ਮੁੱਖ ਮੰਤਰੀ ਨੇ ਰਾਤ 9 ਤੋਂ ਸਵੇਰੇ 5 ਵਜੇ ਤੱਕ ਸਾਰੇ ਸ਼ਹਿਰਾਂ ’ਚ ਕਰਫਿਊ ਲਾਉਣ ਦਾ ਐਲਾਨ

0
44315

ਚੰਡੀਗੜ . ਪੰਜਾਬ ਵਿੱਚ ਕੋਵਿਡ ਕੇਸਾਂ ਵਿੱਚ ਹੋ ਰਹੇ ਵਾਧੇ ਅਤੇ ਸੂਬੇ ਅੰਦਰ ਆਉਦੇ ਕੁਝ ਹਫਤਿਆਂ ’ਚ ਇਸ ਦੇ ਸਿਖਰ ਛੋਹਣ ਦੀ ਚਿੰਤਾ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਾਂਮਾਰੀ ਦੇ ਫੈਲਾਅ ’ਤੇ ਕਾਬੂ ਪਾਉਣ ਲਈ ਹੋਰ ਕਦਮਾਂ ਦੇ ਨਾਲ-ਨਾਲ ਰਾਤ 9-00 ਵਜੇ ਤੋਂ ਸਵੇਰ 5-00 ਵਜੇ ਤੱਕ ਸਾਰੇ ਸ਼ਹਿਰਾਂ ਵਿੱਚ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ।


ਵੱਡੇ ਸ਼ਹਿਰਾਂ ਦੀ ਸੈਕਟਰ ਅਧਾਰਿਤ ਵੰਡ ਅਤੇ ਹਰ ਸੈਕਟਰ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦੀ ਸੰਪਰਕ ਵਿੱਚ ਆਏ ਵਿਅਕਤੀਆਂ ਦਾ ਪਤਾ ਲਾਉਣ ‘ਚ ਸਹਾਇਤਾ ਲਈ ਨੋਡਲ ਅਧਿਕਾਰੀ ਦੀ ਨਿਯੁਕਤੀ ਕਰਨ ਬਾਰੇ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਤ ਸਮੇਂ ਦਾ ਕਰਫਿਊ ਹੁਣ ਸਾਰੇ ਸ਼ਹਿਰਾਂ ‘ਤੇ ਲਾਗੂ ਹੋਵੇਗਾ ਅਤੇ ਉਦਯੋਗਾਂ ਨੂੰ ਇਸ ਤੋਂ ਛੋਟ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਰੂਰੀ ਸੇਵਵਾਂ ਤੋਂ ਇਲਾਵਾ ਲੋਕਾਂ ਦਾ ਗੈਰ-ਜ਼ਰੂਰੀ ਆਉਣ-ਜਾਣ ਅਤੇ ਸਮਾਜਿਕ ਮੇਲ-ਮਿਲਾਪ ਰੋਕਣ ਲਈ ਲੁਧਿਆਣਾ, ਪਟਿਆਲਾ ਅਤੇ ਜਲੰਧਰ ਵਿੱਚ ਅਗਲੇ ਪੰਦਰਵਾੜੇ ਲਈ ਹਫਤੇ ਦੇ ਅੰਤਲੇ ਦਿਨਾਂ (ਸ਼ਨੀਵਾਰ ਤੇ ਐਤਵਾਰ) ਦੌਰਾਨ ਘਰ ਅੰਦਰ ਰਹਿਣ (ਸਟੇਅ ਐਟ ਹੋਮ) ਦਾ ਐਲਾਨ ਕੀਤਾ ਜਿਸ ਤੋਂ ਬਾਅਦ ਸਥਿਤੀ ਦਾ ਮੁੜ ਜਾਇਜ਼ਾ ਲਿਆ ਜਾਵੇਗਾ।


