ਸਾਢੇ 8 ਲੱਖ ਲੁੱਟ ਮਾਮਲਾ : ‘ਵਾਂਟੇਡ ਹਸੀਨਾ’ ਨੇ ਹੀ ਸਾਥੀਆਂ ਨੂੰ ਦਿਖਾਇਆ ਸੀ ਅਮੀਰ ਬਣਨ ਦਾ ਸੁੁਪਨਾ

0
122

ਲੁਧਿਆਣਾ| ਲੁਧਿਆਣਾ ਵਿੱਚ ATM ਕੈਸ਼ ਕੰਪਨੀ CMS ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਲੁੱਟ ਦੀ ਵਾਰਦਾਤ ‘ਚ ਸ਼ਾਮਲ 6 ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ 5 ਕਰੋੜ ਰੁਪਏ ਬਰਾਮਦ ਕੀਤੇ ਹਨ। ਪੁਲਿਸ ਦੀ ਜਾਂਚ ‘ਚ ਪਤਾ ਲੱਗਾ ਕਿ CMS ਕੰਪਨੀ ਦੇ ਕਰਮਚਾਰੀ ਨਾਲ ਮਿਲ ਕੇ ਇਕ ਔਰਤ ਨੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਇਸ ਘਟਨਾ ਵਿੱਚ ਕੁੱਲ 10 ਲੋਕ ਸ਼ਾਮਲ ਸਨ। ਹਾਲਾਂਕਿ ਇਸ ਦੀ ਮਾਸਟਰਮਾਈਂਡ ‘ਡਾਕੂ ਹਸੀਨਾ’ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਉਸ ਖਿਲਾਫ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਹੈ। ਇਸ ਲੁੱਟ ਵਿੱਚ ਮਨਦੀਪ ਕੌਰ ਦੇ ਨਾਲ ਉਸ ਦਾ ਪਤੀ ਅਤੇ ਭਰਾ ਵੀ ਸ਼ਾਮਲ ਸਨ।

ਹੁਣ ਤੱਕ ਦੀ ਜਾਂਚ ਮੁਤਾਬਕ ਇਸ ਘਟਨਾ ਦੇ 2 ਮਾਸਟਰਮਾਈਂਡ ਹਨ। ਪਹਿਲਾ ਮਨਦੀਪ ਕੌਰ ਅਤੇ ਦੂਜਾ ਮਨਜਿੰਦਰ ਮਨੀ। ਮਨੀ 4 ਸਾਲਾਂ ਤੋਂ ਇਸੇ ਕੰਪਨੀ ਦਾ ਮੁਲਾਜ਼ਮ ਹੈ। ਇਨ੍ਹਾਂ ਨੇ 8 ਹੋਰ ਦੋਸ਼ੀਆਂ ਨੂੰ ਅਮੀਰ ਬਣਾਉਣ ਦਾ ਸੁਪਨਾ ਵਿਖਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਲੁੱਟ ਦੀ ਵਾਰਦਾਤ ਲਈ ਦੋ ਮਾਡਿਊਲ ਬਣਾਏ ਗਏ ਸਨ। ਇੱਕ ਮਾਡਿਊਲ ਵਿੱਚ ਮਨਜਿੰਦਰ ਮਨੀ ਅਤੇ 2 ਬਾਈਕ ‘ਤੇ ਕੁੱਲ 5 ਲੋਕ ਸਨ। ਦੂਜੇ ਮਾਡਿਊਲ ਵਿੱਚ ਮਨਦੀਪ ਕੌਰ ਕਰੂਜ਼ ਕਾਰ ਵਿੱਚ ਅਤੇ ਉਸ ਦੇ ਨਾਲ 4 ਲੁਟੇਰੇ ਸ਼ਾਮਲ ਸਨ।

ਮਨਜਿੰਦਰ ਮਨੀ ਸੀ.ਐਮ.ਐਸ ਕੰਪਨੀ ਵਿੱਚ ਕੰਮ ਕਰਦਾ ਸੀ, ਇਸ ਲਈ ਉਸ ਨੂੰ ਉੱਥੋਂ ਦੀ ਹਰ ਗੱਲ ਦਾ ਪਤਾ ਸੀ। ਉਸ ਨੂੰ ਪਤਾ ਸੀ ਕਿ ਇੱਥੇ ਨਕਦੀ ਕਿਸ ਹਾਲਤ ਵਿੱਚ ਰੱਖੀ ਹੋਈ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਕੰਪਨੀ ਵਿੱਚ ਕੀ ਲੂਜ਼ ਪੁਆਇੰਟ ਹਨ ਇਹ ਵੀ ਉਸਨੂੰ ਪਤਾ ਸੀ। ਉਸ ਨੇ ਮਨਦੀਪ ਕੌਰ ਨਾਲ ਮਿਲ ਕੇ ਸਾਜ਼ਿਸ਼ ਰਚੀ। ਇਸ ਦੀ ਪਲਾਨਿੰਗ ਜਨਵਰੀ ਮਹੀਨੇ ਤੋਂ ਚੱਲ ਰਹੀ ਸੀ।

