ਰੂਸ ਦੀ ਜੇਲ੍ਹ ‘ਚ ਫਸੇ ਪੰਜਾਬ-ਹਰਿਆਣਾ ਦੇ 6 ਨੌਜਵਾਨ ਵਤਨ ਪਰਤੇ, ਪੀੜਤ ਪਰਿਵਾਰਾਂ ਨੇ ਕੀਤਾ ਸੰਤ ਸੀਚੇਵਾਲ ਦਾ ਧੰਨਵਾਦ

0
1162

ਚੰਡੀਗੜ੍ਹ, 27 ਦਸੰਬਰ| ਪੰਜਾਬ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਲਗਾਤਾਰ ਵਿਦੇਸ਼ ਵਿਚ ਫਸੇ ਪੰਜਾਬੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਦੀ ਆਵਾਜ਼ ਚੁੱਕ ਰਹੇ ਹਨ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਨਾਲ ਪੰਜਾਬ ਤੇ ਹਰਿਆਣਾ ਦੇ ਕਰੀਬ 6 ਨੌਜਵਾਨਾਂ ਨੂੰ ਰੂਸ ਦੀ ਜੇਲ੍ਹ ਤੋਂ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ। ਰੂਸ ਦੀ ਜੇਲ੍ਹ ਵਿੱਚ ਫਸੇ ਛੇ ਨੌਜਵਾਨਾਂ ਨੂੰ ਘਰ ਪਹੁੰਚਾਉਣ ਵਿੱਚ ਸੰਤ ਸੀਚੇਵਾਲ ਨੇ ਅਹਿਮ ਰੋਲ ਨਿਭਾਇਆ। ਪੀੜਤ ਪਰਿਵਾਰਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਹੈ।

ਰੂਸ ਤੋਂ ਪਰਤੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਰੂਸ ਦੀਆਂ ਜੇਲ੍ਹਾਂ ਵਿੱਚ ਗੈਰ-ਮਨੁੱਖੀ ਤਸ਼ੱਦਦ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਯੂਰਪ ਭੇਜਣ ਦੇ ਨਾਂ ‘ਤੇ ਟ੍ਰੈਵਲ ਏਜੰਟ ਨੇ ਧੋਖਾ ਦਿੱਤਾ। ਉਨ੍ਹਾਂ ਨੂੰ ਰਸ਼ੀਅਨ ਮਿਲਟਰੀ ਨੇ ਫੜ ਲਿਆ ਸੀ।

ਪੀੜਤ ਪਰਿਵਾਰਾਂ ਨੇ ਕੀਤਾ ਸੀ ਸੰਤ ਸੀਚੇਵਾਲ ਨਾਲ ਸੰਪਰਕ

ਸੰਤ ਸੀਚੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਰੇ ਨੌਜਵਾਨਾਂ ਦੇ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਆਪਣੇ ਬੱਚਿਆਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚ ਰਹੀ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਫਿਰ ਉਨ੍ਹਾਂ ਨੇ ਮਾਸਕੋ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ। ਕੁਝ ਦਿਨਾਂ ਬਾਅਦ ਰੂਸ ਦੀ ਜੇਲ੍ਹ ਤੋਂ ਛੇ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਕੁੱਲ 6 ਨੌਜਵਾਨ ਰੂਸ ਵਿੱਚ ਫਸੇ ਹੋਏ ਸਨ। ਇਨ੍ਹਾਂ ਵਿੱਚੋਂ 5 ਪੰਜਾਬ ਅਤੇ ਇੱਕ ਹਰਿਆਣਾ ਦਾ ਸੀ। ਇਨ੍ਹਾਂ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਪਿੰਡ ਸੋਹਾਣਾ, ਫਾਜ਼ਿਲਕਾ ਦੇ ਪਿੰਡ ਸੋਹਾਣਾ, ਗੁਰਮੀਤ ਸਿੰਘ ਵਾਸੀ ਕਪੂਰਥਲਾ, ਗੁਰਵੀਰ ਸਿੰਘ, ਹਰਜੀਤ ਸਿੰਘ ਵਾਸੀ ਗੁਰਦਾਸਪੁਰ, ਲਖਵੀਰ ਸਿੰਘ ਵਾਸੀ ਸ਼ਾਹਕੋਟ, ਜਲੰਧਰ ਅਤੇ ਰਾਹੁਲ ਵਾਸੀ ਕਰਨਾਲ ਹਰਿਆਣਾ ਵਜੋਂ ਹੋਈ ਹੈ। ਸਾਰੇ ਨੌਜਵਾਨਾਂ ਨੂੰ ਗਲਤ ਤਰ੍ਹਾਂ ਨਾਲ ਵਿਦੇਸ਼ ਨਾ ਜਾਣ ਦੀ ਅਪੀਲ ਕੀਤੀ ਹੈ।

ਪੀੜਤ ਨੌਜਵਾਨਾਂ ਨੇ ਦੱਸਿਆ ਕਿ ਦੋਸ਼ੀ ਟਰੈਵਲ ਏਜੰਟ ਨੇ ਸਾਰੇ ਨੌਜਵਾਨਾਂ ਤੋਂ 13-13 ਲੱਖ ਰੁਪਏ ਲਏ ਸਨ। ਦੋਸ਼ੀ ਉਨ੍ਹਾਂ ਨੂੰ ਯੂਰਪ ਭੇਜਣਾ ਚਾਹੁੰਦਾ ਸੀ। ਪਰ ਉਨ੍ਹਾਂ ਨੂੰ ਰੂਸ ਵਿੱਚ ਫਸਾ ਦਿੱਤਾ ਗਿਆ। ਪੀੜਤਾਂ ਨੂੰ ਬੇਲਾਰੂਸ ਤੋਂ ਪੁਰਤਗਾਲ ਦੇ ਰਸਤੇ ਜੰਗਲਾਂ ਰਾਹੀਂ ਪੈਦਲ ਯੂਰਪ ਵਿਚ ਦਾਖਲ ਹੋਣਾ ਪਿਆ।