ਵਿਗਿਆਨਕ ਸੂਝ ਦੇ ‘ਖ਼ਤਰੇ’ ਤੇ ਉਪਲਬਧੀਆਂ

0
6646

ਵਿਗਿਆਨ ਦੀ ਸ਼ੁਰੂਆਤ, ਪੰਜ ਸਦੀਆਂ ਪਹਿਲਾਂ ਪੋਲੈਂਡ ਦੇ ਕਾਪਰਨੀਕਸ ਨਾਂ ਦੇ ਵਿਗਿਆਨੀ ਨੇ ਕੀਤੀ ਸੀ ਜਿਸ ਨੇ ਕਿਹਾ ਸੀ ਕਿ ਧਰਤੀ ਘੁੰਮਦੀ ਹੈ ਸੂਰਜ ਨਹੀਂ। ਉਸ ਨੂੰ ਚਰਚ ਨੇ ਇਸ ਕਾਰਨ ਮੌਤ ਦੀ ਸਜ਼ਾ ਦੇਣ ਦਾ ਵੀ ਫਰਮਾਨ ਸੁਣਾ ਦਿੱਤਾ ਸੀ ਕਿਉਂਕਿ ਉਹ ਬਾਈਬਲ ਦੇ ਕਥਨ ਦੇ ਉਲਟ ਵਿਚਾਰ ਪ੍ਰਗਟ ਕਰ ਰਿਹਾ ਸੀ। ਉਹਨੇ ਮਾਫ਼ੀ ਮੰਗਦਿਆਂ ਕਿਹਾ, ‘ਬਾਈਬਲ ਦਾ ਕਥਨ ਸੱਚ ਹੈ, ਮੇਰੀ ਲੱਭਤ ਝੂਠੀ ਹੈ।’ (ਕਿਉਂਕਿ ਉਹ ਜੋ ਤਰਜਬੇ ਕਰ ਰਿਹਾ ਸੀ ਉਹ ਅਜੇ  ਪੂਰੇ ਨਹੀਂ ਸਨ ਹੋਏ) ਪਰ ਉਹਨੇ  ਨਾ-ਸੁਣੀਂ ਜਾ ਸਕਣ ਵਾਲੀ ਆਵਾਜ਼ ਵਿੱਚ, ਮੂੰਹ ਲਾਂਭੇ ਕਰਕੇ ਇਹ ਵੀ ਕਿਹਾ ਸੀ ਕਿ, ‘ਧਰਤੀ ਤਾਂ ਹੁਣ ਵੀ ਘੁੰਮੀ ਜਾ ਰਹੀ ਹੈ।’

ਉਸ ਤੋਂ ਸਵਾ ਕੁ ਸੌ ਸਾਲ ਬਾਅਦ ਇਟਲੀ ਦੇ ਵਿਗਿਆਨੀ ਗਲੀਲਿਓ ਨੇ ਕਾਪਰਨੀਕਸ ਦੇ ਕਾਰਜ ਨੂੰ ਅੱਗੇ ਵਧਾਇਆ ਤੇ ਦੂਰਬੀਨ ਬਣਾ ਕੇ ਧਰਤੀ ਦੇ ਘੁੰਮਣ ਦੇ ਪੱਕੇ ਪ੍ਰਮਾਣ ਲੱਭ  ਲਏ। ਇਨ੍ਹਾਂ ਦੋਏ ਮਹਾਨ ਵਿਗਿਆਨੀਆਂ ਨੇ ਜੋ ਸ਼ੁਰੂਆਤ ਕੀਤੀ, ਉਸੇ ਦੇ ਆਧਾਰ ਉੱਤੇ ਯੌਰਪ ਦੇ ਅਨੇਕ ਵਿਗਿਆਨੀਆਂ ਨੇ ਆਪੋ-ਆਪਣਾ ਯੋਗਦਾਨ ਦਿੱਤਾ ਤੇ ਸਿਰਫ ਤਿੰਨ ਕੁ ਸਦੀਆਂ ਅੰਦਰ ਵਿਗਿਆਨ ਨੇ ਜੋ ਪ੍ਰਗਤੀ ਕੀਤੀ ਉਹਨੇ ਪੂਰੇ ਸੰਸਾਰ ਨੂੰ ਏਨਾ ਬਦਲ ਦਿੱਤਾ ਜਿੰਨਾਂ ਆਦਮੀ ਦੇ ਦੋਏ ਪੈਰਾਂ ’ਤੇ ਤੁਰਨ ਤੇ ਹੱਥਾਂ ਦੀ ਵਰਤੋਂ ਕਰਨ  ਦੇ ਲਗਪਗ ਦਸ ਲੱਖ ਸਾਲ ਵਿੱਚ ਨਹੀਂ ਸੀ ਬਦਲਿਆ ਜਾ ਸਕਿਆ।

