CBSE 10ਵੀਂ ਤੇ 12ਵੀ ਦੇ ਵਿਦਿਆਰਥੀਆਂ ਦੇ ਹੁਣ ਆਪਣੇ ਸਕੂਲਾਂ ‘ਚ ਹੀ ਹੋਣਗੇ ਪੇਪਰ

0
768

ਚੰਡੀਗੜ੍ਹ . ਸੈਂਟਰਲ ਬੋਰਡ ਫ਼ਾਰ ਸੈਕੰਡਰੀ ਐਜੂਕੇਸ਼ਨ ਨੇ ਦਸਵੀਂ ਅਤੇ ਬਾਰਵੀਂ ਦੇ ਇਮਤਿਹਾਨਾਂ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਨਿਰਦੇਸ਼ਾਂ ਮੁਤਾਬਿਕ ਵਿਦਿਆਰਥੀਆਂ ਦੇ ਇਮਤਿਹਾਨ ਉਨ੍ਹਾਂ ਦੇ ਆਪਣੇ ਸਕੂਲ ਵਿੱਚ ਹੀ ਹੋਣਗੇ। ਦਸਵੀਂ ਅਤੇ ਬਾਰਵੀਂ ਦੀ ਡੇਟਸ਼ੀਟ 18 ਮਈ ਨੂੰ ਜਾਰੀ ਕਰ ਦਿੱਤੀ ਗਈ ਸੀ। ਇਮਤਿਹਾਨ 1 ਤੋਂ 15 ਜੁਲਾਈ ਦਰਮਿਆਨ ਹੋਣੇ ਹਨ। ਜਿਹੜੇ ਵਿਦਿਆਰਥੀ ਆਪਣੇ ਸਕੂਲ ਵਾਲੇ ਜ਼ਿਲ੍ਹੇ ਤੋਂ ਬਾਹਰ ਹਨ ਜਾਂ ਜਿਨ੍ਹਾਂ ਨੇ ਕਿਸੇ ਦੂਸਰੇ ਜ਼ਿਲ੍ਹੇ ਦੇ ਸਕੂਲ ਵਿੱਚ ਸ਼ਿਫ਼ਟ ਕੀਤਾ ਹੈ, ਉਨ੍ਹਾਂ ਨੂੰ ਸੈਂਟਰ ਬਦਲਣ ਦੀ ਇਜਾਜ਼ਤ ਹੋਵੇਗੀ। ਸਕੂਲ ਆਪਣੇ ਵਿਦਿਆਰਥੀਆਂ ਨੂੰ ਸੰਪਰਕ ਕਰ ਕੇ ਇਸ ਬਾਰੇ ਪਤਾ ਕਰਨਗੇ ਅਤੇ 9 ਜੂਨ ਤੱਕ ਸੈਂਟਰ ਬਦਲਣ ਬਾਰੇ ਪੋਰਟਲ ‘ਤੇ ਜਾਣਕਾਰੀ ਦੇਣਗੇ। ਵਿਦਿਆਰਥੀ ਇਸ ਸੰਬੰਧੀ ਆਪਣੇ ਸਕੂਲ ਨੂੰ ਹੀ ਸੰਪਰਕ ਕਰ ਸਕਦੇ ਹਨ। ਸੈਂਟਰ ਬਦਲਣ ਲਈ ਬੋਰਡ ਨੂੰ ਸਿੱਧਾ ਨਾ ਲਿਖਿਆ ਜਾਵੇ। ਹਰ ਜ਼ਿਲ੍ਹੇ ਵਿੱਚ ਇੱਕ ਸਕੂਲ ਨੂੰ ਦੂਜੇ ਜ਼ਿਲ੍ਹੇ ਵਿੱਚੋਂ ਸ਼ਿਫ਼ਟ ਹੋਏ ਵਿਦਿਆਰਥੀਆਂ ਲਈ ਨੋਡਲ ਸੈਂਟਰ ਤੈਅ ਕੀਤਾ ਜਾਵੇਗਾ।

20 ਜੂਨ ਤੋਂ ਵਿਦਿਆਰਥੀ’ Examination centre locator of CBSE’ ਨਾਮ ਦੀ ਐਪ ‘ਤੇ ਆਪਣਾ ਸੈਂਟਰ ਦੇਖ ਪਾਉਣਗੇ ਪਰ ਇਹ ਐਪ ਸਿਰਫ਼ ਐਂਡਰਾਈਡ ਫ਼ੋਨ ਉੱਤੇ ਹੀ ਚੱਲੇਗੀ। ਕੰਨਟੇਨਮੈਂਟ ਜ਼ੋਨ ਵਿੱਚ ਕੋਈ ਵੀ ਸੈਂਟਰ ਨਹੀਂ ਬਣਾਇਆ ਜਾਵੇਗਾ। ਜਿਹੜੇ ਵੀ ਵਿਸ਼ੇ ਦਾ ਇਮਤਿਹਾਨ ਨਹੀਂ ਲਿਆ ਜਾਏਗਾ, ਉਸ ਵਿਸ਼ੇ ਦੇ ਨੰਬਰ ਬੋਰਡ ਦੀ ਅਸੈਸਮੈਂਟ ਸਕੀਮ ਤਹਿਤ ਲਗਾਏ ਜਾਣਗੇ। ਜਿਹੜੇ ਵਿਦਿਆਰਥੀ ਦੇਸ਼ ਤੋਂ ਬਾਹਰ ਹਨ, ਉਨ੍ਹਾਂ ਲਈ ਇਮਤਿਹਾਨ ਨਹੀਂ ਕਰਾਏ ਜਾਣਗੇ। ਇਹਨਾਂ ਵਿਦਿਆਰਥੀਆਂ ਦੇ ਨੰਬਰ ਵੀ ਬੋਰਡ ਦੀ ਅਸੈਸਮੈਂਟ ਸਕੀਮ ਤਹਿਤ ਲਗਾਏ ਜਾਣੇ ਹਨ। ਬੋਰਡ ਦੇ ਹੈਲਪ ਲਾਈਨ ਨੰਬਰ 1800-11-8002 ਉੱਤੇ ਵੀ ਆਮ ਦਿਨਾਂ ਵਿੱਚ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।