਡੇ ਆਉਂਦੇ। ਜਲਦੀ ਹੀ ਚਲੇ ਜਾਂਦੇ। ਕੋਈ ਆਈਲੈਟਸ ਕਰਨ ਆਉਂਦਾ। ਕੋਈ ਕਿਸੇ ਐਗਜ਼ਾਮ ਦੀ ਤਿਆਰੀ ਕਰਨ। ਇਕ ਵਾਰ ਅੱਠ ਮੁੰਡੇ ਇਕੱਠੇ ਹੀ ਆਏ ਸਨ। ਤਕੜੇ ਘਰਾਂ ਦੇ ਸੀ। ਉਹ ਰੋਜ਼ ਰਾਤ ਨੂੰ ਟੀ. ਵੀ. ਦੀ ਆਵਾਜ਼ ਫੁੱਲ ਸਪੀਡ ’ਤੇ ਛੱਡ ਦਿੰਦੇ। ਕਿਸੇ ਰੋਮਾਂਟਿਕ ਗਾਣੇ ’ਤੇ ਨੱਚਦੇ-ਟੱਪਦੇ। ਬਾਰਾਂ ਵਜਾ ਦੇਂਦੇ। ਮੇਰੀ ਨੀਂਦ ਉਖੜ ਜਾਂਦੀ। ਫੇਰ ਮੈਂ ਪਾਸੇ ਮਾਰ-ਮਾਰ ਕੇ ਅੱਕ ਜਾਂਦਾ। ਮੈਂ ਅੱਕ ਕੇ ਇਸ ਦੀ ਸ਼ਿਕਾਇਤ ਮਾਲਕ ਮਕਾਨ ਨੂੰ ਕੀਤੀ। ਉਸ ਦਾ ਕਹਿਣਾ ਸੀ, ‘‘ਮੁੰਡੇ-ਖੁੰਡੇ ਆ। ਮੌਜ ਕਰਨ ਦਿਉ। ਜਦੋਂ ਵਿਆਹੇ ਗਏ-ਫੇਰ ਇਨ੍ਹਾਂ ਕਦੇ ਉੱਚੀ ਵੀ ਨ੍ਹੀਂ ਬੋਲਣਾ। ਤੁਸੀਂ ਕੰਨਾਂ ’ਚ ਉਂਗਲਾਂ ਲੈ ਕੇ ਸੌਂ ਜਾਇਆ ਕਰੋ। ਤੁਹਾਡੇ ਤਾਂ ਬੱਚਿਆਂ ਵਰਗੇ ਆ।’’ ਮੈਨੂੰ ਨੀਂਦ ਨਾ ਆਉਂਦੀ ਤਾਂ ਮੈਂ ਛੱਤ ’ਤੇ ਟਹਿਣ ਲੱਗ ਜਾਂਦਾ। ਉਨਾ ਚਿਰ ਘੁੰਮਦਾ-ਫਿਰਦਾ ਰਹਿੰਦਾ ਜਿੰਨਾ ਚਿਰ ਮੁੰਡੇ ਆਪਣੇ-ਆਪਣੇ ਕਮਰਿਆਂ ’ਚ ਚਲੇ ਨਾ ਜਾਂਦੇ।

ਇਕ ਦਿਨ ਅਜੈ ਤੇ ਬਲਰਾਜ ਆਦਮੀ ਦੀ ਉਤਪਤੀ ਬਾਰੇ ਗੱਲਾਂ ਕਰ ਰਹੇ ਸੀ। ਮੈਂ ਵੀ ਉਨ੍ਹਾਂ ਕੋਲ ਬੈਠ ਗਿਆ ਸੀ। ਮੈਂ ਉਨ੍ਹਾਂ ਨੂੰ ਦੱਸਿਆ ਸੀ, ‘‘ਓਪਨਿਸ਼ਦਾਂ ’ਚ ਇਸ ਸਿ੍ਰਸ਼ਟੀ ਦੀ ਉਤਪਤੀ ਬਾਰੇ ਲਿਖਿਆ ਆ ਕਿ ਪਹਿਲਾਂ ਬ੍ਰਹਮਾ ਸੀ। ਆਤਮਾ ਸੀ। ਫੇਰ ਅਕਾਸ਼ ਪੈਦਾ ਹੋਇਆ। ਉਸ ਤੋਂ ਬਾਅਦ ਹਵਾ। ਅੱਗ। ਪਾਣੀ। ਧਰਤੀ। ਔਸ਼ਧੀ। ਖੁਰਾਕ। ਸੀਮੈਨ। ਤੇ ਆਖਿਰ ’ਚ ਆਦਮੀ ਪੈਦਾ ਹੋਇਆ।…ਨਾਮ। ਬਾਣੀ। ਸੰਕਲਪ। ਚਿੱਤ। ਧਿਆਨ। ਵਿਗਿਆਨ। ਬਲ। ਤੇਜ। ਸਿਮਰਣ। ਆਸ਼ਾ।….ਲੋਭ। ਈਰਖਾ। ਗੁੱਸਾ। ਚਿੰਤਾ। ਸਾੜਾ। ਨਿਰਾਸ਼ਾ। ਕਰੂਪਤਾ। ਇਕੱਲਤਾ।…ਸਭਿਆਚਾਰ। ਪ੍ਰੰਪਰਾਵਾਂ। ਸਿਖਲਾਈ। ਸੰਗਤ-ਸੋਹਬਤ। ਝੁਕਾਅ। ਪਿਛੋਕੜ। ਇੱਛਾ। ਸੰਘਰਸ਼। ਅੰਤਰ-ਵਿਰੋਧ। ਮਾਨਸਿਕ ਦਵੈਤ। ਠੀਕ। ਗਲਤ। ਚੰਗਾ। ਬੁਰਾ।…ਦਾਸਤਾ। ਨਿਰਭਰਤਾ। ਇਕਾਂਤ। ਯਾਦਾਂ। ਸੰਸਕਾਰ। ਸ਼ੋਰ। ਪਰਮ ਸੁੰਦਰ। ਅਲੌਕਿਕ ਪਰਮ ਹੁੰਦਾ। ਅਲੌਕਿਕ…ਆਜ਼ਾਦੀ। ਮੁਕਤੀ………।’’ ਅਜੈ ਨੇ ਕਿਹਾ ਸੀ, ‘‘ਬੱਸ। ਹੁਣ ਬੱਸ ਕਰੋ। ਤੁਸੀਂ ਤਾਂ ਪੰਜਵੀਂ ਜਮਾਤ ’ਚ ਪੜ੍ਹਦੇ ਬੱਚੇ ਵਾਂਗੂ ਇਨ੍ਹਾਂ ਸ਼ਬਦਾਂ ਨੂੰ ਘੋਟਾ ਲਾਇਆ ਹੋਇਆ ਆ। ਸਦੀਆਂ ਤੋਂ ਜੋ ਕੁਸ਼ ਤੁਹਾਡੇ ਗੁਰੂਆਂ ਨੇ, ਪੀਰਾਂ ਨੇ, ਪੈਗੰਬਰਾਂ ਨੇ, ਸੰਤਾਂ ਨੇ, ਤੁਹਾਡੇ ਧਾਰਮਿਕ ਗ੍ਰੰਥਾਂ ਨੇ ਦੱਸਿਆ ਆ, ਤੁਸੀਂ ਦੁੱਧ ਚੰੁਘਦੇ ਬੱਚੇ ਵਾਂਗ ਉਹਨੂੰ ਸੱਚ ਮੰਨ ਲਿਆ ਆ। ਤੁਸੀਂ ਗੱਲਾਂ ਨਾਲ ਜਿਉਂਦੇ ਹੋ। ਤੁਹਾਡੀ ਜ਼ਿੰਦਗੀ ਖਾਲੀ ਤੇ ਫੋਕੀ ਆ। ਤੁਸੀਂ ਨਕਲਚੀ ਹੋ। ਕੁਸ਼ ਵੀ ਅਸਲ, ਮੌਲਿਕ ਤੇ ਸਾਫ਼ ਨ੍ਹੀਂ ਆ….ਤੁਹਾਡੇ ਵਰਗੇ ਬਹੁਤੇ ਤਾਂ ਜਿਉਣ ਤੋਂ ਵੀ ਡਰਦੇ ਆ। ਮੌਤ ਤੋਂ ਤਾਂ ਡਰਣਾ ਹੀ ਆ। ਆਪਣੇ ਪਰਿਵਾਰ ਨੂੰ ਲੈ ਕੇ ਡਰੇ ਰਹਿੰਦੇ ਆ। ਦੂਜੇ ਮੇਰੇ ਬਾਰੇ ਕੀ ਸੋਚਦੇ ਆ। ਮੇਰੀ ਨੌਕਰੀ ਨਾ ਚਲੀ ਜਾਵੇ। ਆਪਣੀ ਸੁਰੱਖਿਆ ਤੇ ਹੋਰ ਸੈਂਕੜੇ ਗੱਲਾਂ ਨੂੰ ਲੈ ਕੇ ਡਰੇ ਰਹਿੰਦੇ ਆ। ਸਿੱਧੀ ਪੱਧਰੀ ਗੱਲ ਇਹ ਆ ਕਿ ਡਰੇ ਹੋਏ ਆ। ਕਿਸ ਤੋਂ ਡਰੇ ਆ ਇਹ ਨ੍ਹੀਂ। ਤੁਸੀਂ ਜੀਵਨ ਇਕ ਬੇਹੋਸ਼ੀ ਤੇ ਨੀਂਦ ਦੀ ਹਾਲਤ ’ਚ ਜਿਉਂਦੇ ਜਾ ਰਹੇ ਹੋ…ਆਦਮੀ ਕੋਲ ਮੂਲੋਂ ਹੀ ਅਲਗ ਕਿਸਮ ਦੀ ਪਹੁੰਚ ਹੋਣੀ ਚਾਹੀਦੀ ਆ…। ਹੁਣ ਮੈਂ ਦੂਜੇ ਪਾਸੇ ਦੀ ਗੱਲ ਕਰਦਾਂ…..ਤੁਸੀਂ ਡਾਰਵਿਨ ਦੀ ਪੁਸਤਕ ‘ਉਰੀਜਨ ਆਫ਼ ਸਪੇਸੀਜ਼’ ਪੜ੍ਹੋ। ਫੇਰ ਤੁਹਾਡੇ ਗਿਆਨ ’ਚ ਵਾਧਾ ਹੋੳੂਗਾ। ਜਦੋਂ ਕੋਈ ਆਦਮੀ ਜ਼ਿਆਦਾ ਹੀ ਧਾਰਮਿਕ ਹੋ ਜਾਂਦਾ ਆ ਤਾਂ ਉਸ ਦੀ ਪਰਸਨੈਲਟੀ ਦੀ ਡਿਵਲਪਮੈਂਟ ਰੁਕ ਜਾਂਦੀ ਆ। ਉਸ ਦੀ ਸੋਚ ਦਾ ਵਿਕਾਸ ਨ੍ਹੀਂ ਹੁੰਦਾ। ਤੁਸੀਂ ਇਹ ਪੁਸਤਕ ਨ੍ਹੀਂ ਖਰੀਦਣੀ। ਮੈਂ ਲਿਆ ਕੇ ਦਵਾਂਗਾ। ਜਾਂ ਤੁਸੀਂ ਬਲਰਾਜ ’ਤੇ ਕੰਪਿਊਟਰ ’ਤੇ ਪੜ੍ਹ ਲੈਣੀ। ਫੇਰ ਮੈਂ ਇਸ ਤੋਂ ਬਾਅਦ ਛਪੀਆਂ ਕਿਤਾਬਾਂ ਪੜ੍ਹਾਵਾਂਗਾ। ਸ਼ਾਇਦ ਤੁਹਾਡੀ ਸੋਚ ਬਦਲੇ।’’

