ਬਠਿੰਡਾ. ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਬਠਿੰਡਾ ਜ਼ਿਲ੍ਹੇ ਵਿਚ ਅੱਜ ਇਕ ਆਂਗਣਵਾੜੀ ਵਰਕਰ ਸਮੇਤ 4 ਕੇਸ ਕੋਰੋਨਾ ਪਾਜ਼ੀਟਿਵ ਪਾਏ ਗਏ।
ਡੀਸੀ ਬੀ ਸ੍ਰੀ ਨਿਵਾਸਨ ਆਈਏਐਸ ਨੇ ਦੱਸਿਆ ਕਿ ਇੰਨ੍ਹਾਂ ਵਿਚੋਂ ਦੋ ਦਾ ਯਾਤਰਾ ਪਿੱਛੋਕੜ ਹੈ ਅਤੇ ਉਨ੍ਹਾਂ ਨੇ ਕ੍ਰਮਵਾਰ ਅੰਬਾਲਾ ਤੇ ਦਿੱਲੀ ਦੀ ਯਾਤਰਾ ਕੀਤੀ ਹੈ। ਇਸ ਤੋਂ ਬਿਨ੍ਹਾਂ ਇਕ ਪੁਲਿਸ ਹਿਰਾਸਤ ਵਿਚ ਬੰਦੀ ਹੈ, ਜਿਸ ਨੂੰ ਪੁਲਿਸ ਨੇ ਕਿਸੇ ਕੇਸ ਵਿਚ ਗ੍ਰਿਫਤਾਰ ਕੀਤਾ ਸੀ। ਜਦਕਿ ਇਕ ਆਂਗਣਵਾੜੀ ਵਰਕਰ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਜਿਲ੍ਹੇ ਵਿਚ ਐਕਟਿਵ ਕੇਸ 5 ਹੋ ਗਏ ਹਨ। ਜਦਕਿ 43 ਲੋਕ ਪਹਿਲਾਂ ਹੀ ਠੀਕ ਹੋ ਕੇ ਘਰ ਪਰਤ ਚੁੱਕੇ ਹਨ।
ਡਿਪਟੀ ਕਮਿਸਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਅਤੇ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਸਲਾਹਾਂ ਤੇ ਅਮਲ ਕਰਦਿਆਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨ। ਉਨ੍ਹਾਂ ਨੇ ਅਪੀਲ ਕੀਤੀ ਕਿ ਵਾਰ ਵਾਰ ਹੱਥ ਧੋਤੇ ਜਾਣ, ਮਾਸਕ ਪਹਿਣ ਕੇ ਰੱਖੋ ਅਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕੀਤਾ ਜਾਵੇ।
ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਉਕਤ ਤੋਂ ਬਿਨ੍ਹਾਂ ਅੱਜ 167 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦੀਆਂ ਰਿਪੋਰਟਾਂ ਪਾਜਿਟਿਵ ਆਈਆਂ ਹਨ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਇਕਾਂਤਵਾਸ ਕਰਕੇ ਉਨ੍ਹਾਂ ਦੇ ਨਮੂਨੇ ਜਾਂਚ ਲਈ ਲਏ ਜਾ ਰਹੇ ਹਨ।








































