‘ਭਾਵੇਂ ਬੰਬ ਸੁੱਟ ਦਿਓ, ਮੇਰੇ ਦਿਲ ’ਚ ਤੁਹਾਡੇ ਲਈ ਪਿਆਰ ਹੀ ਹੈ’; ਮੁੰਬਈ ਕੰਸਰਟ ’ਚ ਦਿਲਜੀਤ ਦੋਸਾਂਝ ਦਾ ਜਵਾਬ

0
9

ਮੁੰਬਈ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਮੁੰਬਈ ਵਿੱਚ ਆਪਣੇ ਕੰਸਰਟ ਦੌਰਾਨ ਬੰਬ ਧਮਕੀਆਂ ਦੇਣ ਵਾਲਿਆਂ ਨੂੰ ਆਪਣੇ ਅੰਦਾਜ਼ ਵਿੱਚ ਜਵਾਬ ਦਿੱਤਾ। ਉਨ੍ਹਾਂ ਨੇ ਸਟੇਜ ਤੋਂ ਕਿਹਾ ਕਿ ਧਮਕੀ ਦੇਣ ਵਾਲਿਆਂ ਦਾ ਮਕਸਦ ਸਿਰਫ਼ ਇਹ ਹੈ ਕਿ ਕੋਈ ਵੀ ਦਿਲਜੀਤ ਦੇ ਸ਼ੋਅ ਵਿੱਚ ਨਾ ਜਾਵੇ ਅਤੇ ਲੋਕਾਂ ਨੂੰ ਡਰਾ ਕੇ ਰੋਕਿਆ ਜਾਵੇ।

ਦਿਲਜੀਤ ਨੇ ਕਿਹਾ, “ਸ਼ਹਿਰਾਂ ਵਿੱਚ ਬਾਰੂਦ ਦਾ ਮੌਸਮ ਹੈ, ਜਦਕਿ ਪਿੰਡਾਂ ਵਿੱਚ ਅਮਰੂਦਾਂ ਦਾ ਮੌਸਮ ਹੈ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਭਾਵੇਂ ਤੁਸੀਂ ਮੇਰੇ ’ਤੇ ਬੰਬ ਸੁੱਟ ਦਿਓ, ਫਿਰ ਵੀ ਮੇਰੇ ਦਿਲ ਵਿੱਚ ਤੁਹਾਡੇ ਲਈ ਪਿਆਰ ਹੀ ਹੈ।”

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੰਬਈ ਵਿੱਚ ਉਨ੍ਹਾਂ ਦੇ ਕੰਸਰਟ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। 23 ਅਕਤੂਬਰ ਨੂੰ ਮੁੰਬਈ ਦੀ ਮੇਅਰ ਰਿਤੂ ਤਾਵੜੇ ਦੇ ਦਫ਼ਤਰ ਨੂੰ ਇੱਕ ਈਮੇਲ ਮਿਲੀ ਸੀ, ਜਿਸ ਵਿੱਚ ਦਿਲਜੀਤ ਦੇ ਕੰਸਰਟ ਦੌਰਾਨ ਅੱਤਵਾਦੀ ਹਮਲੇ ਦੀ ਚੇਤਾਵਨੀ ਦਿੱਤੀ ਗਈ ਸੀ। ਇਸੇ ਈਮੇਲ ਵਿੱਚ ਅਦਾਕਾਰ ਅਮਿਤਾਭ ਬੱਚਨ ਦੇ ਜੁਹੂ ਸਥਿਤ ਘਰ ‘ਜਲਸਾ’ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ।

ਇਸ ਤੋਂ ਇਲਾਵਾ ਬੈਂਗਲੁਰੂ ਵਿੱਚ 29 ਨਵੰਬਰ ਨੂੰ ਹੋਣ ਵਾਲੇ ਦਿਲਜੀਤ ਦੇ ਕੰਸਰਟ ਨੂੰ ਵੀ ਈਮੇਲ ਰਾਹੀਂ ਬੰਬ ਧਮਕੀ ਮਿਲੀ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।