ਜਲੰਧਰ | ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੇ ਦੀ ਕਾਰ ‘ਤੇ ਬੀਤੀ ਰਾਤ ਯਾਨੀ ਐਤਵਾਰ ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਜੋੜੇ ਦੀ ਕਾਰ ‘ਤੇ ਪਥਰਾਅ ਕਰ ਕੇ ਉਸ ਦੀ ਵਿੰਡਸ਼ੀਲਡ ਤੋੜ ਦਿੱਤੀ ਗਈ ਅਤੇ ਕਾਰ ਨੂੰ ਕਈ ਵਾਰ ਲੱਤਾਂ ਮਾਰੀਆਂ ਗਈਆਂ। ਇਹ ਘਟਨਾ ਪੱਛਮੀ ਵਿਧਾਨ ਸਭਾ ਹਲਕੇ ਦੇ ਉਜਾਲਾ ਨਗਰ ਦੀ ਹੈ।
ਕੁੱਲ੍ਹੜ ਪੀਜ਼ਾ ਜੋੜੇ ਦੇ ਨਾਂ ਨਾਲ ਮਸ਼ਹੂਰ ਸਹਿਜ ਅਰੋੜਾ ਨੇ ਉਕਤ ਘਟਨਾ ਦੀ ਜਾਣਕਾਰੀ ਆਪਣੇ ਫੇਸਬੁੱਕ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਸਹਿਜ ਨੇ ਲਾਈਵ ਹੋ ਕੇ ਕਿਹਾ ਕਿ ਜੇ ਕਿਸੇ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਤਾਂ ਸਮਝ ਆਉਂਦੀ ਹੈ ਪਰ ਕੀ ਕਿਸੇ ਦੀ ਕਾਰ ਨਾਲ ਕੋਈ ਦੁਸ਼ਮਣੀ ਸੀ? ਸਹਿਜ ਨੇ ਕਿਹਾ- ਮੇਰੀ ਕਾਰ ਦਾ ਸ਼ੀਸ਼ਾ ਟੁੱਟ ਕੇ ਨੁਕਸਾਨਿਆ ਗਿਆ।
ਪਹਿਲਾਂ ਇੱਟ ਮਾਰ ਕੇ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜਿਆ ਗਿਆ ਅਤੇ ਫਿਰ ਲੱਤਾਂ ਮਾਰ ਕੇ ਕਾਰ ਨੂੰ ਡੈਂਟ ਪਾਏ ਗਏ ਹਨ। ਬਿਨਾਂ ਕਿਸੇ ਕਾਰਨ ਮੇਰੀ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ। ਗਲੀ ‘ਚ ਹੋਰ ਵੀ ਕਾਰਾਂ ਖੜ੍ਹੀਆਂ ਸਨ ਪਰ ਸਿਰਫ਼ ਮੇਰੀ ਕਾਰ ਹੀ ਨੁਕਸਾਨੀ ਗਈ। ਸਹਿਜ ਨੇ ਕਿਹਾ- ਮੈਂ ਦੋ ਦਿਨ ਪਹਿਲਾਂ ਕਾਰ ਰਿਪੇਅਰ ਕਰਵਾਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਕੋਈ ਸੀਸੀਟੀਵੀ ਨਹੀਂ ਸੀ, ਜਿਸ ਕਾਰਨ ਦੋਸ਼ੀ ਘਟਨਾ ਤੋਂ ਬਾਅਦ ਉਥੋਂ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਕੁੱਲ੍ਹੜ ਪੀਜ਼ਾ ਜੋੜੇ ਵੱਲੋਂ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸਿਟੀ ਪੁਲਿਸ ਨੇ ਮਾਮਲੇ ਵਿਚ ਸਹਿਜ ਦੇ ਬਿਆਨ ਦਰਜ ਕਰ ਲਏ ਹਨ। ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ‘ਤੇ ਲੱਗੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਦੀ ਪਛਾਣ ਹੋ ਸਕੇ।