ਅਜੈ ਆਪਣੇ ਕਮਰੇ ’ਚ ਚਲਾ ਗਿਆ ਸੀ। ਬਲਰਾਜ ਸ਼ੁਰੂ ਹੋ ਗਿਆ ਸੀ, ‘‘ਪਿਛਲੇ ਹਫਤੇ ਮੈਂ ਇੰਟਰਨੈਟ ’ਤੇ ਗੁਰਚਰਨ ਦਾਸ ਦੀ ਪੁਸਤਕ ‘ਇੰਡੀਆ ਅਨਵਾੳੂਂਡ’ ਪੜ੍ਹ ਰਿਹਾ ਸੀ। ਗੁਰਚਰਨ ਦਾਸ ਨੂੰ ਇਕ ਦਿਨ ਪੁਨੇ ਦੇ ਦੋ ਮੁੰਡੇ ਮਿਲੇ ਸੀ। ਜੇ ਇਹ ਮੁੰਡੇ ਅੱਸੀ ਸਾਲ ਪਹਿਲਾਂ ਦੇ ਹੁੰਦੇ ਤਾਂ ਇਨ੍ਹਾਂ ਦੇ ਹੀਰੋ ਗੋਪਾਲ ਕਿ੍ਰਸ਼ਨ ਗੋਖਲੇ ਤੇ ਬਾਲ ਗੰਗਾਧਰ ਤਿਲਕ ਜਿਹੇ ਰਾਸ਼ਵਰਵਾਦੀ ਹੋਣੇ ਸੀ। ਪੰਜਾਹ ਸਾਲ ਪਹਿਲਾਂ ਗਾਂਧੀ ਤੇ ਨਹਿਰੂ। ਹੁਣ ਇਨ੍ਹਾਂ ਦੇ ਹੀਰੋ ਧੀਰੂ ਭਾਈ ਅੰਬਾਨੀ ਤੇ ਅਜ਼ੀਮ ਪ੍ਰੇਮ ਵਰਗੀਆਂ ਹਸਤੀਆਂ ਆ। ਉਹ ਨਾਰੀਮਨ ਪੁਆਂਇਟ ’ਤੇ ਇਕ ਉੱਚੀ ਬਿਲਡਿੰਗ ਨੂੰ ਦੇਖ ਕੇ ਰੁਕ ਗਏ ਸੀ। ਇਕ ਨੇ ਦੂਜੇ ਨੂੰ ਕਿਹਾ ਸੀ, ‘ਤਾਂ ਇਹ ਆ ਉਹ ਬਿਲਡਿੰਗ।’ ਦੂਜੇ ਨੇ ਧੀਰੂ ਭਾਈ ਅੰਬਾਨੀ ਦੇ ਦਫਤਰ ਵੱਲ ਸ਼ਰਧਾ ਨਾਲ ਦੇਖਦਿਆਂ ਹੋਇਆਂ ਕਿਹਾ ਸੀ, ‘ਅੱਛਾ, ਉਹ ਇਹ ਹੀ ਆ। ਉਹ ਪਤਾ ਨ੍ਹੀਂ ਕਿੱਥੋਂ ਆਇਆ ਸੀ ਪਰ ਉਹ ਉਤਾਂਹ ਹੀ ਉਤਾਂਹ ਚੜ੍ਹਦਾ ਗਿਆ। ਕਈਆਂ ਨੂੰ ਉਮੀਦ ਸੀ ਕਿ ਉਹ ਹੇਠਾਂ ਆੳੂਗਾ ਪਰ ਉਹਨੇ ਨਾਂਹ ਕਰ ਦਿੱਤੀ ਤੇ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਬਣਾਈ।’ ਗੁਰਚਰਨ ਦਾਸ ਨੇ ਵੱਡੀ ਉਮਰ ਦੇ ਮੁੰਡੇ ਨੂੰ ਉਸ ਦੀ ਪੜ੍ਹਾਈ ਬਾਰੇ ਪੁੱਛਿਆ ਸੀ ਤੇ ਉਸ ਮੁੰਡੇ ਨੇ ਦੱਸਿਆ ਸੀ, ‘ਪਹਿਲਾਂ ਮੈਂ ਆਈ. ਆਈ. ਟੀ. ’ਚ ਜਾਊਂਗਾ। ਫੇਰ ਆਈ. ਆਈ. ਐਮ. ’ਚ। ਫੇਰ ਮੈਂ ਕਿਸੇ ਕਨਸਲਟੈਂਸੀ ਜਾਂ ਫਿਨੈਨਸ਼ੀਅਲ ਅਦਾਰੇ ’ਚ ਨੌਕਰੀ ਲਗੂੰਗਾ। ਕੁਸ਼ ਸਾਲਾਂ ਬਾਅਦ ਮੈਂ ਆਪਣੀ ਕੰਪਨੀ ਖੜੀ ਕਰੂੰਗਾ।’ ਗੁਰਚਰਨ ਦਾਸ ਨੇ ਵੱਡੇ ਮੁੰਡੇ ਨੂੰ ਪੁੱਛਿਆ ਸੀ, ‘ਤੂੰ ਕਾਲਜ ’ਚ ਆਰਟਸ ਦੀ ਪੜ੍ਹਾਈ ਬਾਰੇ ਨ੍ਹੀਂ ਸੋਚਿਆ ਸੀ?’ ਉਸ ਮੁੰਡੇ ਨੇ ਗੁਰਚਰਨ ਦਾਸ ਵੱਲ ਹੋਰੂੰ-ਹੋਰੂੰ ਦੇਖਿਆ ਸੀ ਤੇ ਦੱਸਿਆ ਸੀ, ‘ਆਰਟਸ ਤਾਂ ਡਫਰਾਂ ਲਈ ਆ। ਸਾਹਿਤ ਜਾਂ ਕਵਿਤਾ ਪੜ੍ਹਨ ਨਾਲ ਕੀ ਮਿਲੂਗਾ? ਆਰਟਸ ਦੇ ਵਿਸ਼ਿਆਂ ’ਚੋਂ ਬਹੁਤੇ ਨੰਬਰ ਨ੍ਹੀਂ ਆਉਂਦੇ। ਮੇਰੇ ਲਈ ਸਾਈਂਸ ਕੋਈ ਔਖੀ ਨ੍ਹੀਂ। ਆਈ. ਆਈ. ਟੀ. ’ਚ ਕੁਸ਼ ਤੱਥਾਂ ਦੇ ਸਮੂਹ ਨੂੰ ਯਾਦ ਕਰਨਾ ਹੁੰਦਾ ਆ। ਜੇ ਅਸੀਂ ਕੁਸ਼ ਪ੍ਰਾਪਤ ਕਰਨ ਆ ਤਾਂ ਮਿਹਨਤ ਕਰਨੀ ਹੀ ਪੈਣੀ ਆ।’…ਚਲੋ ਛੱਡੋ…ਤੁਸੀਂ ਇਸ ਦੁਨੀਆਂ ਨੂੰ ਨ੍ਹੀਂ ਸਮਝ ਸਕਦੇ।’’

*****
ਮੈਂ ਲਾਇਟ ਆਫ਼ ਕਰਨ ਲੱਗਾ ਤਾਂ ਮਨਜੀਤ ਮੈਨੂੰ ਰੋਕ ਦਿੰਦੀ ਹੈ।

ਮੇਰੇ ਚਿਹਰੇ ਦੇ ਹਾਵ-ਭਾਵ ਤਾੜਦਿਆਂ ਹੋਇਆਂ ਉਹ ਕਹਿੰਦੀ ਹੈ, ‘‘ਹੁਣ ਤੁਹਾਨੂੰ ਵੀ ਨੀਂਦ ਨ੍ਹੀਂ ਆਉਣੀ?’’