ਅੱਜ ਕਾਪਰਨੀਕਸ ਤੇ ਗਲੀਲਿਓ ਦੀ ਵਿਗਿਆਨਕ ਉਪਲਬਧੀ ਨੇ ਆਦਮੀ ਨੂੰ ਬ੍ਰਹਿਮੰਡ ਦੀ ਖੋਜ ਤੱਕ ਵੀ ਪੁਚਾ ਦਿੱਤਾ ਹੈ। ਚੰਦ ਉੱਤੇ ਤਾਂ ਚਾਲੀ ਸਾਲ ਪਹਿਲਾਂ ਆਦਮੀ ਉੱਤਰ ਕੇ ਵੀ ਦੇਖ ਆਇਆ ਹੈ ਕਿ ਉਹਦੀ ਧਰਤੀ ਕਿਹੋ ਜਿਹੀ ਹੈ। ਵਿਗਿਆਨੀਆਂ  ਦੀਆਂ ਖੋਜਾਂ ਨੇ ਮਨੁੱਖੀ ਜੀਵਨ ਨੂੰ ਜਿੱਥੇ ਹੈਰਾਨ ਕਰਨ ਵਾਲੇ ਕਾਰਜਾਂ ਤੱਕ ਪੁਚਾਇਆ ਹੈ, ਉੱਥੇ ਐਟਮ ਬੰਬਾਂ ਵਰਗੇ ਉਹ ਖ਼ਤਰੇ ਵੀ ਪੈਦਾ ਕੀਤੇ ਹਨ ਜਿਨ੍ਹਾਂ ਕਾਰਨ ਕੁਝ ਪਲਾਂ ਅੰਦਰ ਹੀ ਧਰਤੀ ਦਾ ਹਰ ਜੀਵ, ਬਨਸਪਤੀ ਤੇ ਕਰੋੜਾਂ ਸਾਲਾਂ ਵਿੱਚ ਪੈਦਾ ਹੋਏ ਕੁਦਰਤ ਦੇ ਪਾਸਾਰੇ ਨੂੰ ਨਸ਼ਟ ਕੀਤਾ ਜਾ ਸਕਦਾ ਹੈ।

ਮੂਲ ਸਮੱਸਿਆ ਵਿਗਿਆਨਕ ਸੋਚ ਦੀ ਹੈ ਜੋ ਸੱਤ ਅਰਬ ਦੀ ਆਬਾਦੀ ਵਿੱਚੋਂ ਸ਼ਾਇਦ ਕੁਝ ਕਰੋੜ ਲੋਕਾਂ ਨੂੰ ਵੀ ਪ੍ਰਾਪਤ  ਨਹੀਂ ਹੋ ਸਕੀ। ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿੱਚ ਵਿਗਿਆਨੀ ਤੇ ਤਕਨਾਲੋਜੀ ਦੇ ਅਨੇਕ ਖੇਤਰਾਂ ਦੇ ਮਾਹਰ ਵੀ ਵਿਗਿਆਨਕ  ਸੋਚ ਤੋਂ ਊਣੇ ਹਨ, ਜਿਸ ਕਾਰਨ ਘੱਟੋ-ਘੱਟ ਪੌਣੇ ਸੱਤ ਅਰਬ ਲੋਕ, ਵਿਗਿਆਨਕ ਸੋਚ ਤੱਕ ਉੱਕਾ ਨਹੀਂ ਪਹੁੰਚ ਸਕੇ, ਨਾ ਹੀ ਉਹ ਵਿਗਿਆਨ  ਤੇ ਤਕਨਾਲੋਜੀ ਦੀਆਂ ਉਪਲਬੱਧੀਆਂ ਦਾ ਕੋਈ ਲਾਭ ਲੈ ਸਕੇ ਹਨ।  