ਓਵਰਡੋਜ਼ ਨਾਲ ਨੌਜਵਾਨ ਦੀ ਮੌ.ਤ, ਪਰਿਵਾਰ ਨੇ ਦੋਸਤਾਂ ‘ਤੇ ਲਗਾਏ ਨਸ਼ਾ ਦੇ ਕੇ ਮਾਰਨ ਦੇ ਦੋਸ਼

0
1352

ਲੁਧਿਆਣਾ, 6 ਫਰਵਰੀ । ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਰਤੀਪੁਰ ਵਿਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਓਵਰਡੋਜ਼ ਨਾਲ ਮੌਤ ਹੋ ਗਈ। 2 ਦਿਨ ਪਹਿਲਾਂ ਲਾਸ਼ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੇੜਿਓਂ ਮਿਲੀ, ਜਿਸ ਦੀ ਪੁਲਿਸ ਨੂੰ ਪਛਾਣ ਨਹੀਂ ਹੋ ਸਕੀ। ਜਦੋਂ ਨੌਜਵਾਨ ਦੀ ਤਸਵੀਰ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਈ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਜਾਣਕਾਰੀ ਅਨੁਸਾਰ ਪਿੰਡ ਰਤੀਪੁਰ ਦੇ ਕਿਸਾਨ ਰਣਜੋਧ ਸਿੰਘ ਦਾ ਇਕਲੌਤਾ ਪੁੱਤਰ ਜਸ਼ਨਪ੍ਰੀਤ ਸਿੰਘ ਨਸ਼ੇ ਦਾ ਆਦੀ ਹੋ ਗਿਆ ਸੀ। ਹੁਣ ਇਹ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਸੀ, ਜਿਸ ਕਾਰਨ ਉਸ ਦਾ ਨਸ਼ਾ-ਛੁਡਾਊ ਕੇਂਦਰ ਵਿਚ ਇਲਾਜ ਵੀ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਉਹ ਨਸ਼ਾ-ਛੁਡਾਊ ਕੇਂਦਰ ਤੋਂ ਵਾਪਸ ਆਇਆ ਸੀ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਪਰਿਵਾਰਕ ਮੈਂਬਰਾਂ ਨੇ ਖਦਸ਼ਾ ਜਤਾਇਆ ਹੈ ਕਿ ਕਿ ਉਨ੍ਹਾਂ ਦੇ ਪੁੱਤਰ ਨੂੰ ਉਸ ਨਾਲ ਨਸ਼ਾ ਕਰਨ ਵਾਲੇ ਸਾਥੀਆਂ ਨੇ ਹੀ ਨਸ਼ਾ ਦੇ ਕੇ ਮਾਰ ਦਿੱਤਾ ਹੈ ਅਤੇ ਫਿਰ ਲਾਸ਼ ਨੂੰ ਸਤਲੁਜ ਦਰਿਆ ਕਿਨਾਰੇ ਸੁੱਟ ਦਿੱਤਾ।

ਪਰਿਵਾਰ ਨੇ ਕਿਹਾ ਕਿ ਨੌਜਵਾਨ ਘਰੋਂ ਬੈਗ ਵਿਚ ਕੱਪੜੇ ਅਤੇ ਮੋਬਾਇਲ ਲੈ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਦੇ ਕੱਪੜਿਆਂ ਵਾਲਾ ਬੈਗ, ਮੋਬਾਇਲ ਤੇ ਹੋਰ ਦਸਤਾਵੇਜ਼ ਵੀ ਨਹੀਂ ਮਿਲੇ। ਫਿਲਹਾਲ ਪੁਲਿਸ ਨੇ ਮਾਪਿਆਂ ਦੇ ਬਿਆਨ ਦਰਜ ਕਰਕੇ ਧਾਰਾ-174 ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਸ਼ਨਪ੍ਰੀਤ ਸਿੰਘ ਨਸ਼ੇ ਛੱਡ ਕੇ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦਾ ਸੀ। ਉਸ ਨੇ ਏਜੰਟ ਕੋਲ ਫਾਈਲ ਵੀ ਲਗਾਈ ਹੋਈ ਸੀ।