ਮੈਂ ਉਹਨੂੰ ਕੀ ਦੱਸਾਂ! ਸੱਚੀ ਗੱਲ ਤਾਂ ਇਹ ਹੈ ਕਿ ਮੈਂ ਆਲੇ ਦੁਆਲੇ ਵਾਪਰਦੇ ਹਾਦਸਿਆਂ ਕਰਕੇ ਬਹੁਤ ਹੀ ਜ਼ਿਆਦਾ ਡਰਿਆ ਹੋਇਆ ਹਾਂ। ਜਿੰਨਾ ਚਿਰ ਅਜੈ ਘਰ ਨਹੀਂ ਆ ਜਾਂਦਾ, ਮੈਨੂੰ ਨੀਂਦ ਨਹੀਂ ਆਉਂਦੀ। ਅੱਜ ਪਤਾ ਨਹੀਂ ਕਿਵੇਂ ਝਪਕੀ ਆ ਗਈ ਸੀ। ਜਦੋਂ ਅਜੈ ਬਾਹਰਲਾ ਗੇਟ ਖੋਲ੍ਹ ਕੇ ਆਉਂਦਾ ਸੀ ਤਾਂ ਮੈਨੂੰ ਪਤਾ ਲੱਗ ਜਾਂਦਾ ਸੀ। ਉਹ ਡਰਾਇੰਗ-ਰੂਮ ਦਾ ਅੰਦਰਲਾ ਦਰਵਾਜ਼ਾ ਲਾਉਂਦਾ ਸੀ। ਰਸੋਈ ’ਚ ਜਾਂਦਾ ਸੀ। ਬਿਨਾਂ ਕੋਈ ਖੜਕਾ ਕੀਤਿਆਂ ਰੋਟੀ ਖਾਂਦਾ ਸੀ। ਵੀਹ ਕੁ ਮਿੰਟਾਂ ਬਾਅਦ ਉਸ ਦੇ ਕਮਰੇ ਦੀ ਲਾਈਟ ਬੰਦ ਹੋ ਜਾਂਦੀ ਸੀ। ਫੇਰ ਮੇਰੀਆਂ ਅੱਖਾਂ ਨੀਂਦ ਨਾਲ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਨ।
ਮੈਥੋਂ ਮੁੰਡਿਆਂ ਨੂੰ ਬਹੁਤਾ ਕੁਝ ਕਹਿ ਨਹੀਂ ਹੁੰਦਾ। ਜੇ ਕਹਾਂ ਵੀ ਤਾਂ ਉਹ ਕਿਹੜਾ ਮੰਨਦੇ ਹਨ। ਹੋਰ ਦੀਆਂ ਹੋਰ ਹੀ ਸੁਣਾ ਦਿੰਦੇ ਹਨ। ਮੈਨੂੰ ਆਪ ਵੀ ਲੱਗਦਾ ਹੈ ਕਿ ਮੈਥੋਂ ਉਨ੍ਹਾਂ ਦੀਆਂ ਬਹੁਤੀਆਂ ਗੱਲਾਂ ਦੇ ਜਵਾਬ ਨਹੀਂ ਦੇ ਹੁੰਦੇ।

‘‘ਕਿੰਨੇ ਵੱਜ ਗਏ?’’ ਉਹ ਮੇਰੇ ਮੋਢੇ ’ਤੇ ਆਪਣਾ ਸਿਰ ਰੱਖ ਕੇ ਪੁੱਛਦੀ ਹੈ।

‘‘ਸਾਢੇ ਬਾਰ੍ਹਾਂ।’’
‘‘ਉੱਠੋ ਟਾਈਮ ਪਾਸ ਕਰਨ ਲਈ ਟੈਲੀਵਿਜ਼ਨ ਦੇਖਦੇ ਹਾਂ।’’

‘‘ਤੂੰ ਕੌਫੀ ਬਣਾ ਕੇ ਲਿਆ,’’ ਕਹਿ ਕੇ ਮੈਂ ਉੱਠ ਖੜਦਾ ਹਾਂ। ਡਰਾਇੰਗ ਰੂਮ ’ਚ ਆ ਕੇ ਟੈਲੀਵਿਜ਼ਨ ਲਾ ਦਿੰਦਾ ਹਾਂ।

ਜਦੋਂ ਉਸ ਨੇ ਕੌਫੀ ਵਾਲੇ ਕੱਪ ਮੇਜ਼ ’ਤੇ ਰੱਖੇ, ‘ਆਜ ਤੱਕ’ ਚੈਨਲ ’ਤੇ ਪ੍ਰਭੂ ਚਾਵਲਾ ਸ਼ਾਹਰੁਖ ਖਾਨ ਦੀ ਇੰਟਰਵਿੳੂ ਲੈ ਰਿਹਾ ਸੀ। ਪ੍ਰਭੂ ਚਾਵਲਾ ਦੇ ਇਕ ਸਵਾਲ ਦੇ ਜਵਾਬ ’ਚ ਸ਼ਾਹਰੁਖ ਖਾਨ ਦੱਸ ਰਿਹਾ ਹੈ, ‘‘ਪ੍ਰਭੂ ਜੀ ਅਬ ਆਪ ਕਾ ਸਮਯ ਨਹੀਂ ਰਹਾ। ਆਪ ਕੇ ਸਮਯ ਮੇਂ ਲੜਕੇ ਲੜਕੀਉਂ ਕੇ ਪੀਛੇ ਭਾਗਤੇ ਥੇ। ਅਭ ਸਮਯ ਯਹ ਹੈ ਕਿ ਲੜਕੀਆਂ ਲੜਕੋਂ ਕੇ ਪੀਛੇ ਭਾਗਤੀ ਹੈਂ।’’

ਉਹ ਟੈਲੀਵਿਜ਼ਨ ਦੀ ਸਕਰੀਨ ’ਤੇ ਨਜ਼ਰਾਂ ਟਿਕਾਈ ਹੀ ਕਹਿੰਦੀ ਹੈ, ‘‘ਸ਼ਾਹਰੁਖ ਠੀਕ ਹੀ ਕਹਿ ਰਿਹਾ।’’
ਮੈਂ ਉਹ ਨੂੰ ਛੇੜਦਾ ਹਾਂ, ‘‘ਤੈਨੂੰ ਕਿਵੇਂ ਪਤਾ?’’

‘‘ਆਪਣਾ ਬਲਰਾਜ ਕਈ ਵਾਰ ਬਾਥਰੂਮ ਗਿਆ ਹੁੰਦਾ। ਉਹਦਾ ਮੋਬਾਇਲ ਬਾਹਰ ਪਿਆ ਹੁੰਦਾ। ਜਦੋਂ ਰਿੰਗ ਹੋਵੇ ਤਾਂ ਮੈਂ ਚੁੱਕਦੀ ਹਾਂ। ਅੱਗੋਂ ਕਿਸੇ ਨਾ ਕਿਸੇ ਕੁੜੀ ਦੀ ਆਵਾਜ਼ ਆਉਂਦੀ ਆ। ਇਕ ਦਿਨ ਮੈਂ ਗੁੱਸੇ ਨਾਲ ਇਕ ਕੁੜੀ ਨੂੰ ਪੁੱਛ ਹੀ ਲਿਆ-‘ਤੂੰ ਕੌਣ ਬੋਲਦੀ ਆਂ?’ ਤਾਂ ਪਤਾ ਅੱਗੋਂ ਉਹ ਕੀ ਬੋਲੀ। ਕਹਿੰਦੀ-‘ਆਂਟੀ ਜੀ-ਗੁੱਸੇ ਨਾਲ ਕਿਉਂ ਬੋਲਦੇ ਹੋ। ਮੈਂ ਬਲਰਾਜ ਦੀ ਫਰੈਂਡ ਬੋਲਦੀ ਆਂ। ਉਹਨੂੰ ਕਹਿਣਾ ਮੈਨੂੰ ਫੋਨ ਕਰੇ।’ ਬਲਰਾਜ ਬਾਹਰ ਆਇਆ ਤਾਂ ਮੈਂ ਉਹਨੂੰ ਫੋਨ ਬਾਰੇ ਦੱਸਿਆ। ਪੁੱਛਿਆ ਇਹ ਕਿਹੜੀ ਨਵੀਂ ਸਹੇਲੀ ਬਣ ਗਈ? ਉਸ ਦਾ ਜਵਾਬ ਸੀ-‘‘ਕੋਈ ਨ੍ਹੀਂ। ਮੇਰੀ ਕਲਾਸ ਫੈਲੋ ਆ।’’ ਮੈਂ ਉਹਨੂੰ ਉਲਟਾ ਕੇ ਪੁੱਛਿਆ ਸੀ-‘ਪਿਛਲੇ ਹਫਤੇ ਕਿਸੇ ਪ੍ਰੋਫੈਸਰ ਦੀ ਕੁੜੀ ਦਾ ਫੋਨ ਆਇਆ ਸੀ।’ ਬਲਰਾਜ ਖਿਝ ਗਿਆ ਸੀ। ਉਹਨੇ ਔਖ ਮੰਨਦਿਆ ਕਿਹਾ ਸੀ, ‘ਮੇਰੀਏ ਭੋਲੀਏ ਮਾਏਂ, ਅੱਜ ਦੇ ਸਮੇਂ ’ਚ ਤੁਸੀਂ ਕੀ ਬੋਲਦੇ ਹੋ, ਨਾਲੋਂ ਤੁਸੀਂ ਕਿਦਾਂ ਬੋਲਦੇ ਹੋ-ਵਧੇਰੇ ਇਮਪੋਰਟੈਂਟ ਹੋ ਗਿਆ….। ਮੈਨੂੰ ਤਾਂ ਦਸ-ਪੰਦਰਾਂ ਕੁੜੀਆਂ ਦੇ ਫੋਨ ਆਉਂਦੇ ਆ। ਕਿਸੇ ਦੀ ਕੋਈ ਸਮੱਸਿਆ ਆ। ਕਿਸੇ ਦੀ ਕੋਈ। ਆਹ-ਹੁਣ ਜਿਸ ਦਾ ਅੱਜ ਫੋਨ ਆਇਆ-ਉਹ ਦਾ ਨਾਂ ਸਤਵਿੰਦਰ ਆ। ਗਰੀਬ ਘਰ ਦੀ ਕੁੜੀ ਆ। ਕਾਲ ਸੈਂਟਰ ’ਚ ਜੌਬ ਕਰਨੀ ਚਾਹੁੰਦੀ ਆ। ਅਜੈ ਤੋਂ ਹੈਲਪ ਚਾਹੁੰਦੀ ਆ। ਮੈਂ ਅਜੈ ਨੂੰ ਕਹਿਨਾ। ਮੈਂ ਆਪ ਚਾਹੁੰਦਾ ਆਂ ਕਿ ਉਸ ਨੂੰ ਜੌਬ ਮਿਲ ਜਾਵੇ’।’’