ਜਿਸ ਕੈਸ਼ ਵੈਨ ਵਿਚ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਲੈ ਗਏ ਸਨ, ਉਸ ਬਾਰੇ ਕੋਈ ਮਾਹਿਰ ਜਾਂ ਸਿਰਫ਼ ਡਰਾਈਵਰ ਹੀ ਜਾਣਦਾ ਹੈ। ਇਸ ਕਾਰਨ ਕੰਪਨੀ ਦੇ ਕਰਮਚਾਰੀ ਨੂੰ ਸ਼ੱਕ ਹੋ ਗਿਆ। ਘਟਨਾ ਵਾਲੇ ਦਿਨ ਵੀ ਮਨਜਿੰਦਰ ਮਨੀ ਹੀ ਗੱਡੀ ਚਲਾ ਰਿਹਾ ਸੀ।

ਮਨਜਿੰਦਰ ਰਾਤੋ-ਰਾਤ ਅਮੀਰ ਬਣਨਾ ਚਾਹੁੰਦਾ ਸੀ। ਇਸੇ ਕਾਰਨ ਉਸ ਨੇ ਮਨਦੀਪ ਕੌਰ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਬਾਕੀ ਦੋਸ਼ੀਆਂ ਦੀ ਅਜੇ ਤੱਕ ਕੋਈ ਕ੍ਰਾਈਮ ਹਿਸਟਰੀ ਨਹੀਂ ਮਿਲੀ ਹੈ। ਅਜਿਹੇ ‘ਚ ਸਾਰਿਆਂ ਨੂੰ ਅਮੀਰ ਬਣਾਉਣ ਦਾ ਸੁਪਨਾ ਦਿਖਾਇਆ ਗਿਆ।

ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਦੇ ਭਰਾ ਨੇ ਇੰਸਟਾਗ੍ਰਾਮ ‘ਤੇ ਨੋਟਾਂ ਦੀ ਰੀਲ ਪੋਸਟ ਕੀਤੀ ਸੀ, ਜਿਸ ਵਿੱਚ 500-500 ਰੁਪਏ ਦੇ ਨਵੇਂ ਨੋਟਾਂ ਦੇ ਬੰਡਲ ਕਾਰ ਦੇ ਡੈਸ਼ਬੋਰਡ ‘ਤੇ ਰੱਖੇ ਹੋਏ ਹਨ। ਇਸ ਨਾਲ ਵੀ ਪੁਲਿਸ ਨੂੰ ਉਨ੍ਹਾਂ ਦੇ ਵਾਰਦਾਤ ਕੀਤੇ ਜਾਣ ‘ਤੇ ਸ਼ੱਕ ਹੋ ਗਿਆ।

ਮਨਜਿੰਦਰ ਮਨੀ ਨੂੰ ਪਤਾ ਸੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਏ.ਟੀ.ਐਮ. ਵਿੱਚ ਕੈਸ਼ ਨਹੀਂ ਪਾਇਆ ਜਾਂਦਾ। ਇਸੇ ਕਾਰਨ ਸ਼ੁੱਕਰਵਾਰ ਨੂੰ ਕੰਪਨੀ ਕੋਲ ਜ਼ਿਆਦਾ ਕੈਸ਼ ਹੁੰਦਾ ਹੈ। ਇਸ ਕਾਰਨ ਲੁੱਟ ਲਈ ਸ਼ੁੱਕਰਵਾਰ ਦਾ ਦਿਨ ਚੁਣਿਆ ਗਿਆ। ਇਨ੍ਹਾਂ 10 ਦੋਸੀਆਂ ਵਿੱਚੋਂ ਕਿਸੇ ਨੇ ਵੀ ਮੋਬਾਈਲ ਦੀ ਵਰਤੋਂ ਨਹੀਂ ਕੀਤੀ ਸੀ। ਇਸ ਕਾਰਨ ਲੋਕੇਸ਼ਨ ਰਾਹੀਂ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ।

ਕੰਪਨੀ ਵੱਲੋਂ ਦੱਸੀ ਗਈ ਲੁੱਟ ਦੀ ਰਕਮ ਅਤੇ ਲੁਟੇਰਿਆਂ ਦੇ ਕਬੂਲਨਾਮੇ ਤੋਂ ਬਾਅਦ ਦੀ ਰਕਮ ਵਿੱਚ ਫਰਕ ਪਾਇਆ ਗਿਆ ਹੈ। ਲੁਟੇਰਿਆਂ ਨੇ ਦੱਸਿਆ ਕਿ 2 ਬੈਗ ‘ਚ 3-3 ਕਰੋੜ ਰੁਪਏ ਅਤੇ ਤੀਜੇ ‘ਚ ਡੀ.ਵੀ.ਆਰ. ਲੈ ਗਏ ਸਨ। ਪਰ ਕੰਪਨੀ ਨੇ ਪਹਿਲਾਂ 7 ਕਰੋੜ ਦਾ ਐਲਾਨ ਕੀਤਾ ਅਤੇ ਫਿਰ ਇਸ ਨੂੰ ਵਧਾ ਕੇ 8.49 ਕਰੋੜ ਕਰ ​​ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਸਾਰੇ ਲੁਟੇਰੇ ਫੜੇ ਜਾਣਗੇ ਤਾਂ ਸਾਰੀ ਰਕਮ ਕਲੀਅਰ ਹੋ ਜਾਵੇਗੀ।