ਪੰਜਾਬ ‘ਚ ਕੋਰੋਨਾ ਕਾਰਨ 3 ਲੋਕਾਂ ਦੀ ਮੌਤ, ਇਕ ਦਿਨ ‘ਚ 85 ਨਵੇਂ ਮਾਮਲੇ ਆਏ ਸਾਹਮਣੇ

0
928

ਚੰਡੀਗੜ੍ਹ | ਪੰਜਾਬ ‘ਚ ਕੋਰੋਨਾ ਦਾ ਖ਼ਤਰਾ ਹੌਲੀ-ਹੌਲੀ ਵਧਣ ਲੱਗਾ ਹੈ। ਸੋਮਵਾਰ ਨੂੰ ਫਿਰੋਜ਼ਪੁਰ, ਰੂਪਨਗਰ ਅਤੇ ਮੋਹਾਲੀ ‘ਚ ਤਿੰਨ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੋਮਵਾਰ ਨੂੰ 85 ਨਵੇਂ ਮਾਮਲੇ ਸਾਹਮਣੇ ਆਏ। ਇਨਫੈਕਸ਼ਨ ਦੀ ਦਰ 5.90 ਫੀਸਦੀ ਦਰਜ ਕੀਤੀ ਗਈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 666 ਹੋ ਗਈ ਹੈ।

ਇਨ੍ਹਾਂ ‘ਚੋਂ 12 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। ਸਭ ਤੋਂ ਵੱਧ 38 ਮਾਮਲੇ ਮੋਹਾਲੀ ‘ਚ ਪਾਏ ਗਏ ਹਨ। ਲੁਧਿਆਣਾ ਅਤੇ ਪਟਿਆਲਾ ‘ਚ ਕੋਵਿਡ ਦੇ 9-9, ਜਲੰਧਰ ‘ਚ 8, ਅੰਮ੍ਰਿਤਸਰ ‘ਚ 3, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੁਕਤਸਰ, ਰੋਪੜ ਅਤੇ ਸੰਗਰੂਰ ‘ਚ 2-2 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੀ ਨਵੀਂ ਲਹਿਰ ‘ਚ ਪੰਜਾਬ ਵਿੱਚ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਸੈਂਪਲਿੰਗ ਨਹੀਂ ਵਧ ਰਹੀ ਹੈ। ਸੋਮਵਾਰ ਨੂੰ ਵੀ ਪੂਰੇ ਪੰਜਾਬ ‘ਚ ਕੋਵਿਡ ਦੇ ਸਿਰਫ 1408 ਸੈਂਪਲ ਲਏ ਗਏ ਸਨ, ਜਦਕਿ ਰੋਜ਼ਾਨਾ ਘੱਟੋ-ਘੱਟ 4200 ਸੈਂਪਲ ਲੈਣ ਦੀ ਸਖਤ ਹਦਾਇਤ ਕੀਤੀ ਗਈ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਰੋਜ਼ਾਨਾ 4000 ਦੇ ਕਰੀਬ ਸੈਂਪਲ ਲਏ ਜਾਣੇ ਚਾਹੀਦੇ ਹਨ।

ਸਾਰੇ ਜ਼ਿਲ੍ਹਿਆਂ ਨੂੰ ਇਸ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਸੈਂਪਲਿੰਗ ਵਧਣ ਦੀ ਉਮੀਦ ਹੈ। ਸੈਂਪਲਾਂ ਦੀ ਜਾਂਚ ਦਾ ਕੰਮ ਵੀ ਹੌਲੀ-ਹੌਲੀ ਚੱਲ ਰਿਹਾ ਹੈ। ਸੋਮਵਾਰ ਨੂੰ ਸਿਰਫ਼ 1440 ਸੈਂਪਲਾਂ ਦੀ ਹੀ ਜਾਂਚ ਹੋ ਸਕੀ।

ਮੌਕ ਡਰਿੱਲ ‘ਚ ਕਮੀਆਂ ਦੂਰ ਕਰਨ ਦੀਆਂ ਹਦਾਇਤਾਂ
ਕੋਰੋਨਾ ਨਾਲ ਨਜਿੱਠਣ ਲਈ ਸੋਮਵਾਰ ਨੂੰ ਸੂਬੇ ਦੇ ਸਾਰੇ ਹਸਪਤਾਲਾਂ ‘ਚ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ। ਇਸ ‘ਚ ਆਕਸੀਜਨ ਸਪਲਾਈ, ਵੈਂਟੀਲੇਟਰ ਅਤੇ ਹੋਰ ਪ੍ਰਬੰਧਾਂ ਦੀ ਤਿਆਰੀ ਦੀ ਜਾਂਚ ਕੀਤੀ ਗਈ। ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਹਸਪਤਾਲਾਂ ‘ਚ ਆਈਸੋਲੇਸ਼ਨ ਵਾਰਡ ਵੀ ਬਣਾਏ ਜਾ ਰਹੇ ਹਨ। ਰਾਜ ਦੇ ਕੁਝ ਜ਼ਿਲ੍ਹਿਆਂ ‘ਚ ਟੈਸਟਿੰਗ ਕਿੱਟਾਂ ਦੀ ਘਾਟ ਪਾਈ ਗਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਇਸ ਦੌਰਾਨ ਜੋ ਵੀ ਕਮੀਆਂ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਜਲਦੀ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।