ਪੰਜਾਬ ਦੇ 1807 ਤਗਮਾ ਜੇਤੂ ਖਿਡਾਰੀਆਂ ਨੂੰ ਭਲਕੇ ਕੀਤਾ ਜਾਵੇਗਾ ਸਨਮਾਨਿਤ, CM ਮਾਨ ਵੰਡਣਗੇ 5.94 ਕਰੋੜ ਦੀ ਰਾਸ਼ੀ

0
2732

ਚੰਡੀਗੜ੍ਹ| ਪੰਜਾਬ ਸਰਕਾਰ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ ‘ਤੇ ਪਿਛਲੇ ਪੰਜ ਸਾਲਾਂ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤਣ ਵਾਲੇ ਆਪਣੇ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਤੋਂ ਬਠਿੰਡਾ ਵਿਖੇ ਸ਼ੁਰੂ ਹੋ ਰਹੇ ‘ਖੇਡਾਂ ਵਤਨ ਪੰਜਾਬ ਦੀਆ’ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਦੌਰਾਨ ਅਜਿਹੇ 1807 ਖਿਡਾਰੀਆਂ ਨੂੰ ਕੁੱਲ 5.94 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਸੂਬੇ ਵਿੱਚ ਕਈ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਪਿਛਲੇ ਪੰਜ ਸਾਲਾਂ ਤੋਂ ਤਗਮੇ ਜਿੱਤਣ ਦੇ ਬਾਵਜੂਦ ਨਕਦ ਇਨਾਮੀ ਰਾਸ਼ੀ ਨਹੀਂ ਮਿਲੀ ਹੈ। ਖੇਡ ਵਿਭਾਗ ਨੇ 2017 ਤੋਂ ਹੁਣ ਤੱਕ 1807 ਅਜਿਹੇ ਖਿਡਾਰੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਦੀ ਕੁੱਲ ਇਨਾਮੀ ਰਾਸ਼ੀ 5,94,45,400 ਰੁਪਏ (5.94 ਕਰੋੜ) ਹੈ। ਇਨ੍ਹਾਂ ਖਿਡਾਰੀਆਂ ਨੇ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਗਮੇ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।