ਜਲੰਧਰ . ਕੋਰੋਨਾ ਦੇ ਮਾਮਲੇ ਜਿੱਥੇ ਸ਼ਹਿਰ ਵਿਚ ਲਗਾਤਾਰ ਵੱਧ ਰਹੇ ਹਨ, ਉੱਥੇ ਅੱਜ 48 ਹੋਰ ਮਰੀਜ਼ਾਂ ਜੋ ਕੋਵਿਡ-19 ਤੋਂ ਪ੍ਰਭਾਵਿਤ ਸਨ, ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ, ਇਸ ਤਰ੍ਹਾਂ ਜ਼ਿਲ੍ਹੇ ਵਿੱਚ ਹੁਣ ਤੱਕ 1781 ਮਰੀਜ਼ ਰਿਕਵਰ ਹੋ ਚੁੱਕੇ ਹਨ।
ਅੱਜ ਜਿਨਾਂ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਉਨਾਂ ਵਿਚੋਂ 11 ਸਿਵਲ ਹਸਪਤਾਲ, 29 ਕੋਵਿਡ ਕੇਅਰ ਸੈਂਟਰ ਮਿਲਟਰੀ ਹਸਪਤਾਲ ਤੋਂ ਸੱਤ ਅਤੇ ਨਿੱਜੀ ਹਸਪਤਾਲ ਤੋਂ ਇਕ ਮਰੀਜ਼ ਸ਼ਾਮਿਲ ਹਨ।
ਹੁਣ ਜ਼ਿਲ੍ਹੇ ਵਿੱਚ ਕੋਵਿਡ-19 ਤੋਂ 713 ਸਰਗਰਮ ਕੇਸ ਹਨ ਜਦਕਿ 61 ਮੌਤਾ ਹੋ ਚੁੱਕੀਆਂ ਹਨ।
ਛੁੱਟੀ ਮਿਲਣ ਸਮੇਂ ਇਨ੍ਹਾਂ ਮਰੀਜ਼ਾਂ ਵਲੋਂ ਡਾਕਟਰਾਂ, ਨਰਸਿੰਗ ਅਤੇ ਹੋਰ ਸਿਹਤ ਵਰਕਰਾਂ ਵਲੋਂ ਇਲਾਜ ਦੌਰਾਨ ਕੋਵਿਡ ਕੇਅਰ ਸੈਂਟਰ ਅਤੇ ਸਿਵਲ ਹਸਪਤਾਲ ਵਿਖੇ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ ਗਈ।
ਡੀਸੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚ ਕੋਵਿਡ-19 ਦੀ ਜਲਦੀ ਪਹਿਚਾਣ ਲਈ ਪੂਰੇ ਜੋਰਾਂ ਨਾਲ ਟੈਸਟ ਕਰਕੇ ਸੁਚਾਰੂ ਢੰਗ ਨਾਲ ਕਲੀਨਿਕਲ ਪ੍ਰਬੰਧ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾਕਟਰਾਂ ਵਲੋਂ ਮੁਹੱਈਆ ਕਰਵਾਏ ਗਏ ਮਿਆਰੀ ਇਲਾਜ ਸਦਕਾ ਇਹ ਮਰੀਜ਼ ਜਲਦੀ ਠੀਕ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰੀ ਨਹੀਂ ਜਦੋਂ ਜਲੰਧਰ ਪੂਰੀ ਤਰ੍ਹਾਂ ਕੋਵਿਡ-19 ਮੁਕਤ ਹੋ ਜਾਵੇਗਾ।
ਥੋਰੀ ਨੇ ਕਿਹਾ ਕਿ ਬਿਮਾਰੀ ਦੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਕੀਮਤੀ ਜਾਨਾਂ ਬਚਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਮਾਸਕ ਲਾਜ਼ਮੀ ਪਾਇਆ ਜਾਵੇ।