ਕਾਰਨ ਇਹ ਵੀ ਹੈ ਕਿ 1900 ਵਿੱਚ ਸੰਸਾਰ ਦੀ ਆਬਾਦੀ ਇੱਕ ਅਰਬ ਤੋਂ ਕੁਝ ਵਧੇਰੇ ਸੀ, ਪਰ ਇੱਕ ਸਦੀ (2000 ਤੱਕ) ਅੰਦਰ ਹੀ ਸੱਤ-ਗੁਣਾਂ ਹੋ ਗਈ, ਇਸ ਕਰਕੇ ਵਿਗਿਆਨ ਤੇ  ਤਕਨਲੋਜੀ ਦੇ ਲਾਭ ਏਨੀ ਆਬਾਦੀ ਨੂੰ ਨਹੀਂ ਮਿਲ ਸਕੇ।) ਇੱਕ ਕਾਰਨ ਇਹ ਵੀ ਹੈ ਕਿ ਅਮਰੀਕਾ ਤੇ ਯੌਰਪੀਨ ਦੇਸ਼ਾਂ ਨੇ ਵਿਗਿਆਨਕ ਉਪਲਬਧੀਆਂ ਉੱਤੇ  ਪੂਰੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ ਜੋ ਤੀਜੇ ਸੰਸਾਰ (ਪਛੜੇ ਤੇ ਵਿਕਾਸਸ਼ੀਲ ਦੇਸ਼) ਤੋਂ ਵਿਗਿਆਨਕ ਜਾਣਕਾਰੀ ਦੇਣ ਦੀ ਵੀ ਏਨੀ ਕੀਮਤ ਵਸੂਲ ਕਰਦੇ ਹਨ ਕਿ ਤੀਜੇ ਸੰਸਾਰ ਦਾ ਕੋਈ ਦੇਸ਼ ਨਹੀਂ ਦੇ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਵਿਗਿਆਨ ਤੇ ਤਕਨਾਲੋਜੀ ਦਾ ਵਿਕਾਸ ਉਨ੍ਹਾਂ ਦੇ ਵਿਗਿਆਨੀਆਂ ਤੇ ਇੰਜੀਨੀਅਰਾਂ ਨੇ ਕੀਤਾ ਹੈ ਇਸ ਲਈ ਇਨ੍ਹਾਂ ਖੇਤਰਾਂ ਦੀ ਜਾਣਕਾਰੀ ਉਹ ਆਪਣੀਆਂ ਸ਼ਰਤਾਂ ’ਤੇ ਦੇਣਗੇ। ਪਰ ਅਸਲੀਅਤ ਇਹ ਹੈ ਕਿ ਇਹ ਦੇਸ਼, ਤੀਜੇ ਸੰਸਾਰ ਨੂੰ  ਹਮੇਸ਼ਾ ਆਰਥਿਕ ਗ਼ੁਲਾਮ ਬਣਾਈ ਰੱਖਣਾ ਚਾਹੁੰਦੇ ਹਨ। (ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਤੀਜੇ ਸੰਸਾਰ ਦੇ ਲੋਕ ਕਿੰਜ ਨਰਕ ਭੋਗ ਰਹੇ ਹਨ ਤੇ ਉਨ੍ਹਾਂ ਨੂੰ ਵੀ ਵਿਗਿਆਨ ਦੀਆਂ ਪ੍ਰਾਪਤੀਆਂ ਦਾ ਲਾਭ ਲੈਣ ਦਾ ਅਧਿਕਾਰ ਹੈ। ਇਹਦੇ ਕਾਰਨ ਰਾਜਨੀਤਕ ਹਨ- ਜਿਵੇਂ ਅਮੀਰੀ ਤੇ ਗਰੀਬੀ ਦਾ ਪਾੜਾ ਹੈ, ਉਂਜ ਹੀ ਇਨ੍ਹਾਂ ਸਮਰਿਧ ਤੇ ਗਰੀਬ ਸੰਸਾਰ ਦਾ ਪਾੜਾ ਹੈ ਜੋ ਲਗਾਤਾਰ ਵਧ ਰਿਹਾ ਹੈ।

