ਥਾਣੇ ‘ਚੋਂ ਲੈਪਟਾਪ ਚੋਰੀ ਕਰਨ ਵਾਲੇ ਨੌਜਵਾਨ ਗ੍ਰਿਫਤਾਰ, 70 ਲੈਪਟਾਪ ਤੇ ਕੈਸ਼ ਬਰਾਮਦ

0
483

ਮੋਹਾਲੀ | ਇਥੋਂ ਦੇ ਖਰੜ ਸਥਿਤ ਥਾਣਾ ਸਦਰ ਦੀ ਅਲਮਾਰੀ ‘ਚੋਂ ਲੈਪਟਾਪ ਚੋਰੀ ਕਰਨ ਦੇ ਮਾਮਲੇ ‘ਚ ਪੁਲਿਸ ਨੇ ਦੋਵਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਇਨ੍ਹਾਂ ਦੇ ਕਬਜ਼ੇ ‘ਚੋਂ 70 ਲੈਪਟਾਪ ਅਤੇ ਕੈਸ਼ ਵੀ ਬਰਾਮਦ ਹੋਇਆ ਹੈ ਪਰ ਪੁਲਿਸ ਨੂੰ ਅਜੇ ਤੱਕ ਉਨ੍ਹਾਂ ਦਾ ਲੈਪਟਾਪ ਨਹੀਂ ਮਿਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਿਤਪਾਲ ਸਿੰਘ ਉਰਫ਼ ਸੋਨੂੰ ਅਤੇ ਨਮਿਤ ਗੋਇਲ ਵਾਸੀ ਮੋਗਾ ਵਜੋਂ ਹੋਈ ਹੈ।

ਡੀਐਸਪੀ ਰੁਪਿੰਦਰ ਦੀਪ ਕੌਰ ਸੋਹੀ ਨੇ ਦੱਸਿਆ ਕਿ ਚੋਰ ਗਿਰੋਹ ਦੇ ਮੈਂਬਰ ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਫਲੈਟਾਂ ਅਤੇ ਪੀਜੀ ਨੂੰ ਨਿਸ਼ਾਨਾ ਬਣਾਉਂਦੇ ਸਨ। ਉਹ ਲੈਪਟਾਪ ਅਤੇ ਨਕਦੀ ਉਸ ਸਮੇਂ ਚੋਰੀ ਕਰਦੇ ਸਨ ਜਦੋਂ ਫਲੈਟਾਂ ਅਤੇ ਪੀਜੀ ਵਿਚ ਰਹਿ ਰਹੇ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਪੜ੍ਹਾਈ ਲਈ ਜਾਂਦੇ ਸਨ।

ਜਾਣਕਾਰੀ ਅਨੁਸਾਰ ਪੁਲਿਸ ਨੇ ਚੋਰਾਂ ਦੇ ਕਬਜ਼ੇ ’ਚੋਂ ਇਕ ਬਿਨਾਂ ਨੰਬਰੀ ਕਾਰ ਅਤੇ ਇਕ ਲੱਖ ਰੁਪਏ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਪ੍ਰਿਤਪਾਲ ਸਿੰਘ ਉਰਫ਼ ਸੋਨੂੰ ਨੂੰ 8 ਦਿਨ ਅਤੇ ਨਮਿਤ ਗੋਇਲ ਨੂੰ 2 ਦਿਨਾਂ ਦੇ ਰਿਮਾਂਡ ’ਤੇ ਪੁਲਿਸ ਹਵਾਲੇ ਕਰ ਦਿੱਤਾ ਹੈ।