ਪਟਿਆਲਾ | ਪੰਜਾਬ ਦੇ ਵੱਖ-ਵੱਖ ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ ਹੋਣ ਕਾਰਨ 2650 ਮੈਗਾਵਾਟ ਬਿਜਲੀ ਉਤਪਾਦਨ ਘਟ ਰਿਹਾ ਹੈ। ਇਨ੍ਹਾਂ ਵਿੱਚੋਂ ਚਾਰ ਯੂਨਿਟ ਤਕਨੀਕੀ ਨੁਕਸ ਅਤੇ ਮੁਰੰਮਤ ਕਾਰਨ ਬੰਦ ਪਏ ਹਨ, ਜਦਕਿ ਦੋ ਯੂਨਿਟ ਸੋਮਵਾਰ ਸ਼ਾਮ ਨੂੰ ਬਾਇਲਰ ਟਿਊਬ ਵਿੱਚ ਲੀਕੇਜ ਕਾਰਨ ਬੰਦ ਹੋ ਗਏ ਸਨ। ਇਨ੍ਹਾਂ ਵਿੱਚ ਤਲਵੰਡੀ ਸਾਬੋ ਪਲਾਂਟ ਦਾ 660 ਮੈਗਾਵਾਟ ਯੂਨਿਟ ਅਤੇ ਰੋਪੜ ਪਲਾਂਟ ਦਾ 210 ਮੈਗਾਵਾਟ ਯੂਨਿਟ ਸ਼ਾਮਲ ਹੈ।
ਇਸ ਸਮੇਂ ਪਾਵਰਕਾਮ ਦੇ ਰੋਪੜ ਪਲਾਂਟ ਦੇ 210 ਮੈਗਾਵਾਟ ਦੇ ਦੋ ਯੂਨਿਟ, ਲਹਿਰਾ ਮੁਹੱਬਤ ਦੇ 210 ਮੈਗਾਵਾਟ ਦੇ ਇੱਕ ਯੂਨਿਟ, ਰਾਜਪੁਰਾ ਥਰਮਲ ਦੇ 700 ਮੈਗਾਵਾਟ ਦੇ ਇੱਕ ਯੂਨਿਟ ਅਤੇ ਤਲਵੰਡੀ ਸਾਬੋ ਪਲਾਂਟ ਦੇ 660 ਮੈਗਾਵਾਟ ਦੇ 2 ਯੂਨਿਟ ਬੰਦ ਪਏ ਹਨ।
ਮੰਗਲਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ 8047 ਮੈਗਾਵਾਟ ਸੀ, ਜਦਕਿ ਪਾਵਰਕਾਮ ਕੋਲ ਵੱਖ-ਵੱਖ ਸਰੋਤਾਂ ਤੋਂ ਬਿਜਲੀ ਦੀ ਉਪਲੱਬਧਤਾ 3483 ਮੈਗਾਵਾਟ ਸੀ। ਇਨ੍ਹਾਂ ਵਿੱਚੋਂ ਪਾਵਰਕਾਮ ਨੂੰ ਵਿਸ਼ੇਸ਼ ਤੌਰ ’ਤੇ ਸਰਕਾਰੀ ਥਰਮਲਾਂ ਤੋਂ 928 ਮੈਗਾਵਾਟ, ਪ੍ਰਾਈਵੇਟ ਥਰਮਲਾਂ ਤੋਂ 1799 ਮੈਗਾਵਾਟ ਅਤੇ ਹਾਈਡਲ ਪ੍ਰਾਜੈਕਟਾਂ ਤੋਂ 473 ਮੈਗਾਵਾਟ ਬਿਜਲੀ ਮਿਲੀ ਹੈ। ਅਜਿਹੇ ‘ਚ ਪਾਵਰਕਾਮ ਨੂੰ ਬਿਜਲੀ ਦੀ ਮੰਗ ਪੂਰੀ ਕਰਨ ਲਈ ਬਾਹਰੋਂ ਬਿਜਲੀ ਲੈਣੀ ਪਈ। ਪਾਵਰਕਾਮ ਨੂੰ ਮੰਗ ਵਧਣ ਕਾਰਨ ਲਗਾਤਾਰ ਬਾਹਰੋਂ ਬਿਜਲੀ ਖਰੀਦਣੀ ਪੈ ਰਹੀ ਹੈ।