ਮੂਲ ਸਮੱਸਿਆ ਵਿਗਿਆਨਕ ਸੂਝ  ਰਾਹੀਂ, ਮਨੁੱਖ ਦੀ ਵਿਗਿਆਨਕ ਚੇਤਨਾ ਦੀ ਹੈ ਜੋ ਸ਼ਾਇਦ ਸਾਡੇ ਦੇਸ਼ ਦੇ ਇੱਕ ਫੀਸਦੀ (ਇੱਕ ਕਰੋੜ ਤੋਂ ਕੁਝ ਵਧੇਰੇ)  ਲੋਕਾਂ ਅੰਦਰ ਵੀ ਪੈਦਾ ਨਹੀਂ ਹੋ ਸਕੀ। ਸਾਡੇ ਵਿਗਿਆਨੀ ਵੀ ਆਪੋ-ਆਪਣੇ ਇਸ਼ਟਾਂ ਤੋਂ ਵਰਦਾਨ ਮੰਗਦੇ ਹਨ ਕਿ ਉਹ ਆਪਣੇ ਕਾਰਜਾਂ ਵਿੱਚ ਸਫ਼ਲ ਹੋ ਸਕਣ। ਇਹਦਾ ਮੂਲ ਕਾਰਨ, ਸਾਡੇ ਦੇਸ਼ ਦੇ ਸਦੀਆਂ ਤੋਂ ਬਣੇ ਵਿਸ਼ਵਾਸ ਹਨ। ਇਨ੍ਹਾਂ ਵਿਸ਼ਵਾਸਾਂ ਦਾ ਆਧਾਰ, ਲੋਕਾਂ ਦਾ ਆਪਣੇ-ਆਪ ’ਤੇ  ਭਰੋਸਾ ਨਾ ਹੋਣਾ ਹੈ। ਸਾਡੇ ਲੋਕ ਇੱਕੋ ਸਮੇਂ ਆਪਣੀਆਂ ਪ੍ਰਾਪਤੀਆਂ ਦਾ ਕੁਝ ਹੰਕਾਰ ਵੀ ਕਰਦੇ ਹਨ, ਪਰ ਸਦੀਆਂ ਦੇ ਵਿਸ਼ਵਾਸ ਇਸ ਹੰਕਾਰ ਨੂੰ ਭੰਗ ਕਰ ਦਿੰਦੇ ਹਨ। ਇੰਜ ਉਹ ਗੰਭੀਰ ਮਾਨਸਿਕ ਕਸ਼ਟ ਤੋਂ ਬਚਣ ਦਾ ਯਤਨ ਕਰਦੇ ਰਹਿੰਦੇ ਹਨ, ਪਰ ਬਚ ਨਹੀਂ ਸਕਦੇ।

ਵਿਗਿਆਨਕ ਸੂਝ ਦਾ ਵੱਡਾ ‘ਖ਼ਤਰਾ’ ਇਹ ਹੈ ਕਿ ਇਹ ਸੂਝ ਪ੍ਰੰਪਰਾ ਤੇ ਅੰਧ-ਵਿਸ਼ਵਾਸਾਂ ਨੂੰ ਭੰਗ ਕਰਦੀ ਹੈ ਤੇ ਮਨੁੱਖਾਂ ਦੇ ਕੀਤੇ ਹਰ ਚੰਗੇ -ਮਾੜੇ ਕਾਰਜਾਂ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ ਜਿਸ ਤੋਂ ਆਮ ਲੋਕ ਡਰਦੇ ਹਨ।

ਇਹ  ਸੂਝ-ਸਮਝ ਤੋਂ ਚੇਤਨਾ ਸਦੀਆਂ ਦੇ ਵਿਸ਼ਵਾਸਾਂ (ਤੇ ਨਿਰਮੂਲ ਅੰਧ-ਵਿਸ਼ਵਾਸਾਂ) ਨਾਲੋਂ ਦੂਰ ਕਰ ਦਿੰਦੀ ਹੈ। ਜੇ ਵਿਗਿਆਨਕ ਸੂਝ ਰਾਹੀਂ ਬੰਦੇ ਨੂੰ ਇਹ ਸਮਝ ਆ ਜਾਏ ਕਿ ਉਸ ਦਾ  ਨਾ ਕੋਈ ਪਿਛਲਾ ਜਨਮ ਸੀ ਤੇ  ਨਾ ਅਗਲਾ ਜਨਮ (ਮਰਨ ਬਾਅਦ) ਹੋਣਾ ਹੈ ਤਾਂ ਉਹ ਇਸ ਕਾਰਨ ਵੀ ਭੈਭੀਤ ਹੋ ਜਾਏਗਾ ਕਿ ਫੇਰ ਕੀ, ‘ਇਹੋ ਇੱਕੋ-ਇਕ ਅਵਸਰ ਹੈ ਕਿ ਉਹ ਚੰਗੀ-ਮੰਦੀ ਜ਼ਿੰਦਗੀ ਭੋਗ ਕੇ ਅੰਧਕਾਰ ਵਿੱਚ ਗੁਆਚ ਜਾਏ?

