ਗੈਂਗਸਟਰ ਹੈਰੀ ਦੇ 3 ਸ਼ਾਰਪ ਸ਼ੂਟਰ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫਤਾਰ, ਮੋਗਾ ‘ਚ ਵਪਾਰੀ ਦਾ ਕਰਨਾ ਸੀ ਕਤਲ

0
1652

ਬਠਿੰਡਾ | ਸੀਆਈਏ ਵਨ ਦੀ ਪੁਲਿਸ ਟੀਮ ਨੇ ਕਰੀਬ 2 ਸਾਲ ਪਹਿਲਾਂ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ‘ਚ ਦੋਹਰੇ ਕਤਲ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਹੈਰੀ ਦੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਕੋਲੋਂ ਤਿੰਨ ਮਹਿੰਗੇ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ।

ਪੁਲਿਸ ਅਨੁਸਾਰ ਸੀਆਈਏ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਕੈਂਟ ਨੇੜੇ ਰਿੰਗ ਰੋਡ ’ਤੇ ਤਿੰਨ ਸ਼ੂਟਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਸੀਆਈਏ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਤਾਂ ਪੁਲਿਸ ਨੇ ਸ਼ੂਟਰ ਹਨੀ, ਲੱਡੂ ਵਾਸੀ ਖੇਤਾ ਸਿੰਘ ਬਸਤੀ ਬਠਿੰਡਾ ਅਤੇ ਹੇਮੰਤ ਵਾਸੀ ਮੋੜ ਨੂੰ ਤਿੰਨ ਵੱਖ-ਵੱਖ ਮਹਿੰਗੇ ਵਿਦੇਸ਼ੀ ਹਥਿਆਰਾਂ ਸਮੇਤ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੋਗਾ ‘ਚ ਕਾਰੋਬਾਰੀ ਦਾ ਕਰਨਾ ਸੀ ਕਤਲ
ਸੂਤਰਾਂ ਨੇ ਦੱਸਿਆ ਕਿ ਸੀਆਈਏ ਪੁਲਿਸ ਵੱਲੋਂ ਫੜੇ ਗਏ ਸ਼ੂਟਰ ਹਨੀ, ਹੇਮੰਤ, ਲੱਡੂ ਮੋਗਾ ਦੇ ਇੱਕ ਵੱਡੇ ਕਾਰੋਬਾਰੀ ਦਾ ਕਤਲ ਕਰਨ ਵਾਲੇ ਸਨ। ਇਸ ਲਈ ਦੋਸ਼ੀਆਂ ਨੇ ਪਹਿਲਾਂ ਵੀ 2 ਵਾਰ ਰੇਕੀ ਕੀਤੀ ਸੀ। ਕੋਰੀਅਰ ਡਲਿਵਰੀ ਮੈਨ ਦੱਸ ਕੇ ਮੁਲਜ਼ਮ ਨੇ ਸ਼ਾਮ ਵੇਲੇ ਮੋਗਾ ‘ਚ ਇੱਕ ਨਾਮੀ ਵਿਅਕਤੀ ਦੇ ਘਰ ਜਾਣਾ ਸੀ ਅਤੇ ਜਦੋਂ ਵਿਅਕਤੀ ਕੋਰੀਅਰ ਲੈਣ ਲਈ ਬਾਹਰ ਆਉਂਦਾ ਤਾਂ ਮੁਲਜ਼ਮ ਨੇ ਉਸ ’ਤੇ ਗੋਲੀਆਂ ਚਲਾ ਦੇਣੀਆਂ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ 455 ਬੋਰ ਦਾ ਪਿਸਤੌਲ, 30 ਬੋਰ ਦਾ ਤੁਰਕੀ ਦਾ ਬਣਿਆ, 9 ਐਮਐਮ ਦਾ ਵਿਦੇਸ਼ੀ ਮਹਿੰਗਾ ਹਥਿਆਰ ਬਰਾਮਦ ਕੀਤਾ ਹੈ।