ਮੈਨੂੰ ਉਹ ਦੇ ਵਿਹਾਰ ’ਤੇ ਹੈਰਾਨੀ ਹੁੰਦੀ ਹੈ। ਦੋ ਕੁ ਸਾਲਾਂ ਪਹਿਲਾਂ ਦੀ ਗੱਲ ਸੀ। ਬਲਰਾਜ ਆਪਣੇ ਦੋਸਤਾਂ ਨਾਲ ਮੋਟਰ ਸਾਈਕਲ ’ਤੇ ਜਵਾਲਾਮੁਖੀ ਗਿਆ ਸੀ। ਇਕ ਮੋੜ ’ਤੇ ਉਸ ਕੋਲੋਂ ਮੋਟਰਸਾਈਕਲ ਕੰਟਰੋਲ ਨਹੀਂ ਹੋਇਆ ਸੀ। ਉਹ ਇਕ ਖੱਡ ’ਚ ਡਿੱਗ ਪਿਆ ਸੀ। ਉਸ ਦੇ ਖੱਬੇ ਕੰਨ ਤੇ ਲੱਤ ’ਤੇ ਕਾਫੀ ਸੱਟਾਂ ਲੱਗੀਆਂ ਸੀ। ਪੰਦਰਾਂ ਟਾਂਕੇ ਲੱਗੇ ਸੀ। ਉਸ ਦੇ ਕਲਾਸਫੈਲੋ ਉਸ ਦਾ ਪਤਾ ਲੈਣ ਆਏ ਸੀ। ਮੈਂ ਦਫਤਰ ਗਿਆ ਹੋਇਆ ਸੀ। ਸ਼ਾਮ ਨੂੰ ਮਨਜੀਤ ਨੇ ਬੜੇ ਉਤਸ਼ਾਹ ਨਾਲ ਦੱਸਿਆ ਸੀ, ‘‘ਅੱਜ ਬਲਰਾਜ ਨਾਲ ਪੜ੍ਹਦੀਆਂ ਕੁੜੀਆਂ ਪਤਾ ਲੈਣ ਆਈਆਂ ਸੀ। ਸਾਰੀਆਂ ਨੇ ਜੀਨ ਦੀਆਂ ਪੈਟਾਂ ਪਾਈਆਂ ਸੀ। ਹੱਸ ਹੱਸ ਕੇ ਇਕ ਦੂਜੇ ਨੂੰ ਮਜ਼ਾਕ ਕਰ ਰਹੀਆਂ ਸਨ। ਮੈਨੂੰ ਆਪਣੀਆਂ ਗੱਲਾਂ ’ਚ ਵਾਰ-ਵਾਰ ਸ਼ਾਮਿਲ ਕਰ ਲੈਂਦੀਆਂ-‘ਆਂਟੀ ਜੀ ਠੀਕ ਆ ਨਾ?’ ਉਨ੍ਹਾਂ ਦੇ ਬੈਠਿਆਂ ਮੈਨੂੰ ਲੱਗਿਆ ਹੀ ਨ੍ਹੀਂ ਕਿ ਇਹ ਕੁੜੀਆਂ ਬਾਹਰੋਂ ਆਈਆਂ। ਬੜੀ ਅਪਣਤ ਸੀ ਉਨ੍ਹਾਂ ’ਚ। ਮੈਂ ਬਲਰਾਜ ਨੂੰ ਬਾਥਰੂਮ ਜਾਣ ਲਈ ਉਠਾਉਣ ਲੱਗੀ ਤਾਂ ਇਕ ਕੁੜੀ ਬੋਲੀ, ‘ਆਂਟੀ ਜੀ -ਤੁਸੀਂ ਬੈਠੋ। ਮੈਂ ਛੱਡ ਆਉਂਦੀ ਆਂ।’ ਮੈਨੂੰ ਸ਼ਰਮ ਆ ਗਈ ਪਰ ਉਸ ਕੁੜੀ ਨੇ ਕੋਈ ਝਿਝਕ ਮਹਿਸੂਸ ਨਾ ਕੀਤੀ। ਬਲਰਾਜ ਦੇ ਸਿਰ ਹੇਠਾਂ ਬਾਂਹ ਰੱਖ ਕੇ ਉਸਨੂੰ ਉਠਾ ਲਿਆ। ਬਾਥਰੂਮ ’ਚ ਛੱਡ ਆਈ।’’

ਮੈਂ ਕਿਹਾ ਸੀ, ‘‘ਇਸ ਵਿਚ ਕਿਹੜੀ ਖਾਸ ਗੱਲ ਆ?’’ ਉਹ ਖਿਝ ਨਾਲ ਬੋਲੀ ਸੀ, ‘‘ਕਿਉਂ, ਖਾਸ ਕਿਉਂ ਨ੍ਹੀਂ। ਅੱਜ ਕਲ੍ਹ ਕੁੜੀਆਂ ਨੂੰ ਕਿੰਨੀ ਆਜ਼ਾਦੀ ਮਿਲੀ ਆ। ਕੋਈ ਮੈਨੂੰ ਪੁੱਛ ਕੇ ਦੇਖੇ-ਮੈਂ ਕਿੰਨੇ ਔਖੇ ਦਿਨ ਦੇਖੇ ਆ। ਤੁਹਾਨੂੰ ਯਾਦ ਆ ਨਾ-ਇਕ ਤੁਹਾਡਾ ਦੋਸਤ ਹੁੰਦਾ ਸੀ ਗੁਰਬਚਨ। ਇਕ ਵਾਰ ਉਹ ਆਪਣੀ ਘਰਵਾਲੀ ਨਾਲ ਆਇਆ ਸੀ। ਮੈਂ ਨੰਗੇ ਸਿਰ ਤੁਹਾਡੇ ਲਈ ਚਾਹ ਲੈ ਕੇ ਗਈ ਸੀ। ਮਾਤਾ ਜੀ ਨੇ ਮੇਰੀ ਐਨੀ ਕੁੱਤੇਖਾਣੀ ਕੀਤੀ ਸੀ ਕਿ ਰਹੇ ਰੱਬ ਦਾ ਨਾਂ। ਮੈਂ ਸਾਰੀ ਰਾਤ ਰੋ-ਰੋ ਕੇ ਕੱਟੀ ਸੀ…।’’

ਮੈਨੂੰ ਆਪਣੇ ਵਲੈਤੀਏ ਦੋਸਤ ਸਤਵੰਤ ਉਪਲ ਦੀ ਗੱਲ ਯਾਦ ਆ ਗਈ ਸੀ। ਉਹਨੇ ਦੱਸਿਆ ਸੀ ਕਿ ਉਸ ਦੇ ਮੁੰਡੇ ਦਾ ਕਈ ਕੁੜੀਆਂ ਨਾਲ ਅਫੇਅਰ ਚਲ ਰਿਹਾ ਸੀ। ਉਹ ਇਸ ਗੱਲ ਨੂੰ ਬੁਰਾ ਨਹੀਂ ਸਮਝਦਾ ਸੀ। ਸਗੋਂ ਮਾਣ ਮਹਿਸੂਸ ਕਰਦਾ ਸੀ। ਮੈਂ ਇਹ ਗੱਲ ਮਨਜੀਤ ਨੂੰ ਨਹੀਂ ਦੱਸੀ ਸੀ। ਜੇ ਦੱਸਦਾ ਤਾਂ ਉਸ ਕਹਿਣਾ ਸੀ, ‘‘ਐਵੇਂ ਨਾ ਮੁੰਡਿਆਂ ਨੂੰ ਚਮਲਾਈ ਜਾਉ। ਜੇ ਇਕ ਵਾਰ ਵਿਗੜ ਗਏ ਤਾਂ ਕਾਬੂ ਕਰਨੇ ਔਖੇ ਹੋ ਜਾਣੇ ਆ।’’ ਉਹ ਇਸ ਗੱਲ ਤੋਂ ਵੀ ਔਖੀ ਹੈ ਕਿ ਮੁੰਡੇ ਉਸ ਵੱਲੋਂ ਖਰੀਦੇ ਕੱਪੜੇ ਪਸੰਦ ਨਹੀਂ ਕਰਦੇ। ਪਿਛਲੀ ਦੀਵਾਲੀ ’ਤੇ ਉਹ ਚੰਡੀਗੜ੍ਹ ਆਪਣੀ ਭੈਣ ਨੂੰ ਮਿਲਣ ਗਈ ਸੀ। ਸੈਕਟਰ ਬਾਈ ਦੀ ਮਾਰਕੀਟ ’ਚੋਂ ਮੁੰਡਿਆਂ ਲਈ ਪੈਂਟਾਂ ਤੇ ਕਮੀਜ਼ਾਂ ਦੇ ਟੋਟੇ ਲੈ ਆਈ ਸੀ। ਉਸ ਬੜਾ ਹੁੱਭ ਕੇ ਦੱਸਿਆ ਸੀ ਕਿ ਉਹ ਕਪੜਾ ਹੁਣੇ-ਹੁਣੇ ਮਾਰਕੀਟ ’ਚ ਆਇਆ ਸੀ। ਅਜੈ ਨੇ ਕੱਪੜਿਆਂ ਨੂੰ ਦੇਖਿਆ ਤੱਕ ਨਹੀਂ ਸੀ। ਕਿਹਾ ਸੀ, ‘‘ਮੰਮੀ ਜੀ, ਮੈਂ ਨ੍ਹੀਂ ਇਹ ਕੱਪੜੇ ਸੀਲਾਉਣੇ। ਤੁਸੀਂ ਡੈਡੀ ਜੀ ਲਈ ਰੱਖ ਲਉ।’’ ਬਲਰਾਜ ਬੋਲਿਆ ਸੀ, ‘‘ਮੈਂ ਤਾਂ ਰੈਡੀਮੇਡ ਪਾਊਂਗਾ। ਐਵੇਂ ਨਾ ਪੈਸੇ ਖਰਾਬ ਕਰਿਆ ਕਰੋ।’’ ਬਾਅਦ ’ਚ ਮੈਂ ਇਹ ਕੱਪੜੇ ਪਾਏ ਸਨ।

