PSPCL ਦੀ ਜੂਨੀਅਰ ਇੰਜੀਨੀਅਰ ਪ੍ਰਨੀਤ ਕੌਰ ਸਮੇਤ 5 ਕਰਮਚਾਰੀ ਮੁਅੱਤਲ, ਵਟਸਐਪ ‘ਤੇ ਮਿਲੀ ਸੀ ਸ਼ਿਕਾਇਤ

0
1969

ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ/ਸੰਗਰੂਰ | ਸੰਗਰੂਰ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਗੁਰਤੇਜ ਸਿੰਘ ਏ.ਏ.ਈ., ਮੇਹਰ ਚੰਦ ਕਲਰਕ, ਸੰਗੀਤ ਸੋਹਤਾ ਕਲਰਕ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਬਰੀਵਾਲਾ ਡਿਸਟ੍ਰੀਬਿਊਸ਼ਨ ਸਬ ਡਵੀਜਨ ਦੇ ਸਾਰੇ ਅਧਿਕਾਰੀਆਂ ਨੂੰ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਲਈ ਵਲੰਟਰੀ ਡਿਸਕਲੋਜ਼ਰ ਸਕੀਮ ਸਬੰਧੀ ਵਪਾਰਕ ਹਦਾਇਤਾਂ ਦੀ ਉਲੰਘਣਾ ਕਰਨ ਕਰਕੇ ਮੁਅੱਤਲ ਕਰ ਦਿੱਤਾ ਹੈ।

ਇੱਕ ਹੋਰ ਮਾਮਲੇ ਵਿੱਚ ਦਿੜਬਾ ਡਿਵੀਜਨ ਦੀ ਜੂਨੀਅਰ ਇੰਜੀਨੀਅਰ ਪ੍ਰਨੀਤ ਕੌਰ ਨੂੰ ਭਿ੍ਰਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ।

ਹਰਭਜਨ ਸਿੰਘ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੂੰ ਸ੍ਰੀ ਮੁਕਤਸਰ ਸਾਹਿਬ ਦੀ ਬਰੀਵਾਲਾ ਡਿਸਟ੍ਰੀਬਿਊਸਨ ਸਬ ਡਵੀਜਨ ਦੇ ਕੰਮਕਾਜ ਵਿੱਚ ਵਪਾਰਕ ਹਦਾਇਤਾਂ ਦੀ ਉਲੰਘਣਾ ਸਬੰਧੀ ਵਟਸਐਪ ‘ਤੇ ਸ਼ਿਕਾਇਤ ਪ੍ਰਾਪਤ ਹੋਈ ਹੈ। ਜਾਂਚ ਦੌਰਾਨ ਪੀ.ਐਸ.ਪੀ.ਸੀ.ਐਲ ਇਨਫੋਰਸਮੈਂਟ ਵਿੰਗ ਬਠਿੰਡਾ ਨੇ ਪਾਇਆ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੀ ਬਰੀਵਾਲਾ ਡਿਸਟ੍ਰੀਬਿਊਸ਼ਨ ਸਬ ਡਵੀਜਨ ਦੇ ਅਧਿਕਾਰੀ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਨੂੰ ਪ੍ਰਾਈਵੇਟ ਠੇਕੇਦਾਰਾਂ ਰਾਹੀਂ ਖੇਤੀ ਟਿਊਬਵੈੱਲ ਕੁਨੈਕਸ਼ਨਾਂ ਦੇ ਲੋਡ ਨੂੰ ਵਧਾਉਣ ਲਈ ਟੈਸਟ ਰਿਪੋਰਟ ਦੇਣ ਵਾਸਤੇ ਮਜਬੂਰ ਅਤੇ ਪ੍ਰੇਸ਼ਾਨ ਕਰ ਰਹੇ ਹਨ ਜੋ ਕਿ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਲਈ ਸ਼ੁਰੂ ਕੀਤੀ ਵਲੰਟਰੀ ਡਿਸਕਲੋਜ਼ਰ ਸਕੀਮ ਦੀਆਂ ਵਪਾਰਕ ਹਦਾਇਤਾਂ ਦੀ ਸਰਾਸਰ ਉਲੰਘਣਾ ਹੈ।

ਇੱਕ ਹੋਰ ਮਾਮਲੇ ਵਿੱਚ ਇੱਕ ਖਪਤਕਾਰ ਵੱਲੋਂ ਦਿੜਬਾ ਦੀ ਜੂਨੀਅਰ ਇੰਜਨੀਅਰ ਪ੍ਰਨੀਤ ਕੌਰ ਖਿਲਾਫ ਇੱਕ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਦਾ ਲੋਡ ਵਧਾਉਣ ਸਬੰਧੀ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਮੌਕੇ ‘ਤੇ ਕੀਤੀ ਗਈ ਪੜਤਾਲ ਉਪਰੰਤ ਆਊਟ ਸੋਰਸ ਡਰਾਈਵਰ ਪਰਗਟ ਸਿੰਘ ਦੀ ਜੇਬ ਵਿੱਚੋਂ 3000 ਰੁਪਏ ਬਰਾਮਦ ਹੋਏ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਜੂਨੀਅਰ ਇੰਜੀਨੀਅਰ ਪ੍ਰਨੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਪੀ.ਐਸ.ਪੀ.ਸੀ.ਐਲ. ਨੇ ਪਰਗਟ ਸਿੰਘ ਨਾਲ ਆਊਟ ਸੋਰਸ ਵਹੀਕਲ ਕੰਟਰੈਕਟ ਵੀ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਹੈ ਅਤੇ ਪਰਗਟ ਸਿੰਘ ਵਿਰੁੱਧ ਐਫਆਈਆਰ ਦਰਜ ਕਰਨ ਲਈ ਐਸਐਚਓ ਥਾਣਾ ਦਿੜਬਾ ਅਤੇ ਡਿਪਟੀ ਸੁਪਰਡੈਂਟ ਪੁਲਿਸ ਵਿਜੀਲੈਂਸ ਸੰਗਰੂਰ ਨੂੰ ਲਿਖਿਆ ਹੈ।