ਇਹ ਵਿਗਿਆਨਕ ਸੋਝੀ ਸੱਚਮੁਚ ਡਰਾਉਣੀ ਹੈ ਕਿ ਉਹਦਾ ਕੋਈ ਪਿਛਲਾ ਜਨਮ ਨਹੀਂ ਸੀ ਜਿਸ ਕਾਰਨ ਉਹ ਕਿਸੇ ਗਰੀਬ ਜਾਂ ਮਾੜੇ ਘਰ ਪੈਦਾ ਹੋਇਆ, ਇਸੇ ਕਾਰਨ ਉਹਦੇ ਇਸ ਜ਼ਿੰਦਗੀ ਵਿੱਚ ਕੀਤੇ ਚੰਗੇ (ਮੰਦੇ) ਕਰਮਾਂ ਦਾ ਫਲ ਅਗਲੇ ਜਨਮ ਵਿੱਚ ਭੋਗਣਾ ਪੈਣਾ ਹੈ (ਕਿਉਂਕਿ ਸਦੀਆਂ ਦੇ ਰਸੇ-ਵਸੇ ਵਿਸ਼ਵਾਸਾਂ ਦੇ ਉਲਟ  ਨਰਕ ਸਵਰਗ ਕਿੱਧਰੇ ਨਹੀਂ) ਇਹ ਯਥਾਰਥ ਦਾ ਗਿਆਨ ਭੂ-ਵਿਗਿਆਨ ਤੋਂ ਪ੍ਰਾਪਤ ਹੁੰਦਾ ਹੈ ਕਿ ਇਸ ਗਲੋਬ (ਧਰਤੀ) ਉੱਤੇ ਤਾਂ ਕੋਈ ਨਰਕ, ਸਵਰਗ ਹੈ ਨਹੀਂ, ਸੂਰਜ ਦੁਆਲੇ ਘੁੰਮਦੇ ਨੌਂ ਗ੍ਰਹਿਆਂ ਉੱਤੇ ਵੀ ਅਜਿਹੇ ਸਥਾਨ ਦੀ ਸੰਭਾਵਨਾ ਨਹੀਂ। ਫੇਰ ਇਹ ਨਰਕ ਸਵਰਗ ਹੈ ਕਿੱਥੇ? ਉਹ ਕਿਹੜੀ ਧਰਤੀ ਹੈ ਜਿੱਥੇ ਦੁੱਧ ਦੀਆਂ ਨਦੀਆਂ ਵਹਿੰਦੀਆਂ ਹਨ ਤੇ ਅਤਿਅੰਤ ਸੁਖਮਈ ਵਾਤਾਵਰਣ ਹੈ। ਉੱਥੇ ਸਿਰਫ ਉਨ੍ਹਾਂ (ਆਤਮਾਵਾਂ) ਨੂੰ ਜਾਣ ਦਾ ਅਵਸਰ ਮਿਲਦਾ ਹੈ ਜੋ ਇਸ ਸੰਸਾਰ ਵਿੱਚ ਸਦਾ ਚੰਗੇ  ਕਰਮ ਕਰਦੇ ਤੇ ਭਗਤੀ ਵਿੱਚ ਲੀਨ ਰਹਿੰਦੇ ਹਨ। ਅਜਿਹੇ ਹੋਰ ਅਨੇਕਾਂ ਵਿਸ਼ਵਾਸ ਹਨ ਜਿਹੜੇ ਆਮ ਬੰਦੇ ਲਈ ਸਦੀਵੀ ਤੇ ਸੰਪੂਰਨ ਸੱਚ ਹਨ। (ਪਰ ਵਿਗਿਆਨਕ  ਸੂਝ ਕਾਰਨ ਹੀ ਸ਼ਹੀਦੇ-ਏ-ਸ਼ਾਜ਼ਮ ਭਗਤ ਸਿੰਘ ਨੇ ਅਜਿਹੇ ਵਿਸ਼ਵਾਸਾਂ ਉੱਤੇ ਸ਼ੰਕੇ ਕਰਦਿਆਂ ਲਿਖਿਆ ਸੀ ‘ਮੈਂ ਨਾਸਤਿਕ ਕਿਉਂ ਹਾਂ?’)

