ਜਗਦੀਪ ਸਿੰਘ | ਜਲੰਧਰ
ਇਹ ਖਬਰ ਹੈ 22 ਸਾਲ ਦੀ ਜਰਮਨ ਕੁੜੀ ਲਿਓਨੀ ਦੀ, ਜੋ ਕਿ ਹੁਣ ਦੁਨੀਆ ਵਿੱਚ ਲਿਓਨੀ ਕੌਰ ਦੇ ਨਾਂ ਨਾਲ ਜਾਣੀ ਜਾਂਦੀ ਹੈ। ਲਿਓਨੀ ਕੌਰ ਪੰਜਾਬੀ ਬੋਲਦੀ ਹੈ। ਨਿਤਨੇਮ ਤੋਂ ਇਲਾਵਾ ਮੂਲ ਮੰਤਰ ਦਾ ਜਾਪ ਵੀ ਕਰਦੀ ਹੈ। ਲਿਓਨੀ ਦੀ ਜਿੰਦਗੀ ਦਾ ਮਕਸਦ ਹੁਣ ਆਪਣੇ ਪਤੀ ਜਸਪ੍ਰੀਤ ਸਿੰਘ ਨਾਲ ਪੂਰੀ ਦੁਨੀਆ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਹੀ ਹੈ।
ਪੰਜਾਬੀ ਬੁਲੇਟਿਨ ਨਾਲ ਖਾਸ ਗੱਲਬਾਤ ਕਰਦਿਆਂ ਲਿਓਨੀ ਦੱਸਦੀ ਹੈ- ਸਿੱਖ ਧਰਮ ਵਿੱਚ ਦਿਲਚਸਪੀ ਤੋਂ ਬਾਅਦ 2017 ਵਿੱਚ ਉਸ ਨੇ ਅੰਮ੍ਰਿਤ ਛੱਕਿਆ ਸੀ। ਇਸ ਤੋਂ ਬਾਅਦ ਧਰਮ ਪ੍ਰਚਾਰ ‘ਚ ਲੱਗ ਗਈ। ਜਿੰਦਗੀ ਉਸ ਵੇਲੇ ਹੋਰ ਵੀ ਖੂਬਸੂਰਤ ਹੋ ਗਈ ਜਦੋਂ ਹਮਸਫਰ ਵੀ ਗੁਰਸਿੱਖ ਹੀ ਮਿਲ ਗਿਆ।
ਲਿਓਨੀ ਦੇ ਪਤੀ ਜਸਪ੍ਰੀਤ ਸਿੰਘ ਜਲੰਧਰ ਦੇ ਜੰਮਪਲ ਹਨ। ਚਾਰ ਸਾਲ ਪਹਿਲਾਂ ਦਕੋਹਾ ਇਲਾਕੇ ਤੋਂ ਸਟੱਡੀ ਵੀਜਾ ‘ਤੇ ਜਰਮਨੀ ਗਏ ਸਨ। ਲਿਓਨੀ ਨਾਲ ਮੁਲਾਕਾਤ ਹੋਈ। ਸਿੱਖੀ ਬਾਣੇ ਵਿੱਚ ਲਿਓਨੀ ਬੜੀ ਚੰਗੀ ਲੱਗੀ। ਮੁਲਾਕਾਤ ਤੋਂ ਬਾਅਦ ਮੁਲਾਕਾਤਾਂ ਹੋਈਆਂ ਅਤੇ 2019 ਵਿੱਚ ਦੋਹਾਂ ਨੇ ਵਿਆਹ ਕਰਵਾ ਲਿਆ।
ਸੁਣੋ, ਪੂਰਾ ਵੀਡੀਓ ਇੰਟਰਵਿਉ…
ਜਸਪ੍ਰੀਤ ਸਿੰਘ ਦੱਸਦੇ ਹਨ – 2017 ਵਿੱਚ ਪੜ੍ਹਾਈ ਤੋਂ ਬਾਅਦ ਲਿਓਨੀ ਜਦੋਂ ਕੰਮ ਕਰਨ ਲਈ ਮੌਲ ਵਿਚ ਗਈ ਤਾਂ ਉੱਥੇ ਉਸ ਨੂੰ ਇਕ ਗੁਰਸਿੱਖ ਵਿਅਕਤੀ ਮਿਲਿਆ ਜੋ ਹਰ ਵੇਲੇ ਸ਼ਬਦ ਕੀਰਤਨ ਸਰਵਣ ਅਤੇ ਗੁਰਬਾਣੀ ਦਾ ਜਾਪ ਕਰਦਾ ਰਹਿੰਦਾ ਸੀ। ਉਸ ਨੇ ਹੀ ਪਹਿਲੀ ਵਾਰ ਲਿਓਨੀ ਕੌਰ ਨੂੰ ਸਿੱਖੀ ਦਾ ਇਤਿਹਾਸ ਦੱਸਿਆ ਸੀ। ਫਿਰ ਲਿਓਨੀ ਨੇ ਗੁਰੂਦੁਆਰਾ ਜਾਣਾ ਸ਼ੁਰੂ ਕਰ ਦਿੱਤਾ ਸੀ।