ਮੈਂ ਖ਼ਬਰਾਂ ਵਾਲਾ ਚੈਨਲ ਲਾ ਦਿੰਦਾ ਹਾਂ। ਅਜੈ ਨੇ ਇਕ ਘੰਟੇ ਬਾਅਦ ਆਉਣਾ ਹੈ। ਕੋਈ ਖਾਸ ਖ਼ਬਰ ਨਹੀਂ ਹੈ। ਮੈਂ ਵੱਖ-ਵੱਖ ਚੈਨਲ ਲਾਉਂਦਾ ਹਾਂ। ਕੋਈ ਵੀ ਪ੍ਰੋਗਰਾਮ ਚੰਗਾ ਨਹੀਂ ਲੱਗ ਰਿਹਾ। ਮੈਂ ਰਿਮੋਟ ਕੰਟਰੋਲ ਮਨਜੀਤ ਵੱਲ ਸੁੱਟ ਦਿੰਦਾ ਹਾਂ। ਉਹ ਸਿਟੀ ਚੈਨਲ ਲਾ ਦਿੰਦੀ ਹੈ। ਖ਼ਬਰਾਂ ਆ ਰਹੀਆਂ ਹਨ। ਕੁਝ ਖਾਸ ਖ਼ਬਰਾਂ ਬਿਲਟ ’ਤੇ ਅੱਖਰਾਂ ਦੇ ਰੂਪ ’ਚ ਦਿੱਸ ਰਹੀਆਂ ਹਨ। ਬਹੁਤੀਆਂ ਖ਼ਬਰਾਂ ਸ਼ਹਿਰ ’ਚ ਹੋ ਰਹੇ ਜਗਰਾਤਿਆਂ, ਵੱਡੇ-ਵੱਡੇ ਸ਼ੌਪਿੰਗ ਕੰਪਲੈਕਸਾਂ, ਜੋਤਸ਼ੀਆਂ ਤੇ ਲੀਡਰਾਂ ਬਾਰੇ ਹੀ ਹਨ। ਉਹ ਕਹਿੰਦੀ ਹੈ, ‘‘ਪਤਾ ਨ੍ਹੀਂ ਲੋਕਾਂ ਕੋਲ ਕਿਥੋਂ ਐਨਾ ਪੈਸਾ ਆ ਗਿਆ, ਜਿਧਰ ਦੇਖੋ-ਮਾਲ ਹੀ ਮਾਲ ਖੁੱਲ੍ਹਣ ਲੱਗ ਪਏ ਆ। ਛੋਟੇ ਦੁਕਾਨਦਾਰਾਂ ਦਾ ਕੀ ਹੋਵੇਗਾ।’’ ਮੈਂ ਉਸ ਦੀ ਇਸ ਗੱਲ ਦਾ ਕੋਈ ਹੁੰਗਾਰਾ ਨਹੀਂ ਭਰਦਾ ਕਿਉਂਕਿ ਉਹ ਇਹ ਗੱਲ ਕਈ ਵਾਰ ਪਹਿਲਾਂ ਵੀ ਕਰ ਚੁੱਕੀ ਹੈ। ਉਹ ਟੈਲੀਵਿਜ਼ਨ ਬੰਦ ਕਰ ਦਿੰਦੀ ਹੈ। ਮੈਂ ਕਹਿੰਦਾ ਹਾਂ, ‘‘ਮੈਂ ਤੇ ਬਲਰਾਜ ਇਕੱਠੇ ਜਾ ਕੇ ਅਜੈ ਨੂੰ ਲੈ ਆਈਏ?’’ ਉਹ ਨਾਂਹ ’ਚ ਸਿਰ ਹਿਲਾਉਂਦੀ ਕਹਿੰਦੀ ਹੈ, ‘‘ਬਲਰਾਜ ਨੂੰ ਸੌਂ ਲੈਣ ਦਿਉ। ਉਹ ਵੇਲੇ ਸਿਰ ਸੌਂ ਜਾਂਦਾ। ਤੜਕੇ ਉੱਠ ਕੇ ਪੜ੍ਹਦਾ।’’ ਮੈਂ ਫੇਰ ਕਹਿੰਦਾ ਹਾਂ, ‘‘ਬੱਸ-ਆਏ ਤੇ ਗਏ।’’ ਉਹ ਮੇਰੀ ਬਾਂਹ ਫੜ ਲੈਂਦੀ ਹੈ। ਕੰਬਦੀ ਆਵਾਜ਼ ’ਚ ਕਹਿੰਦੀ ਹੈ, ‘‘ਪਹਿਲਾਂ ਹੀ ਅਜੈ ਦੀ ਚਿੰਤਾ ਆ। ਪਿੱਛੋਂ ਜੇ ਮੈਨੂੰ ਕੁਸ਼ ਹੋ ਗਿਆ ਤਾਂ ਮੈਨੂੰ ਕੌਣ ਸੰਭਾਲੂ।’’

ਮੈਂ ਐਵੇਂ ਹੀ ਡਰਾਇੰਗ-ਰੂਮ ’ਚ ਗੇੜੇ ਕੱਢਣੇ ਸ਼ੁਰੂ ਕਰ ਦਿੰਦਾ ਹਾਂ।
ਉਹ ਜ਼ੋਰ ਪਾ ਕੇ ਕਹਿੰਦੀ ਹੈ, ‘‘ਉਹਨੂੰ ਕਹੋ-ਇਹ ਜੌਬ ਛੱਡ ਦੇਵੇ।’’
‘‘ਤੂੰ ਆਪ ਕਹਿ ਕੇ ਦੇਖ ਲੈ।’’

‘‘ਮੈਂ ਵਥੇਰਾ ਕਹਿ ਲਿਆ। ਮੇਰੀ ਤਾਂ ਉਹ ਇਕ ਵੀ ਨ੍ਹੀਂ ਮੰਨਦਾ। ਅੱਗੋਂ ਆਪਣੀਆਂ ਹੀ ਸੁਣਾਉਣ ਲੱਗ ਜਾਂਦਾ।… ਇਕ ਦਿਨ ਤਾਂ ਉਸ ਮੈਨੂੰ ਰੋਣਹਾਕੀ ਕਰ ਦਿੱਤਾ ਸੀ।… ਮੈਂ ਘੂਰਿਆ ਸੀ ਤਾਂ ਅਗੋਂ ਸਮਝਾਉਣ ਲੱਗਾ, ‘ਤੁਸੀਂ ਮੇਰੀ ਸਿਚਉਏਸ਼ਨ ਕਿਉਂ ਨ੍ਹੀਂ ਸਮਝਦੇ। ਇਹ ਮੈਨੂੰ ਪਤਾ ਆ ਕਿ ਮੈਂ ਇਸ ਕਾਲ ਸੈਂਟਰ ’ਚ ਆ ਕੇ ਕਿੰਨਾ ਕੁਸ਼ ਸਿਖਿਆ। ਪਿਛਲੇ ਹਫਤੇ ਮਦਰਾਸ ਤੋਂ ਦੋ ਐਕਸਪਰਟ ਆਏ ਸੀ। ਉਨ੍ਹਾਂ ਦੀ ਉਮਰ ਤੀਹ ਕੁ ਸਾਲਾਂ ਦੀ ਹੋਣੀ ਆ। ਪਾਣੀ ਵਾਂਗੂ ਇੰਗਲਿਸ਼ ਬੋਲਦੇ ਸੀ। ਉਨ੍ਹਾਂ ਬੜੇ ਪਿਆਰ ਨਾਲ ਸਾਨੂੰ ਸਮਝਾਇਆ। ਮੈਂ ਐਨੇ ਇਨਟੈਕਚੂਅਲ ਪਹਿਲਾਂ ਕਦੇ ਨ੍ਹੀਂ ਦੇਖੇ। ਉਹ ਇਕ ਹਫਤੇ ਲਈ ਆਏ ਸੀ। ਅਸੀਂ ਸਾਰੇ ਜਣਿਆਂ ਨੇ ਉਨ੍ਹਾਂ ਨੂੰ ਪ੍ਰੀਤ ਬਾਰ ਹਾਊਸ ’ਚ ਪਾਰਟੀ ਦਿੱਤੀ ਸੀ। ਮੈਂ ਉਨ੍ਹਾਂ ਕੋਲੋਂ ਬਹੁਤ ਕੁਸ਼ ਸਿੱਖਿਆ। ਜੇ ਮੈਂ ਇਸ ਕਾਲ ਸੈਂਟਰ ’ਚ ਨਾ ਜਾਂਦਾ ਤਾਂ ਮੇਰੇ ਇੰਗਲਿਸ਼ ਬੋਲਣ ਦਾ ਫਲੋ ਨ੍ਹੀਂ ਬਣਨਾ ਸੀ…।’’ ਉਹ ਨੇ ਆਪਣੀ ਗੱਲ ਮੁਕਾ ਕੇ ਮੇਰੇ ਵੱਲ ਦੇਖਿਆ ਹੈ।