ਇਸ ਹੋਰ ਅਹਿਮ ਫੈਸਲੇ ਅਨੁਸਾਰ ਹਰ ਮੈਰਿਜ ਪੈਲੇਸ, ਰੈਸਟੋਰੈਂਟ, ਦਫਤਰ ਜਿੱਥੇ 10 ਤੋਂ ਵਧੇਰੇ ਲੋਕ ਇਕੱਠੇ ਹੁੰਦੇ ਹਨ, ਵੱਲੋਂ ਇਕ ਕੋਵਿਡ ਨਿਗਰਾਨ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਮਾਸਕ ਪਹਿਨਣ, ਕੀਟਾਣੂੰ ਰਹਿਤ ਬਣਾਉਣ ਅਤੇ ਸਮਾਜਿਕ ਦੂਰੀ ਨੂੰ ਅਮਲ ਵਿੱਚ ਲਿਆਉਣ ਯਕੀਨੀ ਬਣਾਇਆ ਜਾਵੇ। ਇਹ ਮੁੱਖ ਮੰਤਰੀ ਵੱਲੋਂ ਹਫਤਾਵਰੀ ਫੇਸਬੁੱਕ ਪ੍ਰੋਗਰਾਮ ‘ਕੈਪਟਨ ਨੂੰ ਸਵਾਲ’ ਦੌਰਾਨ ਦੱਸਿਆ ਗਿਆ। ਉਨਾਂ ਚੇਤਾਵਨੀ ਦਿੱਤੀ ਕਿ ਟੀਮਾਂ ਇਨਾਂ ਥਾਵਾਂ ਦਾ ਦੌਰਾ ਕਰਕੇ ਘੋਖ ਕਰਨਗੀਆਂ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਅੱਗੇ, ਮੁੱਖ ਮੰਤਰੀ ਨੇ ਕਿਹਾ ਕਿ ਸਮਾਜਿਕ ਪੱਧਰ ‘ਤੇ ਜ਼ਿਆਦਾ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਟੈਸਟ ਆਉਦੇ ਹਫਤੇ ਵਿੱਚ-ਵਿੱਚ ਕੀਤੇ ਜਾਣਗੇ ਅਤੇ ਸਿਹਤ, ਪੁਲੀਸ ਅਤੇ ਹੋਰ ਵਿਭਾਗਾਂ ਦੇ ਕਰੋਨਾ ‘ਤੇ ਜਿੱਤ ਪਾਉਣ ਵਾਲਿਆਂ (ਜੋ ਠੀਕ ਹੋ ਚੁੱਕੇ ਹਨ) ਦੀ ਮੂਹਰਲੀ ਕਤਾਰ ਵਿੱਚ ਡਿਊਟੀ ਲਗਾਈ ਜਾਵੇਗੀ।