ਵਿਗਿਆਨਕ ਸੂਝ-ਸਮਝ ਦਾ ਸਭ ਤੋਂ ਵੱਡਾ ‘ਖ਼ਤਰਾ’ ਇਹ ਹੈ ਕਿ ਇਸ ਕਾਰਨ ਕੋਈ ਵੀ ਇਸ ਚਿੰਤਾ ਵਿੱਚ ਗ੍ਰਸਿਆ ਜਾ ਸਕਦਾ ਹੈ ਕਿ, ‘ਕੀ ਮੌਤ ਮਗਰੋਂ ਕਿਸੇ ਵੀ ਰੂਪ ਵਿੱਚ ਉਹਦਾ/ਉਹਦੀ ਆਤਮਾ ਦਾ ਵਜੂਦ ਕਾਇਮ ਨਹੀਂ ਰਹੇਗਾ?’ ਜੇ ਵਜੂਦ ਹੀ ਕਾਇਮ  ਨਹੀਂ ਰਹੇਗਾ ਤੇ ਕੀ ਉਹ ਸਿਰਫ਼ ਇਸ ਸੰਸਾਰ ਵਿੱਚ ਕੁਝ ਚੰਗਾ-ਮੰਦਾ ਸਮਾਂ ਬਿਤਾਉਣ  ਲਈ ਹੀ ਪੈਦਾ ਹੋਇਆ ਹੈ? ਫੇਰ ਕੀ ਉਹਦੇ ਪਿਛਲੇ  ਤੇ ਮਰਨ ਬਾਅਦ ਸਾਰੇ ਵਿਸ਼ਵਾਸ ਨਿਰਾਰਥਕ ਹਨ? ਅਜਿਹੀ ਸੂਝ ਉਹ ਨੂੰ ਭੈਭੀਤ ਕਰ ਸਕਦੀ ਹੈ ਤੇ ਨਿਰਾਸ਼ ਵੀ ਕਿਉਂਕਿ ਉਹ ਤਾਂ ਸਦੀਵੀ (ਅਮਰ) ਰਹਿਣਾ ਚਾਹੁੰਦਾ ਹੈ। (ਮਰ ਕੇ ਵੀ ਸਵਰਗ ਵਿੱਚ ਜਾਣਾ ਚਾਹੁੰਦਾ ਹੈ; ਉਹ ਮਰਨ ਮਗਰੋਂ ਵੀ ਮਨੁੱਖੀ ਦੇਹ ਦਾ ਆਨੰਦ ਮਾਨਣਾ ਚਾਹੁੰਦਾ ਹੈ। ਇਸੇ ਕਾਰਨ ਸਵਰਗ ਸਭ ਸੰਸਾਰਕ ਸੁਖਾਂ ਦਾ ਸਥਾਨ ਮੰਨਿਆ ਜਾਂਦਾ ਹੈ।) ਵਿਗਿਆਨਕ ਮਨੁੱਖੀ ਸਰੀਰ ਦੇ ਅਗਲੇ ਪਿਛਲੇ ਜਨਮ ਨੂੰ ਨਕਾਰਨ ਲਈ ਇਸ ਸਿੱਟੇ ’ਤੇ ਇਸ ਲਈ ਵੀ ਪਹੁੰਚੇ ਹਨ ਕਿ ਇਸਤਰੀ-ਮਰਦ ਦੇ ਇੱਕ ਸਮੇਂ, ਢਾਈ ਲੱਖ ਸਪਰਮ  ਖਾਰਜ ਹੁੰਦੇ ਹਨ। ਕਰੋੜਾਂ ਵਿੱਚੋਂ, ਸਿਰਫ ਇੱਕ  ਸਪਰਮ ਨੂੰ ਇਸਤਰੀ ਜਾਂ ਮਰਦ ਦਾ ਸਰੀਰ ਧਾਰਨ ਕਰਨ ਦੀ ਕੁਦਰਤੀ ਘਟਨਾ ਵਾਪਰਦੀ ਹੈ। ਬਾਕੀ ਲੱਖਾਂ (ਜਾਂ ਕਰੋੜਾਂ), ਸਪਰਮ, ਕੁਦਰਤੀ ਕਿਰਿਆ ਨਾਲ ਪੈਦਾ ਹੁੰਦੇ ਤੇ ਬਣਦੇ ਖਤਮ ਹੋ ਜਾਂਦੇ ਹਨ। ਇੱਕ ਮਰਦ ਦੇ ਵਿਸ਼ੇਸ਼ ਹਿੱਸੇ ਵਿੱਚ ਇਹ ਪੰਦਰਾਂ ਸੋਲਾਂ ਸਾਲ ਦੀ ਉਮਰ ਤੋਂ 70-80 ਸਾਲ ਦੀ ਉਮਰ ਤੱਕ ਪੈਦਾ ਹੁੰਦੇ ਤੇ ਖ਼ਤਮ ਹੁੰਦੇ ਰਹਿੰਦੇ ਹਨ। ਇੰਜ ਇਨ੍ਹਾਂ ਦੀ ਗਿਣਤੀ ਮਨੁੱਖੀ ਸਰੀਰ ਅੰਦਰ ਅਰਬਾਂ-ਖਰਬਾਂ ਤੱਕ ਵੀ ਪਹੁੰਚ ਸਕਦੀ ਹੈ। ਫੇਰ ਸੰਸਾਰ ਦੀ ਵਰਤਮਾਨ ਆਬਾਦੀ ਅਨੁਸਾਰ ਘੱਟੋ-ਘੱਟ ਦੋ -ਢਾਈ ਅਰਬ ਮਰਦਾਂ ਦੇ ਖਰਬਾਂ (ਤੇ ਖਰਬਾਂ ਤੋਂ ਵੀ ਕਰੋੜ ਗੁਣ ਵਧੇਰੇ) ਸਪਰਮਾਂ ਦਾ ਹਿਸਬ ਕਿਵੇਂ/ਕੌਣ ਰੱਖਦਾ ਹੈ? ਉਹ ਸਥਾਨ ਕਿੱਥੇ ਹੈ ਜਿੱਥੇ ਅਜਿਹਾ ਹਿਸਾਬ ਰੱਖਿਆ ਜਾਂਦਾ ਹੈ?

