ਬਰਨਾਲਾ . ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਿਕਾਰੀ ਸਭਾਵਾਂ ਦੇ ਉਪ ਰਜਿਸਟਰਾਰ ਸ੍ਰੀਮਤੀ ਗਗਨਦੀਪ ਕੌਰ ਅਤੇ ਸਹਾਇਕ ਰਜਿਸਟਰਾਰ ਸ੍ਰੀਮਤੀ ਗੁਰਪ੍ਰੀਤ ਕੌਰ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਕਾਰਨ ਲਗਾਏ ਕਰਫਿਉ ਦੌਰਾਨ ਜ਼ਿਲ੍ਹਾ ਬਰਨਾਲਾ ਦੀਆਂ ਖੇਤੀਬਾੜੀ ਸਭਾਵਾਂ ਦੇ ਸਕੱਤਰਾਂ ਵੱਲੋਂ ਪੂਰਨ ਸਾਵਧਾਨੀ ਵਰਤਦੇ ਹੋਏ ਆਪਣੇ ਮੈਂਬਰਾਂ ਦੇ ਘਰ-ਘਰ ਜਾ ਕੇ ਮਹੀਨਾ ਅਪ੍ਰੈਲ 2020 ਦੌਰਾਨ ਲਗਭਗ 40 ਲੱਖ ਰੁਪਏ ਦਾ ਘਰੇਲੂ ਸਾਮਾਨ ਜਿਵੇਂ ਘਿਉ, ਦਾਲਾਂ, ਤੇਲ, ਖੰਡ, ਚਾਹ ਪੱਤੀ, ਆਦਿ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਨੂੰ ਖਾਦ, ਪਸ਼ੂ ਖੁਰਾਕ ਆਦਿ ਚੀਜ਼ਾਂ ਵੀ ਵਾਜਬ ਰੇਟਾਂ ’ਤੇ ਦਿੱਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਹੁਣ ਕੋਵਿਡ-19 ਮਹਾਮਾਰੀ ਕਾਰਨ ਖੇਤ ਮਜ਼ਦੂਰਾਂ ਦੀ ਘਾਟ ਨੂੰ ਦੇਖਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰਾਹੀਂ ਸਭਾਵਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨਾਂ, ਝੋਨੇ ਦੀ ਪਨੀਰੀ ਲਾਉਣ ਵਾਲੀਆਂ ਮਸ਼ੀਨਾਂ, ਮੱਕੀ ਥਰੈਸ਼ਰ ਆਦਿ ਮਸ਼ੀਨਾਂ 40 ਫੀਸਦੀ ਸਬਸਿਡੀ ’ਤੇ ਮਹੁੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਸਭਾਵਾਂ ਦੇ ਮੈਂਬਰਾਂ ਨੂੰ ਝੋਨਾ ਲਗਾਉਣ ਸਮੇਂ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਫਸਲੀ ਰਹਿੰਦ-ਖੂੰਹਦ ਨੂੰ ਧਰਤੀ ਵਿੱਚ ਹੀ ਨਸ਼ਟ ਕਰਨ ਸਬੰਧੀ ਖੇਤੀਬਾੜੀ ਮਸ਼ੀਨਾਂ ਜਿਵੇਂ ਕਿ ਰੋਟਾਵੇਟਰ, ਹੈਪੀ ਸੀਡਰ, ਜ਼ੀਰੋ ਡਰਿੱਲ, ਚੌਪਰ, ਮਲਚਰ, ਆਦਿ ਸਭਾਵਾਂ ਵਿੱਚ ਉਪਲੱਬਧ ਹੋਣ ਬਾਰੇ ਦੱਸਿਆ ਗਿਆ ਅਤੇ ਕਿਹਾ ਕਿ ਸਭਾ ਦਾ ਮੈਂਬਰ ਸਬੰਧਿਤ ਸਭਾ ਦੇ ਸਕੱਤਰ ਨਾਲ ਤਾਲਮੇਲ ਕਰਕੇ ਮਸ਼ੀਨਾਂ ਲੈ ਸਕਦਾ ਹੈ।