ਇਹ ਦਿਸ਼ਾ ਨਿਰਦੇਸ਼ ਕੇਸਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਵੇਖਦਿਆਂ ਦਿੱਤੇ ਗਏ ਹਨ। ਪਿਛਲੇ 7 ਦਿਨਾਂ ਦੌਰਾਨ ਪ੍ਰਤੀ ਦਿਨ ਔਸਤਨ 1000 ਕੇਸ ਰਿਪੋਰਟ ਹੋ ਰਹੇ ਹਨ। ਪਿਛਲੇ ਹਫਤੇ ਜ਼ਿਆਦਾਤਰ ਕੇਸ ਲੁਧਿਆਣਾ, ਪਟਿਆਲਾ, ਜਲੰਧਰ, ਅੰਮਿ੍ਰਤਸਰ ਅਤੇ ਮੋਹਾਲੀ ਤੋਂ ਸਾਹਮਣੇ ਆਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਨਾਲ ਹੋ ਰਹੀਆਂ ਮੌਤਾਂ ਦੀ ਵਧ ਰਹੀ ਦਰ ਬਿਮਾਰੀ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਜਲਦ ਟੈਸਟਿੰਗ ਅਤੇ 72 ਘੰਟਿਆਂ ਦੇ ਵਿੱਚ-ਵਿੱਚ ਹਸਪਤਾਲ ਨੂੰ ਇਲਾਜ ਲਈ ਰਿਪੋਰਟ ਕੀਤੇ ਜਾਣ ਨਾਲ ਰੋਕੀ ਜਾ ਸਕਦੀ ਹੈ। ਉਨਾਂ ਕਿਹਾ ਕਿ ਜੇਕਰ ਜਾਨਾਂ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਇਲਾਜ ਇਸ ਸਮੇਂ ਦੇ ਦਰਮਿਆਨ ਸ਼ੁਰੂ ਹੋਣਾ ਚਾਹੀਦਾ ਹੈ। ਉਨਾਂ ਨਾਲ ਹੀ ਕਿਹਾ ਕਿ, ‘‘ਕੋਈ ਗੱਲ ਨਹੀਂ’’ ਜਾਂ ‘‘ਮੌਸਮ ਦੀ ਗੱਲ ਹੈ’’ ਵਰਗੀ ਪਹੁੰਚ ਨੇ ਕੰਮ ਨਹੀਂ ਕਰਨਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ, ‘‘ਖੁਦ ਡਾਕਟਰ ਨਾ ਬਣੋ, ਬਿਮਾਰੀ ਦੀ ਪਛਾਣ ਅਤੇ ਇਲਾਜ ਦੀ ਸਲਾਹ ਦਾ ਕੰਮ ਡਾਕਟਰਾਂ ਲਈ ਛੱਡ ਦਿਓ।’’ਮੁੱਖ ਮੰਤਰੀ ਨੇ ਕਿਹਾ ‘‘ਕੋਵਿਡ ਨਾਲ ਕੋਈ ਨਾਂਹ-ਪੱਖੀ ਧਾਰਨਾ ਨਹੀਂ ਜੋੜਨੀ ਚਾਹੀਦੀ। ਆਪਣਾ ਟੈਸਟ ਕਰਵਾਉਣ ਤੋਂ ਨਾ ਝਿਜਕੋ, ਇਸ ਵਿੱਚ ਕੁਝ ਵੀ ਨਹੀਂ.. .. ਪੂਰੀ ਦੁਨੀਆਂ ਆਪਣੇ ਟੈਸਟ ਕਰਵਾ ਰਹੀ ਹੈ।’’ ਉਨਾਂ ਨਾਲ ਹੀ ਕਿਹਾ ਕਿ ਚਾਰ ਨਵੀਆਂ ਟੈਸਟਿੰਗ ਸਹੂਲਤਾਂ ਦੇ ਵਾਧੇ ਨਾਲ ਹੁਣ ਰੋਜ਼ਾਨਾ 13000 ਟੈਸਟ ਕੀਤੇ ਜਾ ਰਹੇ ਹਨ ਅਤੇ ਮਹੀਨੇ ਦੇ ਅੰਤ ਤੱਕ ਇਹ ਸਮਰੱਥਾ 20000 ਨੂੰ ਤੱਕ ਪਹੁੰਚ ਜਾਵੇਗੀ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਵੱਲੋਂ ਸਿਹਤ ਵਿਭਾਗ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਮਾਈਕਰੋ ਸੀਮਤ ਜ਼ੋਨਾਂ ਵਿਚਲੇ ਸਾਰੇ ਵਿਅਕਤੀਆਂ ਦੇ ਤਿੰਨ ਦਿਨਾਂ ਵਿੱਚ ਟੈਸਟ ਕੀਤੇ ਜਾਣ। ਨਾਂਹ-ਪੱਖੀ ਧਾਰਨਾਵਾਂ ਜੋ ਲੋਕਾਂ ਨੂੰ ਟੈਸਟਿੰਗ ਲਈ ਬਾਹਰ ਨਿਕਲਣੋਂ ਲਗਾਤਾਰ ਰੋਕ ਰਹੀਆਂ ਹਨ, ਬਾਰੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਵੱਲੋਂ ਸਾਰੀਆਂ ਧਾਰਮਿਕ ਅਤੇ ਰਾਜਨੀਤਕ ਜੱਥੇਬੰਦੀਆਂ ਦੇ ਮੁਖੀਆਂ ਨੂੰ ਆਪਣੇ ਟੈਸਟ ਕਰਵਾ ਕੇ ਮਿਸਾਲ ਪੈਦਾ ਕਰਕੇ ਲੋਕਾਂ ਦੀ ਅਗਵਾਈ ਕਰਨ ਦੀ ਅਪੀਲ ਕੀਤੀ ਗਈ। ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਵੱਲੋਂ ਆਪਣਾ ਅੱਜ ਮੁੜ ਟੈਸਟ ਕਰਵਾਇਆ ਗਿਆ ਹੈ।
ਮੁੱਖ ਮੰਤਰੀ ਵੱਲੋਂ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਆਪਣੀ ਅਪੀਲ ਦੁਹਰਾਈ ਗਈ ਕਿ ਉਹ ਹੋਰਨਾਂ ਦੀ ਸਹਾਇਤਾ ਲਈ ਸੂਬੇ ਅੰਦਰ ਚੱਲ ਰਹੇ ਤਿੰਨ ਪਲਾਜ਼ਮਾਂ ਬੈਂਕਾਂ ਵਿਖੇ ਆਪਣਾ ਪਲਾਜ਼ਮਾ ਦਾਨ ਕਰਨ।


ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਲਾਜ਼ਮੀ ਮਾਸਕ ਪਹਿਨਣ ਦੀ ਉਲੰਘਣਾ ਦੇ ਮਾਮਲੇ ਕੁਝ ਹੱਦ ਤੱਕ ਘਟੇ ਹਨ, ਲੋਕਾਂ ਵੱਲੋਂ ਸਖਤੀ ਨਾਲ ਸੁਰੱਖਿਆ ਉਪਾਵਾਂ ਦੀ ਪਾਲਣਾ ਜਾਰੀ ਰੱਖੇ ਜਾਣ ਦੀ ਜ਼ਰੂਰਤ ਹੈ ਜੋ ਬਿਮਾਰੀ ਦਾ ਇਕੋ ਇਕ ਇਲਾਜ ਹੈ। ਉਨਾਂ ਕਿਹਾ ਕਿ ਹਰ ਇਕ ਨੂੰ ਕੋਵਿਡ ਦੀ ਚਪੇਟ ‘ਚ ਆਉਣ ਤੋਂ ਬਚਣ ਲਈ ਘਰਾਂ ਦੇ ਅੰਦਰ ਤੇ ਬਾਹਰ ਮਾਸਕ ਜ਼ਰੂਰ ਪਹਿਨਣੇ ਚਾਹੀਦੇ ਹਨ।