ਮੋਹਾਲੀ/ਖਰੜ | ਸੰਨੀ ਇਨਕਲੇਵ ਖਰੜ ਦੇ 123 ਸੈਕਟਰ ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ 16 ਲੱਖ ਰੁਪਏ ਤੇ 15 ਤੋਲੇ ਸੋਨਾ ਲੈ ਗਏ। ਥਾਣੇਦਾਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਬੈਂਕ ਵਿਚੋਂ ਰਿਟਾਇਰਡ ਹੋਏ ਵਿਅਕਤੀ ਦੇ ਘਰ ਘਟਨਾ ਵਾਪਰੀ ਜਿਨ੍ਹਾਂ ਦੇ ਬੇਟੇ ਦਾ ਕੁਝ ਦਿਨਾਂ ਵਿਚ ਵਿਆਹ ਸੀ ਤੇ ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਉਨ੍ਹਾਂ ਕਿਹਾ ਕਿ ਘਰ ਨੂੰ ਤਾਲਾ ਲਗਾ ਕੇ ਕਿਸੇ ਕੰਮ ਕਰਕੇ ਦਿੱਲੀ ਗਏ ਹੋਏ ਸਨ ਤੇ ਉਨ੍ਹਾਂ 25 ਫ਼ਰਵਰੀ ਨੂੰ ਵਾਪਸ ਆਉਣਾ ਸੀ ਪਰ ਬੀਤੀ ਰਾਤ ਉਨ੍ਹਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਵਿਆਹ ਵਾਲੇ ਨਵੇਂ ਕੱਪੜੇ ਵੀ ਲੈ ਗਏ।
ਇਸ ਘਟਨਾ ਦੀ ਜਾਣਕਾਰੀ ਖਰੜ ਪੁਲਿਸ ਨੂੰ ਦਿੱਤੀ, ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਗਈ ਤੇ ਉਨ੍ਹਾਂ ਚੋਰਾਂ ਦਾ ਪਤਾ ਲਗਾਉਣ ਲਈ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਬੁਲਾਈ। ਪੁਲਿਸ ਵੱਲੋਂ ਨੇੜਲੇ ਕੈਮਰਿਆ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।