ਮੈਂ ਨਹੀਂ ਚਾਹੁੰਦਾ ਕਿ ਉਹ ਕਾਲ ਸੈਂਟਰ ਵਾਲੀ ਜੌਬ ਕਰੇ। ਜਦੋਂ ਉਸ ਨੂੰ ਟ੍ਰੇਨਿੰਗ ਤੋਂ ਬਾਅਦ ਇੰਪਲਾਇਮੈਂਟ ਲੈਟਰ ਮਿਲਿਆ ਸੀ ਤਾਂ ਮੈਂ ਉਸ ਦੀ ਇਸ ਜੌਬ ਦਾ ਵਿਰੋਧ ਕੀਤਾ ਸੀ। ਸਮਝਾਇਆ ਸੀ, ‘‘ਬੇਟਾ-ਇਹ ਜੌਬ ਤੇਰੀ ਸਟੱਡੀ ਦੇ ਉਲਟ ਆ। ਮੈਨੂੰ ਨ੍ਹੀਂ ਪਤਾ ਲੱਗ ਰਿਹਾ ਕਿ ਤੂੰ ਇਹ ਕਿਉਂ ਅਸੈਪਟ ਕਰ ਲਈ।’’ ਉਸਦਾ ਜਵਾਬ ਸੀ, ‘‘ਕੁਸ਼ ਨਵਾਂ ਸਿੱਖਣ ਲਈ।’’

ਅਜੈ ਇਨ੍ਹਾਂ ਦਿਨਾਂ ’ਚ ਸਿਵਲ ਹਸਪਤਾਲ ਇੰਟਰਨਰਸ਼ਿਪ ਕਰ ਰਿਹਾ ਹੈ। ਸਵੇਰ ਨੂੰ ਗਿਆਰਾਂ ਵਜੇ ਤੋਂ ਇਕ ਵਜੇ ਤੱਕ ਉਥੇ ਜਾਂਦਾ ਹੈ। ਇਕ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਕੱਕੜ ਹਸਪਤਾਲ ’ਚ ਬਤੌਰ ਫਿਜੋਥੈ੍ਰਪੀਡਿਟਸ ਡਾਕਟਰ ਵਜੋਂ ਮਰੀਜ਼ ਦੇਖਦਾ ਹੈ। ਛੇ ਵਜੇ ਤੋਂ ਲੈ ਕੇ ਦੋ ਵਜੇ ਤੱਕ ਫਸਟਸਟੋਨ ਕਾਲ ਸੈਂਟਰ ’ਚ ਜਾਂਦਾ ਹੈ। ਇੱਕ ਦਿਨ ਉਹ ਬਲਰਾਜ ਨੂੰ ਸਮਝਾ ਰਿਹਾ ਸੀ ਕਿ ਉਹ ਕਿਤਾਬਾਂ ਦੀ ਦੁਨੀਆਂ ਤੋਂ ਬਾਹਰ ਦੀ ਦੁਨੀਆਂ ਵੀ ਦੇਖੇ ਤੇ ਸਮਝੇ। ਇਹ ਠੀਕ ਹੈ ਕਿ ਉਹਨਾਂ ਨੂੰ ਆਪਣੇ ਸਲੇਬਸ ਨੂੰ ਕਵਰ ਕਰਨਾ ਹੁੰਦਾ ਹੈ ਪਰ ਨਾਲ ਦੀ ਨਾਲ ਜੋ ਕੁਝ ਆਲੇ ਦੁਆਲੇ ਵਾਪਰ ਰਿਹਾ ਹੈ, ਉਸ ਦੀ ਸਮਝ ਵੀ ਆਉਣੀ ਚਾਹੀਦੀ ਹੈ। ਉਸ ਬਲਰਾਜ ਨੂੰ ਖਾਸਾ ਲੰਬਾ ਚੌੜਾ ਭਾਸ਼ਨ ਦਿੱਤਾ ਸੀ, ‘‘ਅੱਜ ਦੇ ਬੰਦੇ ਦੀ ਸਾਇਕੋਲੌਜੀ ’ਚ ਇਕੋ ਗੱਲ ਸ਼ਾਮਿਲ ਆ ਕਿ ਜੋ ਕੁਸ਼ ਵੀ ਮਿਲ ਸਕਦਾ ਆ, ਉਸ ਨੂੰ ਜਲਦੀ ਤੋਂ ਜਲਦੀ ਲੈ ਲਿਆ ਜਾਵੇ। ਵੱਸ ’ਚ ਕਰ ਲਿਆ ਜਾਵੇ। ਕਿਵੇਂ ਨਾ ਕਿਵੇਂ ਕਾਮਯਾਬ ਹੋਇਆ ਜਾਵੇ। ਪੈਸਾ ਕਮਾਉ ਤੇ ਐਸ਼ ਕਰੋ…… ਤੂੰ ਘੱਟੋ-ਘੱਟ ਇਕ ਘੰਟਾ ਨਵੇਂ ਖੁੱਲ੍ਹੇ ਮਾਲਾਂ ’ਚ ਜਾਇਆ ਕਰ। ਤੈਨੂੰ ਪਤਾ ਲੱਗੇਗਾ ਕਿ ਬਾਜ਼ਾਰ ’ਚ ਕੀ ਨਵਾਂ ਟਰੈਂਡ ਚਲ ਰਿਹਾ। ਮੈਂ ਹਫਤੇ ’ਚ ਇਕ ਵਾਰ ਅਵੱਸ਼ ਹੀ ਇਨ੍ਹਾਂ ਮਾਲਾਂ ’ਚ ਜਾਂਦਾ ਆਂ। ਇਕ ਦਿਨ ਮੋਰ ਵਾਲਿਆਂ ਦੇ ਗਿਆ ਸੀ। ਮੈਥੋਂ ਅੱਗੇ ਦੋ ਮੁੰਡੇ ਖੜੇ ਸੀ। ਉਨ੍ਹਾਂ ਕਾੳੂਂਟਰ ’ਤੇ ਖੜੀ ਸੇਲਜ਼ਗਰਲ ਨੂੰ ਭੱਦਾ ਮਜ਼ਾਕ ਕੀਤਾ ਸੀ। ਅਗੋਂ ਸੇਲਜ਼ਗਰਲ ਨੇ ਬੁਰਾ ਨ੍ਹੀਂ ਮਨਾਇਆ ਸੀ। ਮੈਂ ਇਸ ਬਾਰੇ ਉਸ ਕੋਲੋਂ ਪੁੱਛਿਆ ਸੀ ਤਾਂ ਅੱਗੋਂ ਉਸ ਮੈਨੂੰ ਮੇਰੇ ਬਾਰੇ ਹੀ ਪੁੱਛ ਲਿਆ ਸੀ। ਮੈਂ ਆਪਣੇ ਬਾਰੇ ਦੱਸਿਆ ਤਾਂ ਉਸ ਦਾ ਜਵਾਬ ਸੀ, ‘ਤੁਸੀਂ ਡਾਕਟਰ ਹੋ। ਏਸੇ ਲਈ ਪੁੱਛ ਰਹੇ ਹੋ। ਏਥੇ ਰੋਜ਼ ਹੀ ਅਜਿਹੇ ਅਨੇਕਾਂ ਕਸਟਮਰ ਆਉਂਦੇ ਆ। ਜੇ ਮੈਂ ਗੁੱਸਾ ਕਰਨ ਲੱਗਜਾਂ ਤਾਂ ਮੈਨੇਜਰ ਨੇ ਸ਼ਾਮ ਨੂੰ ਮੇਰੀ ਛੁੱਟੀ ਕਰਵਾ ਦੇਣੀ ਆ।’ ਮੈਂ ਦੋ ਚਾਰ ਵਾਰ ਗਿਆ ਤਾਂ ਉਹ ਮੇਰੇ ਨਾਲ ਖੁੱਲ੍ਹ ਗਈ ਸੀ। ਉਸ ਦੱਸਿਆ ਸੀ, ‘ਉਹ ਜਿਹੜੀ ਕੁੜੀ ਸਾਹਮਣੇ ਖੜ੍ਹੀ ਆ ਨਾ-ਉਹ ਵੀ ਮੇਰੇ ਨਾਲ ਹੀ ਭਰਤੀ ਹੋਈ ਸੀ। ਉਸ ਦੀ ਮੈਨੇਜਰ ਨਾਲ ਗਿਟਮਿਟ ਆ। ਚਹੁੰ ਮਹੀਨਿਆਂ ’ਚ ਹੀ ਉਸ ਦੀ ਤਨਖਾਹ ਮੈਥੋਂ ਦੂਣੀ ਹੋ ਗਈ ਆ। ਮੈਨੂੰ ਵੀ ਮੈਨੇਜਰ ਨੇ ਦਾਣੇ ਪਾਏ ਸੀ ਪਰ ਮੈਂ ਉਸ ਦੀ ਗੱਲ ਅਣਸੁਣੀ ਕਰ ਦਿੱਤੀ ਸੀ। ਇਹ ਮੇਰੀ ਭੁੱਲ ਸੀ। ਹੁਣ ਮੈਨੂੰ ਲੱਗਦਾ ਆ ਕਿ ਜੇ ਪ੍ਰਾਈਵੇਟ ਸੈਕਟਰ ’ਚ ਕਾਮਯਾਬ ਹੋਣਾ ਆ ਤਾਂ ਪੁਰਾਣੀਆਂ ਸੋਚਾਂ ਨੂੰ ਛੱਡਣਾ ਪਵੇਗਾ।’ ਦੇਖ-ਜੇ ਮੈਂ ਮਾਰਕਿਟ ’ਚ ਨਾ ਜਾਂਦਾ ਤਾਂ ਆਹ ਗੱਲਾਂ ਮੈਨੂੰ ਕਿੱਥੋਂ ਪਤਾ ਲੱਗਣੀਆਂ ਸੀ। ਆਪਾਂ ਭਾਵੇਂ ਕੋਈ ਚੀਜ਼ ਨਾ ਖਰੀਦੀਏ-ਪਰ ਆਪਾਂ ਨੂੰ ਉਸ ਦੀ ਵੈਲਜ਼ੂ ਦਾ ਅਵੱਸ਼ ਹੀ ਪਤਾ ਹੋਣਾ ਚਾਹੀਦਾ।’’

