ਨਸ਼ੇ ਦੀ ਆਦਤ ਨੇ ਦੇਹ-ਵਾਪਰ ‘ਚ ਧੱਕੀ ਕੁੜੀ, ਰੋਜ਼ਾਨਾ ਤਕਰੀਬਨ 10 ਹਜ਼ਾਰ ਦੇ ਲਾਉਂਦੀ ਰਹੀ ਨਸ਼ੇ ਦੇ ਟੀਕੇ

0
81

ਬਟਾਲਾ, 9 ਦਸੰਬਰ | ਨਸ਼ੇ ਖਾਤਰ ਦੇਹ ਵਪਾਰ ਕਰਨ ਲਈ ਮਜਬੂਰ ਸਟੇਜ ’ਤੇ ਡਾਂਸ ਕਰਨ ਵਾਲੀ ਲੜਕੀ ਨੇ ਦੱਸਿਆ ਕਿ ਉਹ ਰੋਜ਼ 10 ਹਜ਼ਾਰ ਦੀ ਹੈਰੋਇਨ ਦਾ ਨਸ਼ਾ ਕਰਨ ਲੱਗੀ। ਡਾਂਸ ਦੌਰਾਨ ਥਕਾਨ ਦੂਰ ਕਰਨ ਲਈ ਸਾਥੀ ਲੜਕੀਆਂ ਨੇ ਉਸ ਨੂੰ ਹੈਰੋਇਨ ਦੀ ਆਦਤ ਅਜਿਹੀ ਲਾਈ ਕਿ ਉਹ ਨਸ਼ਾ ਤਾਂ ਨਹੀਂ ਛੱਡ ਸਕੀ ਸਗੋਂ ਨਸ਼ੇ ਲਈ ਪੈਸੇ ਜੁਟਾਉਣ ਲਈ ਦੇਹ ਵਪਾਰ ਦੇ ਧੰਦੇ ਵਿਚ ਜਾ ਫਸੀ। ਲੜਕੀ ਦਾ ਕਹਿਣਾ ਹੈ ਕਿ ਸਟੇਜ ’ਤੇ ਡਾਂਸ ਕਰਨ ਵਾਲੀਆਂ ਤਕਰੀਬਨ 80 ਫੀਸਦੀ ਕੁੜੀਆਂ ਨਸ਼ਾ ਕਰ ਕੇ ਸਟੇਜ ’ਤੇ ਪਰਫਾਰਮ ਕਰਦੀਆਂ ਹਨ। ਹਾਲਾਤ ਇਹ ਹਨ ਕਿ ਚਿੱਟੇ ਦੇ ਇੰਜੈਕਸ਼ਨ ਲਾ ਕੇ ਡਾਂਸਰ ਦਾ ਸਾਰਾ ਸਰੀਰ ਜ਼ਖ਼ਮਾਂ ਨਾਲ ਭਰ ਗਿਆ ਹੈ। ਹੁਣ ਉਹ ਨਸ਼ਾ ਛੱਡਣਾ ਚਾਹੁੰਦੀ ਹੈ ਪਰ ਉਸ ਦੀ ਮਦਦ ਲਈ ਅੱਗੇ ਆਉਣ ਵਾਲਾ ਕੋਈ ਨਹੀਂ ਹੈ।

