ਗੁਰਦਾਸਪੁਰ | ਸੋਸ਼ਲ ਮੀਡੀਆ ਵੇਖ ਕੇ ਕਈ ਲੋਕ ਆਪਣੀ ਜ਼ਿੰਦਗੀ ਬਦਲ ਚੁੱਕੇ ਹਨ ਪਰ ਕਈ ਲੋਕ ਗ਼ਲਤ ਵਰਤੋਂ ਕਰਦੇ ਹਨ। ਅਜਿਹਾ ਹੀ ਮਾਮਲਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ ਜਿਥੇ ਇਕ 8ਵੀਂ ਫੇਲ ਨੌਜਵਾਨ ਨੇ ਸੋਸ਼ਲ ਮੀਡੀਆ ਤੋਂ ਨੋਟ ਬਣਾਉਣ ਦਾ ਤਰੀਕਾ ਸਿੱਖ ਕੇ 2 ਲੱਖ ਰੁਪਏ ਦੀ ਨਕਲੀ ਕਰੰਸੀ ਛਾਪ ਦਿੱਤੀ। ਪੁਲਿਸ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਡੀਐਸਪੀ ਨੇ ਦੱਸਿਆ ਕਿ ਸੀਆਈਏ ਸਟਾਫ਼ ਗੁਰਦਾਸਪੁਰ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਧਾਰੀਵਾਲ ਪਸਨਾ ਵੱਲ ਨਾਕੇਬੰਦੀ ਦੌਰਾਨ ਇਕ ਵਿਅਕਤੀ ਬਲਦੇਵ ਸਿੰਘ ਉਰਫ ਦੇਬਾ ਪੁੱਤਰ ਬੀਰ ਸਿੰਘ ਨੂੰ ਨਾਕੇ ‘ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਇਸ ਦੀ ਜੇਬ ਵਿਚੋਂ 2 ਲੱਖ ਰੁਪਏ ਦੀ ਨਕਲੀ ਭਾਰਤੀ ਕਰੰਸੀ ਅਤੇ ਨੋਟ ਛਾਪਣ ਦਾ ਸਾਮਾਨ ਬਰਾਮਦ ਕੀਤਾ। ਉਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਉਨ੍ਹਾਂ ਦਸਿਆ ਕਿ ਜਦੋਂ ਉਸ ਦੇ ਘਰ ਦੀ ਤਲਾਸ਼ੀ ਲਈ ਤਾਂ ਜਾਅਲੀ ਭਾਰਤੀ ਕਰੰਸੀ, ਪ੍ਰਿੰਟਰ, 4 ਸਿਆਹੀ, ਟੇਪ, ਚਿੱਟੇ ਕਾਗ਼ਜ਼ਾਤ ਸਮੇਤ ਕੱਟੇ ਕਾਗ਼ਜ਼, ਪੁਰਾਣਾ ਗੱਤਾ ਅਤੇ ਕਟਰ ਬਰਾਮਦ ਕੀਤਾ।