ਜੇ ਵਿਗਿਆਨਕ ਖੋਜ ਸੱਚ ਹੈ (ਸੱਚ ਇਸ ਲਈ ਵੀ ਕਿ ਵਿਗਿਆਨ ਕਦੇ ਵੀ ਨਿਰੇ ਵਿਸ਼ਵਾਸ ’ਤੇ ਆਧਾਰਿਤ ਨਹੀਂ ਰਿਹਾ, ਉਹ ਠੋਸ  ਸਬੂਤ ’ਤੇ ਹੀ ਆਧਾਰਤ ਹੁੰਦਾ ਹੈ- ਜਿਵੇਂ ਕਾਪਰਨੀਕਸ ਦਾ  ਧਰਤੀ ਘੁੰਮਣ ਦਾ ਸਿਧਾਂਤ ਠੋਸ ਸਬੂਤਾਂ ’ਤੇ ਅਧਾਰਤ ਹੈ- ਤੇ ਹੁਣ ਤਾਂ ਰਾਈ ਭਰ ਵੀ ਭੁਲੇਖਾ ਨਹੀਂ ਰਿਹਾ) ਤਾਂ ਬੰਦੇ ਦਾ ਜੀਵਨ ਸਿਰਫ ਜਨਮ ਤੋਂ ਮਰਨ ਤੱਕ ਦੀ ਹੀ ਸਚਾਈ ਹੈ- ਜਿਸ ਨੂੰ ਕਿਸੇ ਵੀ ਵਿਸ਼ਵਾਸ ਜਾਂ ਅੰਧ-ਵਿਸ਼ਵਾਸ  ਨਾਲ ਰੱਦ ਨਹੀਂ ਕੀਤਾ ਜਾ ਸਕਦਾ। ਅਜਿਹੀ ਸਚਾਈ ਦਾ ਗਿਆਨ ਕਿਸੇ ਵੀ ਆਮ ਬੰਦੇ ਅੰਦਰ ਜਾਂ ਅਤਿ ਦੀ ਨਿਰਾਸ਼ਾ ਪੈਦਾ ਕਰ ਸਕਦਾ ਹੈ ਤੇ ਜਾਂ ਸਹੀ ਅਰਥਾਂ ਵਿੱਚ ਉਸ ਨੂੰ ਸਰੀਰ ਦੀਆਂ ਸਾਰੀਆਂ (ਵਿਅਕਤੀਗਤ ਤੇ ਕੁਦਰਤੀ) ਸ਼ਕਤੀਆਂ ਦੀ ਵਰਤੋਂ ਨਾਲ ਜੀਵਨ ਨੂੰ ਸਾਰਥਿਕ ਕਰਮਾਂ ਵਿੱਚ ਵਰਤ ਕੇ ਆਪਣੇ ਨਿੱਜੀ ਜੀਵਨ ਨੂੰ ਤੇ ਸਮੁੱਚੇ ਸੰਸਾਰ ਨੂੰ ਸਭਿਆ ਮਨੁੱਖਾਂ (ਸਮਾਜਾਂ) ਦੇ ਰਹਿਣ ਯੋਗ ਤੇ ਸੁਖਦਾਇਕ ਬਣਾ ਸਕਦਾ ਹੈ। ਪਰ ਇਹ ਕਿਰਿਆ, ਕੁਝ ਲੱਖ (ਵਰਤਮਾਨ ਹਾਲਾਤ ਅੰਦਰ ਕਰੋੜਾਂ ਦੀ ਸੰਭਾਵਨਾ ਨਹੀਂ) ਵਿਗਿਆਨਕ ਸੂਝ-ਸਮਝ ਤੇ ਗਿਆਨਵਾਨ ਬੰਦੇ ਅਜਿਹਾ ਸਭਿਆ ਸਮਾਜ ਉਸਾਰਨ ਵਿੱਚ ਸਫਲ ਨਹੀਂ ਹੋ ਸਕਦੇ।