ਕੀ ਲਿਓਨੀ ਹੁਣ ਚੰਗੀ ਤਰ੍ਹਾਂ ਪੰਜਾਬੀ ਪੜ੍ਹ ਲੈਂਦੇ ਹਨ? ਲਿਓਨੀ ਖੁਸ਼ੀ-ਖੁਸ਼ੀ ਕਹਿੰਦੇ ਹਨ- ਮੈਂ ਪਹਿਲਾਂ ਹੁਕਮਨਾਮਾ ਅੰਗਰੇਜੀ ਵਿਚ ਪੜ੍ਹਦੀ ਸੀ। ਹੁਣ ਗੁਰਮੁਖੀ ਸਿੱਖ ਰਹੀ ਹਾਂ। ਹੌਲੀ-ਹੌਲੀ ਜਦੋਂ ਮੈਂ ਸਿੱਖ ਇਤਿਹਾਸ ਪੜ੍ਹਿਆ ਅਤੇ ਗੁਰਦੁਆਰਿਆਂ ਵਿਚ ਹੁੰਦੀ ਸੇਵਾ ਵੇਖੀ ਤਾਂ ਮੇਰਾ ਝੁਕਾਅ ਸਿੱਖ ਧਰਮ ਵੱਲ ਹੋਣ ਲੱਗ ਪਿਆ। ਅੰਮ੍ਰਿਤ ਛੱਕਣ ਤੋਂ ਬਾਅਦ ਤਾਂ ਮੇਰੀ ਭਟਕਣਾ ਹੀ ਖ਼ਤਮ ਹੋ ਗਈ।
ਦਸਤਾਰ ਕਰਕੇ ਨਹੀਂ ਮਿਲੀ ਕਈ ਥਾਂ ਨੌਕਰੀ
ਦਸਤਾਰ ਕਰਕੇ ਲਿਓਨੀ ਨੂੰ ਕਈ ਵਾਰ ਨੌਕਰੀ ਵੀ ਮਿਲਦੀ-ਮਿਲਦੀ ਰਹਿ ਗਈ। ਪੁਰਾਣੀਆਂ ਗੱਲਾਂ ਯਾਦ ਕਰਦੇ ਹੋਏ ਲਿਓਨੀ ਦੱਸਦੀ ਹੈ- ਸਾਰੀ ਗੱਲਬਾਤ ਹੋਣ ਤੋਂ ਬਾਅਦ ਉਨ੍ਹਾਂ ਦਸਤਾਰ ਉਤਾਰ ਕੇ ਕੰਮ ਕਰਨ ਲਈ ਕਿਹਾ ਗਿਆ ਸੀ। ਮੈਂ ਕਈ ਨੌਕਰੀਆਂ ਇਸੇ ਕਰਕੇ ਛੱਡ ਦਿੱਤੀਆਂ। ਜਦੋਂ ਮੈਂ ਅੰਮ੍ਰਿਤ ਛਕ ਲਿਆ ਤਾਂ ਫਿਰ ਮੈਂ ਨੌਕਰੀ ਲਈ ਪੱਗੜੀ ਕਿਵੇਂ ਉਤਾਰ ਸਕਦੀ ਸੀ।
ਅਖੀਰ ‘ਚ ਲਿਓਨੀ ਦੁਨੀਆ ਵਿੱਚ ਰਹਿੰਦੇ ਪੰਜਾਬੀਆਂ ਨੂੰ ਆਪਣਾ ਮੈਸੇਜ ਦਿੰਦੇ ਹੋਏ ਕਹਿੰਦੀ ਹੈ- ਮੈਂ ਇਸ ਲਈ ਸਿੱਖ ਧਰਮ ਅਪਣਾਇਆ ਹੈ ਕਿਉਂਕਿ ਮੈਨੂੰ ਗੁਰੂ ਸਾਹਿਬ ਨਾਲ ਪਿਆਰ ਹੈ। ਮੈਂ ਸਿਰਫ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲ ਕੇ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੀ ਹਾਂ।
Leonie Kaur’s Instagram Account
www.Instagram.com/that_european_kaur







