ਬਟਾਲਾ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਬਚਪਨ ਵਿਚ ਹੀ ਉਸ ਦੇ ਮਾਤਾ-ਪਿਤਾ ਦੀ ਮੌਤ ਦੇ ਬਾਅਦ ਤਿੰਨ ਭੈਣਾ ਤੇ ਇਕ ਛੋਟੇ ਭਰਾ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ’ਤੇ ਆ ਗਈ। ਭੈਣਾਂ ਤੇ ਭਰਾ ਨੂੰ ਪਾਲਣ ਲਈ ਖੁਸ਼ੀ ਦੇ ਮੌਕਿਆਂ ’ਤੇ ਡਾਂਸ ਗਰੁੱਪ ਵਿਚ ਸਟੇਜ ’ਤੇ ਪਰਫਾਰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਤਕਰੀਬਨ 10 ਹਜ਼ਾਰ ਰੁਪਏ ਪ੍ਰਤੀ ਪ੍ਰੋਗਰਾਮ ਕਮਾ ਲੈਂਦੀ ਸੀ ਜਿਸ ਨਾਲ ਉਸ ਦੇ ਪਰਿਵਾਰ ਦਾ ਚੰਗਾ ਗੁਜ਼ਾਰਾ ਹੋ ਜਾਂਦਾ ਸੀ। ਕਈ ਵਾਰ ਪ੍ਰੋਗਰਾਮ ਜ਼ਿਆਦਾ ਹੋਣ ਕਾਰਨ ਉਹ ਡਾਂਸ ਕਰ ਕੇ ਥੱਕ ਜਾਂਦੀ ਸੀ ਪਰ ਉਸ ਦੀ ਥਕਾਨ ਤੋਂ ਕਿਸੇ ਨੂੰ ਕੋਈ ਮਤਲਬ ਨਹੀਂ ਸੀ। ਪ੍ਰੋਗਰਾਮ ਬੁੱਕ ਕਰਨ ਵਾਲਿਆਂ ਤੇ ਡਾਂਸ ਦੇਖਣ ਵਾਲਿਆਂ ਨੂੰ ਬੱਸ ਉਸ ਦਾ ਡਾਂਸ ਦੇਖਣਾ ਹੁੰਦਾ ਸੀ। ਇਕ ਦਿਨ ਉਹ ਪ੍ਰੋਗਰਾਮ ਜ਼ਿਆਦਾ ਹੋਣ ਕਾਰਨ ਥੱਕ ਗਈ ਸੀ ਜਿਸ ਕਾਰਨ ਉਸ ਨੇ ਪ੍ਰੋਗਰਾਮ ਕਰਵਾਉਣ ਵਾਲਿਆਂ ਨੂੰ ਥਕਾਨ ਬਾਰੇ ਦੱਸਿਆ। ਇਸੇ ਦੌਰਾਨ ਸਾਥੀਆਂ ਨੇ ਉਸ ਨੂੰ ਪੰਨੀ ’ਤੇ ਹੈਰੋਇਨ ਦਾ ਨਸ਼ਾ ਕਰਵਾ ਦਿੱਤਾ ਜਿਸ ਦੇ ਬਾਅਦ ਉਹ ਹੈਰੋਇਨ ਛੱਡ ਨਹੀਂ ਸਕੀ। ਫਿਰ ਕੁਝ ਦਿਨਾਂ ਬਾਅਦ ਉਸ ਦਾ ਦੋਸਤ ਜ਼ਬਰਦਸਤੀ ਨਸ਼ੇ ਦਾ ਟੀਕਾ ਲਾ ਕੇ ਡਾਂਸ ਲਈ ਤਿਆਰ ਕਰਨ ਲੱਗਾ। ਬੱਸ ਫਿਰ ਕੀ ਸੀ ਉਸ ਦੇ ਬਾਅਦ ਨਾ ਕੋਈ ਥਕਾਨ ਹੋਈ ਤੇ ਨਾ ਕਦੇ ਨਸ਼ਾ ਛੁੱਟਿਆ। ਸ਼ੁਰੂ ਵਿਚ ਦੋਂ ਉਹ ਕਾਫੀ ਕਮਾਈ ਕਰਦੀ ਸੀ ਤਾਂ ਰੋਜ਼ਾਨਾ ਤਕਰੀਬਨ ਛੇ ਟੀਕੇ ਜਿਸ ਦੀ ਕੀਮਤ ਤਕਰੀਬਨ 10 ਹਜ਼ਾਰ ਰੁਪਏ ਹੁੰਦੀ ਸੀ, ਲਾਉਣ ਲੱਗੀ ਸੀ ਜਿਸ ਦੇ ਬਾਅਦ ਉਹ ਜਦੋਂ ਨਸ਼ੇ ਵਿਚ ਡੁੱਬ ਗਈ ਤਾਂ ਸਟੇਜ ਪ੍ਰੋਗਰਾਮ ਮਿਲਣੇ ਵੀ ਤਕਰੀਬਨ ਬੰਦ ਹੋ ਗਏ ਸਨ। ਫਿਰ ਨਸ਼ਾ ਖਰੀਦਣ ਲਈ ਪੈਸੇ ਜੁਟਾਉਣ ਲਈ ਉਹ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਿਲ ਹੋ ਗਈ।
ਹੁਣ ਟੀਕੇ ਲਾ-ਲਾ ਕੇ ਸਰੀਰ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਸਰੀਰ ਦਾ ਕੋਈ ਹਿੱਸਾ ਨਹੀਂ ਬਚਿਆ ਜਿਥੇ ਟੀਕਾ ਨਾ ਲਾਇਆ ਹੋਵੇ। ਹੁਣ ਤਾਂ ਪੂਰੇ ਸਰੀਰ ਵਿਚ ਟੀਕਿਆਂ ਦੇ ਜ਼ਖ਼ਮ ਬਣ ਗਏ ਹਨ। ਛੋਟੀਆਂ ਤਿੰਨ ਭੈਣਾਂ ਤੇ ਇਕ ਭਰਾ ਹੈ ਜਿਨ੍ਹਾਂ ਨੂੰ ਵੱਡੇ ਕੀਤਾ ਤੇ ਵਿਆਹ ਵੀ ਕੀਤੇ। ਜਦੋਂ ਭੈਣਾਂ ਤੇ ਭਰਾ ਨੂੰ ਪੇਸ਼ੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨਾਲੋਂ ਰਿਸ਼ਤਾ ਹੀ ਖਤਮ ਕਰ ਲਿਆ। ਹੁਣ ਉਹ ਨਸ਼ਾ ਛੱਡਣਾ ਚਾਹੁੰਦੀ ਹੈ ਪਰ ਉਸ ਦਾ ਸਾਥ ਦੇਣ ਵਾਲਾ ਕੋਈ ਨਹੀਂ ਹੈ।