ਅਜਿਹੇ ਬੰਦਿਆਂ ਦੀ ਗਿਣਤੀ ਜਦੋਂ ਤੱਕ ਪੂਰੇ ਸੰਸਾਰ ਵਿੱਚ ਕਰੋੜਾਂ (ਅਸਲ ਵਿੱਚ ਸੱਤ ਅਰਬ ਦੀ ਆਬਾਦੀ ਵਿੱਚੋਂ ਦੋ-ਤਿੰਨ ਅਰਬ) ਤੱਕ ਨਹੀਂ ਪਹੁੰਚਦੀ ਉਦੋਂ ਤੱਕ ਪ੍ਰੰਪਰਾਗਤ ਵਿਸ਼ਵਾਸ ਤੇ ਅੰਧ-ਵਿਸ਼ਵਾਸ ਦੇ ਅੰਧਕਾਰ ਵਿੱਚ ਇਸ ਸੰਸਾਰ ਦੇ ਘੱਟੋ-ਘੱਟ ਨਬੇ ਫ਼ੀਸਦੀ ਆਮ ਲੋਕਾਂ ਲਈ ਨਰਕ ਤੇ ਸਿਰਫ ਦਸ ਫ਼ੀਸਦੀ ਲਈ (ਕਲਪਿਤ) ‘ਸਵਰਗ’ ਬਣਿਆ  ਰਹੇਗਾ। (ਕਿਉਂਕਿ ਦਸ  ਫ਼ੀਸਦੀ ਸਮਰਿਧ ਤੇ ਧਨਾਢ ਲੋਕ ਵੀ ਆਪਣੀਆਂ ਮਾਨਸਿਕ ਲਾਲਸਾਵਾਂ ਕਾਰਨ ਕਦੇ ਸੁੱਖ ਦੀ ਨੀਂਦ ਨਹੀਂ ਸੌਂਦੇ-ਘਾਟੇ ਵਾਧੇ ਦੀ ਚਿੰਤਾ ਧਨ-ਦੌਲਤ ਨਾਲ ਜੁੜੇ ਮਾਣ-ਇੱਜਤ, ਰਾਜਸੀ ਸ਼ਕਤੀ ਤੇ ਸੰਸਾਰ ਤੇ ਸੰਸਾਰ ਨੂੰ ਆਪਣੀ ਮੁੱਠੀ ਵਿੱਚ ਘੁੱਟਣ ਦੀ ਮਾਨਸਿਕਤਾ ਕਦੇ ਆਤਮਿਕ ਸੁੱਖ  ਭੋਗਣ ਨਹੀਂ ਦਿੰਦੀ। ਇਹਦੇ ਲਈ ਵਿਗਿਆਨਕ ਸੋਝੀ ਦੇ ਨਾਲ ਹੀ ਸਮਾਜਕ ਤੇ ਰਾਜਨੀਤਕ ਵਿਵਸਥਾਵਾਂ ਨੂੰ ਬਦਲ ਸਕਣ ਤੇ ਧਰਤੀ ਦੇ ਹਰ ਮਨੁੱਖ ਨੂੰ ਜਿਉਣ ਲਈ ਵਿਗਿਆਨਕ  ਉਪਲਬਧੀਆਂ ਦੇ ਲਾਭ ਮਿਲ ਸਕਦੇ ਹਨ। ਜੋ ਨਿਰੇ ਵਿਸ਼ਵਾਸਾਂ (ਅੰਧ-ਵਿਸ਼ਵਾਸਾਂ) ਦੇ ਹੁੰਦਿਆਂ ਕਿਵੇਂ ਵੀ ਸੰਭਵ ਨਹੀਂ। ਇਹੋ ਵਿਗਿਆਨਕ ਸੋਝੀ ਨਾਲ ਬਦਲੀ ਮਾਨਸਿਕਤਾ ਵਰਤਮਾਨ ਸੰਸਾਰ ਲਈ ਸਭ ਤੋਂ ਵੱਡਾ ਖ਼ਤਰਾ ਹੈ  ਤੇ ਵਿਗਿਆਨਕ ਮਾਨਸਿਕਤਾ ਹੀ ਮਨੁੱਖੀ ਜੀਵਨ-ਰਹੱਸ ਨੂੰ ਸਮਝ ਕੇ ਇਸੇ ਮਾਨਵੀ ਜੀਵਨ ਦੀ ਸਾਰਥਿਕਤਾ ਦਾ ਯਥਾਰਥ ਬਣ ਸਕਦੀ ਹੈ।