ਜਲੰਧਰ . ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਰੇਲ ਗੱਡੀਆਂ ਰਾਹੀਂ ਵਾਪਸ ਭੇਜਣ ਦੀ ਲੜੀ ਵਜੋਂ ਅੱਜ ਜਲੰਧਰ ਰੇਲਵੇ ਸਟੇਸ਼ਨ ਤੋਂ 15ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ 1200 ਪ੍ਰਵਾਸੀਆਂ ਨੂੰ ਲੈ ਕੇ ਯੂਪੀ ਦੇ ਸੁਲਤਾਨਪੁਰ ਲਈ ਰਵਾਨਾ ਹੋਈ ਜਿਸ ‘ਤੇ ਸੂਬਾ ਸਰਕਾਰ ਵਲੋਂ 5.76 ਲੱਖ ਰੁਪਏ ਖ਼ਰਚੇ ਗਏ। ਪੰਜਾਬ ਵਿੱਚ ਲਾਕਡਾਊਨ/ਕਰਫ਼ਿਊ ਦੌਰਾਨ ਫਸੇ ਪੰਜਾਬੀਆਂ ਨੂੰ ਮੁਫ਼ਤ ਸਫ਼ਰ ਰਾਹੀਂ ਜੱਦੀ ਸੂਬਿਆਂ ਵਿੱਚ ਭੇਜਣ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਮੁੱਖ ਮੰਤਰੀ ਪੰਜਾਬ ਵਲੋਂ ਮਨੁੱਖਤਾ ਦੀ ਭਲਾਈ ਲਈ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਇਹ 15ਵੀਂ ਰੇਲ ਗੱਡੀ ਹੈ ਇਸ ਤੋਂ ਪਹਿਲਾਂ 14 ਰੇਲ ਗੱਡੀਆਂ ਡਾਲਟਨਗੰਜ, ਗਾਜ਼ੀਪੁਰ ਤੇ ਬਨਾਰਸ, ਲਖਨਊ, ਗੋਰਖਪੁਰ, ਆਯੋਧਿਆ, ਆਜ਼ਮਗੜ, ਦਰਬੰਗਾ, ਬਹਿਰਾਇਚ, ਸੁਲਤਾਨਪੁਰ, ਮੁਜ਼ੱਫਰ ਨਗਰ, ਅਕਬਰਪੁਰ, ਆਜ਼ਮਗੜ੍ਹ, ਕਟਿਹਾਰ ਤੇ ਫੈਜ਼ਾਬਾਦ ਲਈ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਚੁੱਕੀਆਂ ਹਨ।
ਰੇਲ ਗੱਡੀ ਵਿੱਚ ਪ੍ਰਵਾਸੀਆਂ ਨੂੰ ਚੜ੍ਹਾਉਣ ਤੋਂ ਪਹਿਲਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਰਾਹੀਂ ਬੱਲੇ-ਬੱਲੇ ਫਾਰਮ ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਰੋਡ ਤੋਂ ਰੇਲਵੇ ਸਟੇਸ਼ਨ ‘ਤੇ ਲਿਆਂਦਾ ਗਿਆ। ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਵਾਸੀਆਂ ਨੂੰ ਰੇਲ ਗੱਡੀਆਂ ਵਿੱਚ ਚੜ੍ਹਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਰੇਲਵੇ ਸਟੇਸ਼ਨ ‘ਤੇ ਪ੍ਰਵਾਸੀਆਂ ਨੂੰ ਰੇਲ ਗੱਡੀਆਂ ਵਿੱਚ ਚੜ੍ਹਾਉਣ ਤੋਂ ਪਹਿਲਾਂ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਹਰੇਕ ਵਿਅਕਤੀ ਦੀ ਸਿਹਤ ਟੀਮਾਂ ਵਲੋਂ ਮੈਡੀਕਲ ਸਕਰੀਨਿੰਗ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।