ਬਲਰਾਜ ਨੇ ਉਹਨੂੰ ਦੱਸਿਆ ਸੀ, ‘‘ਤੂੰ ਮੈਨੂੰ ਕਮਲਾ ਸਮਝਦਾਂ, ਮੈਂ ਤਾਂ ਸ਼ਹਿਰ ਦੇ ਸਾਰੇ ਮਾਲ ਗਾਹੇ ਹੋਏ ਆ। ਹੁਣ ਮਾਡਲ ਟਾੳੂਨ ’ਚ ਇਕ ਨਵਾਂ ਮਾਲ ਖੁੱਲ੍ਹਿਆ। ਰਮਣੀਕ ਨਾਂ ਆ। ਡਾਕਖਾਨੇ ਕੋਲ। ਤੂੰ ਜਾ ਕੇ ਦੇਖ। ਕਿੰਨੇ ਬਰਾਂਡਾਂ ਦੀਆਂ ਜੀਨ ਦੀਆਂ ਪੈਂਟਾਂ ਆਈਆਂ….।’’

ਇਹੀ ਗੱਲਾਂ ਉਸ ਮੈਨੂੰ ਵੀ ਦੱਸੀਆਂ ਸਨ। ਬੜਾ ਕੁਝ ਹੋਰ ਵੀ ਦੱਸਿਆ ਸੀ। ਇਹ ਵੀ ਦੱਸਿਆ ਸੀ, ‘‘ਅੱਜ ਕਲ੍ਹ ਦੇ ਕਪਲ ਦੋਹਰੀ ਤਰ੍ਹਾਂ ਦੀ ਜ਼ਿੰਦਗੀ ਜਿਉਂ ਰਹੇ ਆ। ਇਕ ਘਰ ਦੀ। ਇਕ ਬਾਹਰ ਦੀ। ਮਤਲਬ ਦਫ਼ਤਰ ਦੀ। ਉਹ ਘਰ ਨੂੰ ਦਫਤਰ ਨ੍ਹੀਂ ਲੈ ਜਾਂਦੇ। ਦਫਤਰ ਨੂੰ ਘਰ। ਉਨ੍ਹਾਂ ਨੂੰ ਬਾਹਰ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪੈਂਦੇ ਆ। ਕਈਆਂ ਨਾਲ ਦੋਸਤੀਆਂ ਕਰਨੀਆਂ ਪੈਂਦੀਆਂ ਆ। ਕਿਸੇ ਨਾਲ ਲੰਚ ਕਰਨਾ ਪੈਂਦਾ ਆ। ਕਿਸੇ ਨਾਲ ਡਿਨਰ। ਕਿਸੇ ਨਾਲ ਕਿਸੇ ਪ੍ਰਾਈਵੇਟ ਥਾਂ ’ਤੇ ਵੀ ਜਾਣਾ ਪੈ ਸਕਦਾ ਆ। ਪਰ ਜਦੋਂ ਉਹ ਘਰ ’ਚ ਹੁੰਦੇ ਆ ਤਾਂ ਉਹ ਇਕ ਦੂਜੇ ਪ੍ਰਤੀ ਪੂਰੀ ਜ਼ੁੰਮੇਵਾਰੀ ਨਾਲ ਵਿਚਰਦੇ ਆ।’’

ਮੈਂ ਉਹਨੂੰ ਪੁੱਛ ਲਿਆ ਸੀ, ‘‘ਤੂੰ ਵੀ ਆਪਣੇ ਲਈ ਕੋਈ ਕੁੜੀ ਪਸੰਦ ਕਰ ਰੱਖੀ ਆ ਤਾਂ ਦੱਸ ਦੇ।’’
‘‘ਨ੍ਹੀਂ, ਅਜੇ ਤਾਂ ਨ੍ਹੀਂ। ਜਦੋਂ ਹੋਈ ਮੈਂ ਦੱਸ ਦਵਾਂਗਾ।’’

‘‘ਮੇਰੇ ਕੋਲ ਝੂਠ ਤਾਂ ਨ੍ਹੀਂ ਬੋਲਦਾ?’’

‘‘ਮੈਨੂੰ ਝੂਠ ਬੋਲਣ ਦੀ ਲੋੜ ਹੀ ਨ੍ਹੀਂ। ਮੈਂ ਮੰਮੀ ਨੂੰ ਦੱਸਿਆ ਸੀ ਕਿ ਉਹ ਮੇਰੇ ਬਾਰੇ ਚਿੰਤਾ ਨਾ ਕਰਨ। ਮੈਂ ਆਪਣਾ ਵਿਆਹ ਆਪ ਹੀ ਕਰਨਾ ਆ। ਉਨ੍ਹਾਂ ਨੂੰ ਨੂੰਹ ਚਾਹੀਦੀ ਆ। ਉਹ ਮਿਲ ਜਾਊਗੀ।’’

ਮੈਂ ਡਰਾਇੰਗ ਰੂਪ ’ਚ ਗੇੜੇ ਕੱਢਦਾ ਕੱਢਦਾ ਬਲਰਾਜ ਦੇ ਬੈੱਡ-ਰੂਮ ’ਚ ਚਲਾ ਜਾਂਦਾ ਹਾਂ। ਉਹ ਘੂਕ ਸੁੱਤਾ ਪਿਆ ਹੈ ਪਰ ਟਿੳੂਬ ਜਗ ਰਹੀ ਹੈ। ਸਾਹਮਣੇ ਵਾਲੀ ਕੰਧ ’ਤੇ ਉਸ ਕੰਪਿਊਟਰ ਤੋਂ ਬਾਈ ਪੋਆਇੰਟ ’ਚ ਕੰਪੋਜ ਕਰਵਾ ਕੇ ਲਿਖ ਰੱਖਿਆ ਹੈ : ਡਿਵਲਪਮੈਂਟ ਦਾ ਕੇਂਦਰ ਤੇ ਉਦੇਸ਼ ਹੁਣ ਮਨੁੱਖ ਨਹੀਂ ਰਿਹਾ ਸਗੋਂ ਡਿਵਲਪਮੈਂਟ ਹੀ ਉਦੇਸ਼ ਤੇ ਕੇਂਦਰ ਬਣ ਗਈ ਹੈ। ਮੇਰਾ ਸਿਰ ਚਕਰਾ ਜਾਂਦਾ ਹੈ। ਮੈਂ ਟਿਊਬ ਆਫ ਕਰ ਦਿੰਦਾ ਹਾਂ। ਕਾਹਲੀ-ਕਾਹਲੀ ਬਾਹਰ ਆ ਜਾਂਦਾ ਹਾਂ। ਅਜੈ ਦੇ ਬੈੱਡਰੂਮ ’ਚ ਚਲੇ ਜਾਂਦਾ ਹਾਂ। ਲਾਈਟ ਜਗਾਉਂਦਾ ਹਾਂ। ਬੜੇ ਸਲੀਕੇ ਨਾਲ ਉਸ ਆਪਣਾ ਕਮਰਾ ਸਜਾ ਰੱਖਿਆ ਹੈ। ਮੇਰੀ ਨਜ਼ਰ ਖੱਬੇ ਪਾਸੇ ਵਾਲੀ ਕੰਧ ’ਤੇ ਚਲੇ ਜਾਂਦੀ ਹੈ। ਉਥੇ ਬੈਰਾਕ ਹੁਸੈਨ ਉਬਾਮਾ ਦੀ ਫੋਟੋ ਲੱਗੀ ਹੈ। ਹੇਠਾਂ ਅਜੈ ਨੇ ਲਿਖਿਆ ਹੈ : ਹਿਸਟੌਰੀਕਲ ਵਿਕਟਰੀ। ਸੱਜੇ ਪਾਸੇ ਵਾਲੀ ਕੰਧ ’ਤੇ ਲਿਖਿਆ ਹੈ : ਵਿਅਕਤੀ ਇਤਿਹਾਸ ਬਣਾਉਂਦੇ ਹਨ, ਇਤਿਹਾਸ ਵਿਅਕਤੀ ਨਹੀਂ ਬਣਾਉਂਦਾ….।’’
ਦੋ ਵੱਜ ਗਏ ਹਨ। ਮੈਂ ਅਜੈ ਦੇ ਮੋਬਾਇਲ ’ਤੇ ਫੋਨ ਕਰਦਾ ਹਾਂ। ਮੋਬਾਇਲ ਅੱਗੋਂ
 ਬੰਦ ਹੈ। ਦੱਸਾਂ ਮਿੰਟਾਂ ਬਾਅਦ ਮੈਂ ਫੇਰ ਫੋਨ ਕਰਦਾ ਹਾਂ। ਅਜੈ ਦੀ ਆਵਾਜ਼ ਆਉਂਦੀ ਹੈ, ‘‘ਤੁਸੀਂ ਅਜੇ ਸੁੱਤੇ ਨ੍ਹੀਂ?’’
‘‘ਨ੍ਹੀਂ…….।’’ ਮੈਂ ਦੱਸਦਾ ਹਾਂ। ‘‘ਤੂੰ ਕਿੱਥੇ ਆਂ?’’

