ਲੁਧਿਆਣਾ ‘ਚ ਪੁਲਿਸ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਗਿੱਲ ਦੇ 6 ਸਾਥੀ ਗ੍ਰਿਫਤਾਰ

0
415

ਲੁਧਿਆਣਾ, 3 ਦਸੰਬਰ | ਪੁਲਿਸ ਨੇ ਗੈਂਗਸਟਰ ਵਿਸ਼ਾਲ ਗਿੱਲ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਵਿਸ਼ਾਲ ਗਿੱਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰੈਸਟੋਰੈਂਟ ‘ਚ ਜਨਮ ਦਿਨ ਦੀ ਪਾਰਟੀ ਮਨਾ ਰਹੇ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬਦਮਾਸ਼ਾਂ ਨੂੰ ਰੈਸਟੋਰੈਂਟ ‘ਚੋਂ ਬਾਹਰ ਕੱਢ ਦਿੱਤਾ।

ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ਦੇ ਥੱਪੜ ਮਾਰੇ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਵਿਸ਼ਾਲ ਗਿੱਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਇਨ੍ਹਾਂ ਬਦਮਾਸ਼ਾਂ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਜਾਣਕਾਰੀ ਮਿਲੀ ਹੈ ਕਿ ਜਿਸ ਦੁਕਾਨ ‘ਤੇ ਇਹ ਹਮਲਾ ਹੋਇਆ ਹੈ, ਉਸ ਦੁਕਾਨ ‘ਤੇ ਨੌਜਵਾਨਾਂ ਨੂੰ ਸ਼ਰਾਬ ਵੀ ਪਰੋਸੀ ਜਾਂਦੀ ਹੈ। ਇਸ ਲਈ ਮਾਮਲੇ ਦੀ ਜਾਂਚ ਕਰ ਕੇ ਦੁਕਾਨਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਏਸੀਪੀ ਸੁਮਿਤ ਸੂਦ ਨੇ ਦੱਸਿਆ ਕਿ ਗੈਂਗਸਟਰ ਵਿਸ਼ਾਲ ਗਿੱਲ ਦੇ ਸਾਥੀਆਂ ਨੇ ਪੁਲਿਸ ਟੀਮ ’ਤੇ ਹਮਲਾ ਕੀਤਾ, ਜਿਸ ‘ਚ 3 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਮੁਲਜ਼ਮਾਂ ਦਾ ਹਮਲਾ ਸੀਸੀਟੀਵੀ ਵਿਚ ਕੈਦ ਹੋ ਗਿਆ, ਜਿਸ ‘ਚ ਉਹ ਪੁਲਿਸ ਟੀਮ ‘ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਵਿਚ ਟਿੱਬਾ ਥਾਣੇ ਦੇ ਐਸਐਚਓ ਭਗਤਵੀਰ ਨੇ 6 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਏਸੀਪੀ ਸੂਦ ਨੇ ਦੱਸਿਆ ਕਿ ਪੁਲਿਸ ਨੇ ਹੁਣ ਤੱਕ ਅਨਮੋਲ ਗਿੱਲ, ਕਾਰਤਿਕ ਬੱਗਨ, ਦਿਵਿਆਸ਼ੂ, ਚਿਰਾਗ ਯਗੋਤਾ, ਸੁਵੰਸ਼ ਜਾਲਾਨ ਅਤੇ ਯੁਗਿਅੰਸ਼ੂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਵਿਸ਼ਾਲ ਗਿੱਲ ਅਜੇ ਫਰਾਰ ਹੈ। ਪੁਲਿਸ ਨੇ ਰੈਸਟੋਰੈਂਟ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਬਦਮਾਸ਼ਾਂ ਦੀ ਪਛਾਣ ਹੋ ਗਈ।

ਵਾਰਦਾਤ ਨੂੰ ਅੰਜਾਮ ਦੇਣ ਆਏ ਨੌਜਵਾਨਾਂ ‘ਚ ਗੈਂਗਸਟਰ ਵਿਸ਼ਾਲ ਗਿੱਲ ਸਭ ਤੋਂ ਅੱਗੇ ਸੀ। ਪੁਲਿਸ ਵਿਸ਼ਾਲ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਹੁਣ ਜ਼ਮਾਨਤ ‘ਤੇ ਜੇਲ ‘ਚੋਂ ਬਾਹਰ ਆਉਣ ਵਾਲੇ ਦੋਸ਼ੀਆਂ ‘ਤੇ ਨਜ਼ਰ ਰੱਖ ਰਹੀ ਹੈ ਤਾਂ ਜੋ ਉਹ ਜਾਣ ਸਕਣ ਕਿ ਉਹ ਕਿਸ ਦੇ ਸੰਪਰਕ ਵਿਚ ਹਨ। ਸ਼ਹਿਰ ਵਿਚ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ।