ਜਲੰਧਰ . ਬਰਨਾਲਾ ਪੁਲਿਸ ਨਸ਼ੇ ਦੇ ਮਾਮਲੇ ਵਿੱਚ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਬਰਨਾਲਾ ਪੁਲਿਸ ਵਲੋਂ 2 ਕਰੋੜ 88 ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਸਮੇਤ ਦਿੱਲੀ ਨਿਵਾਸੀ ਪਿਉ-ਪੁੱਤ ਨੂੰ ਕਾਬੂ ਕੀਤਾ ਗਿਆ ਹੈ। ਬਰਨਾਲਾ ਦੇ ਐਸ.ਐਸ.ਪੀ ਸੰਦੀਪ ਗੋਇਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਅਧੀਨ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਵੱਡੀ ਸਫਲਤਾ ਮਿਲੀ ਹੈ।
ਜ਼ਿਲ੍ਹੇ ਦੇ ਥਾਣਾ ਮਹਿਲ ਕਲਾਂ ਦੀ ਪੁਲਿਸ ਵਲੋਂ ਕ੍ਰਿਸ਼ਨ ਅਰੋੜਾ ਪੁਤਰ ਕਰਤਾਰ ਚੰਦ ਅਰੋੜਾ ਅਤੇ ਗੌਰਵ ਕੁਮਾਰ ਅਰੋੜਾ ਪੁੱਤਰ ਕ੍ਰਿਸ਼ਨ ਕੁਮਾਰ ਅਰੋੜਾ ਵਾਸੀਆਨ ਰਾਜੌਰੀ ਗਾਰਡਨ , ਨਵੀ ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗੌਰਵ ਕੁਮਾਰ ਅਰੋੜਾ ਦੀ ਨਿਸ਼ਾਨਦੇਹੀ ‘ਤੇ ਡੀਐਸਪੀ ਮਹਿਲ ਕਲਾਂ ਡਾ. ਪ੍ਰਗਿਆ ਜੈਨ ਦੀ ਅਗਵਾਈ ਵਿੱਚ ਸਮੇਤ ਰਮਨਿੰਦਰ ਸਿੰਘ ਦਿਉਲ ਡੀਐਸਪੀ, ਰਛਪਾਲ ਸਿੰਘ ਢੀਂਡਸਾ ਡੀਐਸਪੀ ਸਮੇਤ ਸੀ.ਆਈ.ਏ ਸਟਾਫ ਬਰਨਾਲਾ ਅਤੇ ਮੁੱਖ ਅਫਸਰ ਥਾਣਾ ਮਹਿਲ ਕਲਾ ਦੀ ਟੀਮ ਵੱਲੋਂ ਗੌਰਵ ਅਰੋੜਾ ਦੇ ਨਰੇਲਾ ਦਿੱਲੀ ਵਿਖੇ ਸਥਿਤ ਗੁਦਾਮ ‘ਤੇ ਰੇਡ ਕਰਕੇ 2 ਕਰੋੜ 88 ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬ੍ਰਾਮਦ ਕੀਤੇ ਹਨ। ਜਿਸ ਦੀ ਬਾਜ਼ਾਰ ਵਿੱਚ ਕੀਮਤ ਲਗਭਗ 15 ਕਰੋੜ ਹੈ।
ਐਸ.ਐਸ.ਪੀ ਸੰਦੀਪ ਗੋਇਲ ਨੇ ਦੱਸਿਆ ਕਿ ਇਹ ਗੈਂਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 70 % ਨਸ਼ੀਲੇ ਪਧਾਰਥ ਸਪਲਾਈ ਕਰ ਰਿਹਾ ਸੀ। ਬਰਨਾਲਾ ਪੁਲਿਸ ਵੱਲੋਂ ਇਹਨਾ ਨੂੰ ਗ੍ਰਿਫਤਾਰ ਕਰਕੇ ਨਸ਼ੇ ਦੀ ਸਪਲਾਈ ਚੈਨ ਤੋੜਨ ਵਿੱਚ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਬਰਨਾਲਾ ਪੁਲਿਸ ਦੀ ਇਸ ਕਾਮਯਾਬੀ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਅਤੇ ਬਰਨਾਲਾ ਪੁਲਿਸ ਨੂੰ ਕਾਮਯਾਬੀ ਸਬੰਧੀ ਵਧਾਈ ਭੇਜੀ ਹੈ ।