ਉਹ ਦੱਸਦਾ ਹੈ, ‘‘ਬੱਸ-ਪੰਜ ਮਿੰਟਾਂ ’ਚ ਆ ਗਿਆ।’’

ਮਨਜੀਤ ਰਸੋਈ ’ਚ ਚਲੇ ਗਈ ਹੈ। ਅਜੈ ਦੇ ਆਉਣ ਤੋਂ ਪਹਿਲਾਂ-ਪਹਿਲਾਂ ਮੈਂ ਫੈਸਲਾ ਕਰ ਲੈਂਦਾ ਹਾਂ ਕਿ ਹੁਣ ਉਸਨੂੰ ਇਹ ਜੌਬ ਨਹੀਂ ਕਰਨ ਦੇਣੀ। ਮੈਨੂੰ ਭਾਪਾ ਜੀ ਦਾ ਕਿਹਾ ਯਾਦ ਆ ਜਾਂਦਾ ਹੈ ਕਿ ਪਿਉ ਬਣਨਾ ਤਾਂ ਸੌਖਾਲਾ ਹੁੰਦਾ ਹੈ ਪਰ ਪਿਉ ਦੇ ਫਰਜ਼ ਨਿਭਾਉਣੇ ਔਖੇ ਹੁੰਦੇ ਹਨ। ਪਿਉ ਦੀ ਅਗਨੀ ਪ੍ਰੀਖਿਆ ਉਦੋਂ ਹੁੰਦੀ ਹੈ ਜਦੋਂ ਪੁੱਤ ਬਰੋਬਰ ਦਾ ਹੋ ਜਾਂਦਾ ਹੈ। ਐਸ ਵੇਲੇ ਪੂਰੀ ਸਮਝ, ਸਬਰ-ਸੰਤੋਖ ਤੇ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ। ਮੈਨੂੰ ਉਹਨਾਂ ਦਾ ਕਿਹਾ ਸੱਚ ਲੱਗਦਾ ਹੈ। ਮੈਂ ਉਹਨਾਂ ਦੇ ਸਿਖਾਏ ’ਤੇ ਚੱਲਣ ਦੀ ਕੋਸ਼ਿਸ਼ ਕਰਦਾ ਹਾਂ। ਮਾਰ ਉਦੋਂ ਖਾਂਦਾ ਹਾਂ ਜਦੋਂ ਮੈਂ ਕੁਝ ਸੋਚੀ ਬੈਠਾ ਹੁੰਦਾ ਹਾਂ-ਅੱਗੋਂ ਉਹ ਪਹਿਲਾਂ ਹੀ ਹੋਰ ਕੁਝ ਕਹਿ ਦਿੰਦਾ ਹੈ। ਮੈਨੂੰ ਐਦਾਂ ਲੱਗਦਾ ਹੈ ਕਿ ਮੇਰਾ ਕੰਮ ਤਾਂ ਉਨ੍ਹਾਂ ਨੂੰ ਪੈਸੇ ਦੇਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਹੋਰ ਕਿਸੇ ਕੰਮ ’ਚ ਉਨ੍ਹਾਂ ਨੂੰ ਮੇਰੀ ਲੋੜ ਹੀ ਨਹੀਂ ਹੈ। ਮਨਜੀਤ ਵੀ ਆਪਣੇ ਆਪ ਨੂੰ ਬੇਬੱਸ ਪਾਉਂਦੀ ਹੈ। ਪਿਛਲੇ ਹਫਤੇ ਅਸੀਂ ਚਾਰੇ ਜਣੇ ਬੈਠੇ ਸੀ। ਮੈਂ ਉਸ ਨੂੰ ਦੱਸਿਆ ਸੀ ਕਿ ਅਗਲੇ ਮਹੀਨੇ ਪੰਜਵੇਂ ਪੇ-ਕਮੀਸ਼ਨ ਦੀ ਰਿਪੋਰਟ ਲਾਗੂ ਹੋ ਜਾਣੀ ਹੈ। ਮੈਨੂੰ ਢਾਈ ਲੱਖ ਦੇ ਕਰੀਬ ਪੈਸੇ ਮਿਲ ਜਾਣੇ ਹਨ। ਮਨਜੀਤ ਨੇ ਝੱਟ ਕਿਹਾ ਸੀ, ‘‘ਇਸ ਵਾਰੀ ਸਾਰੇ ਪੈਸੇ ਮੈਨੂੰ ਦਿਉ। ਮੈਂ ਇਕ ਕਮਰਾ ਬਣਾਉਣਾ। ਆਏ ਗਏ ਲਈ ਕੋਈ ਸੈਪਰੇਟ ਕਮਰਾ ਨ੍ਹੀਂ ਹੈਗਾ।’’ ਬਲਰਾਜ ਨੂੰ ਆਪਣੀ ਮੰਮੀ ਦੀ ਸਕੀਮ ਚੰਗੀ ਲੱਗੀ ਸੀ। ਉਹਨੇ ਕਿਹਾ ਸੀ, ‘‘ਮੰਮੀ ਠੀਕ ਕਹਿ ਰਹੇ ਆ।’’ ਅਜੈ ਬੋਲਿਆ ਸੀ, ‘‘ਮਹੀਨੇ ’ਚ ਇਕ ਅੱਧ ਗੈਸਟ ਆਉਂਦਾ। ਉਸ ਨੂੰ ਮੇਰੇ ਵਾਲਾ ਕਮਰਾ ਦੇ ਦਿਆ ਕਰੋ। ਮੈਂ ਡਰਾਇੰਗ ਰੂਮ ’ਚ ਪਏ ਸੋਫੇ ’ਤੇ ਸੌਂ ਜਾਇਆ ਕਰਾਂਗਾ।’’ ਮਨਜੀਤ ਨੇ ਕਿਹਾ ਸੀ, ‘‘ਅੱਜ ਨ੍ਹੀਂ ਤਾਂ ਕਲ੍ਹ ਨੂੰ ਕਮਰੇ ਦੀ ਲੋੜ ਪੈਣੀ ਹੀ ਪੈਣੀ ਆ।’’ ਅਜੈ ਨੇ ਉਸ ਨੂੰ ਨਿਰਉੱਤਰ ਕਰ ਦਿੱਤਾ ਸੀ, ‘‘ਤੁਸੀਂ ਕਿਹਦੇ ਲਈ ਸੋਚਦੇ ਹੋ। ਮੈਨੂੰ ਅੱਜੇ ਤੱਕ ਪਤਾ ਨ੍ਹੀਂ ਕਿ ਮੈਂ ਕਿੱਥੇ ਸੈੱਟ ਹੋਣਾ। ਬਲਰਾਜ ਨੇ ਕਿੱਥੇ ਸੈੱਟ ਹੋਣਾ-ਇਸ ਬਾਰੇ ਵੀ ਆਪਾਂ ਕੁਸ਼ ਨ੍ਹੀਂ ਕਹਿ ਸਕਦੇ। ਜਿੱਥੇ ਕੋਈ ਰਹੇਗਾ-ਉਥੇ ਆਪਣਾ ਮਕਾਨ ਬਣਾ ਲਵੇਗਾ। ਤੁਹਾਡੇ ਦੋਹਾਂ ਜੀਆਂ ਲਈ ਇਹ ਘਰ ਬਥੇਰਾ ਆ। ਘਰ ’ਤੇ ਕੋਈ ਪੈਸਾ ਲਾਉਣ ਦੀ ਲੋੜ ਨ੍ਹੀਂ ਆ।’’

ਅਜੈ ਰੋਟੀ ਖਾ ਕੇ ਆਪਣੇ ਬੈੱਡ-ਰੂਮ ’ਚ ਜਾਣ ਲੱਗਾ ਤਾਂ ਮੈਂ ਉਹਨੂੰ ਰੋਕ ਲੈਂਦਾ ਹਾਂ। ਕਹਿੰਦਾ ਹਾਂ, ‘‘ਬੇਟੇ! ਇਹ ਨੌਕਰੀ ਛੱਡ ਦੇ। ਨ੍ਹੀਂ ਤਾਂ ਤੇਰੀ ਮੰਮੀ ਨੇ ਤੇਰੇ ਬਾਰੇ ਸੋਚਦਿਆਂ ਸੋਚਦਿਆਂ ਕੋਈ ਵੱਡੀ ਬਿਮਾਰੀ ਸਹੇੜ ਲੈਣੀ ਆ।’’

ਉਹ ਗੁੱਸੇ ਨਾਲ ਬੋਲਦਾ ਹੈ, ‘‘ਤੁਸੀਂ ਮੰਮੀ ਦਾ ਸਹਾਰਾ ਲੈ ਕੇ ਕਿਉਂ ਗੱਲ ਕਰਦੇ ਓਂ। ਤੁਸੀਂ ਤਾਂ ਮੰਮੀ ਨਾਲੋਂ ਵੀ ਜ਼ਿਆਦਾ ਡਰਪੋਕ ਹੁੰਦੇ ਜਾ ਰਹੇ ਹੋ…।’’ ਉਹ ਸਿੱਧਾ ਹੀ ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਕਹਿੰਦਾ ਹੈ, ‘‘ਤੁਸੀਂ ਮੈਨੂੰ ਕਾਮਯਾਬ ਹੋਣ ਦੇਣਾ ਆ ਕਿ ਨ੍ਹੀਂ। ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਇਹੀ ਆ ਕਿ ਤੁਸੀਂ ਕਦੇ ਆਪਣੇ ਬਾਰੇ ਸੋਚਿਆ ਹੀ ਨ੍ਹੀਂ। ਦੂਜਿਆਂ ਬਾਰੇ ਹੀ ਸੋਚਦੇ ਰਹੇ। ਅੱਜ ਦਾ ਸਮਾਂ ਕਹਿੰਦਾ ਆ ਕਿ ਪਹਿਲਾਂ ਆਪਣੇ ਬਾਰੇ ਸੋਚੋ। ਫੇਰ ਦੂਜਿਆਂ ਬਾਰੇ। ਉਹ ਵੀ ਉਦੋਂ ਜਦੋਂ ਤੁਹਾਡੇ ਕੋਲ ਫਾਲਤੂ ਸਮਾਂ ਹੋਵੇ। ਹੁਣ ਮੈਂ ਸਿਰਫ਼ ਤੇ ਸਿਰਫ਼ ਆਪਣੇ ਬਾਰੇ ਸੋਚਦਾ ਆਂ। ਠੀਕ ਆ ਨਾ, ਡੈਡੀ ਜੀ?’’ ਪਿਛਲੇ ਸ਼ਬਦ ਉਹ ਸਮਝਾਉਣ ਦੇ ਲਹਿਜੇ ’ਚ ਕਹਿੰਦਾ ਹੈ।

ਮੈਂ ਨੀਵੀਂ ਪਾਈ ਆਪਣੇ ਬੈੱਡਰੂਮ ਵੱਲ ਤੁਰ ਪੈਂਦਾ ਹਾਂ।