ਖਰੜ ‘ਚ ਜ਼ਮੀਨੀ ਝਗੜੇ ਕਾਰਨ ਨੌਜਵਾਨ ਨੇ ਭਰਾ, ਭਰਜਾਈ ਤੇ ਭਤੀਜੇ ਦਾ ਕੀਤਾ ਕਤਲ; ਨਹਿਰ ਵਿਚ ਸੁੱਟੀਆਂ ਲਾਸ਼ਾਂ

0
318

ਮੋਹਾਲੀ/ਖਰੜ, 13 ਅਕਤੂਬਰ | ਮੋਹਾਲੀ ਦੇ ਖਰੜ ਵਿਚ ਇਕ ਵਿਅਕਤੀ ਨੇ ਆਪਣੇ ਭਰਾ, ਭਰਜਾਈ ਅਤੇ ਭਤੀਜੇ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦਾ ਕਾਰਨ ਘਰੇਲੂ ਲੜਾਈ ਮਨ ਰਹੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਲਖਬੀਰ ਸਿੰਘ ਵਜੋਂ ਹੋਈ ਹੈ।

ਇਸ ਘਟਨਾ ਸਬੰਧੀ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਇਹ ਮਾਮਲਾ ਸਨੀ ਇਨਕਲੇਵ ਸਥਿਤ ਗਲੋਬਲ ਸਿਟੀ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਰਿਵਾਰ ਬਰਨਾਲਾ ਦਾ ਰਹਿਣ ਵਾਲਾ ਹੈ ਪਰ ਸਤਬੀਰ ਨੇ ਵੈੱਬ ਡਿਜ਼ਾਈਨਿੰਗ ਦਾ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਪਤਨੀ ਅਤੇ ਪੁੱਤਰ ਨਾਲ ਗਲੋਬਲ ਸਿਟੀ ਵਿਚ ਸੈਟਲ ਹੋ ਗਿਆ ਸੀ।

ਜਾਣਕਾਰੀ ਅਨੁਸਾਰ ਮੁਲਜ਼ਮ ਲਖਬੀਰ ਸਿੰਘ ਨੇ ਭਰਾ ਸਤਬੀਰ ਸਿੰਘ ਅਤੇ ਭਰਜਾਈ ਅਮਨਦੀਪ ਕੌਰ ਦੀਆਂ ਲਾਸ਼ਾਂ ਰੋਪੜ ਨਹਿਰ ਵਿਚ ਸੁਟ ਦਿੱਤੀਆਂ। 2 ਸਾਲ ਦੇ ਬੱਚੇ ਅਨਹਦ ਨੂੰ ਮੋਰਿੰਡਾ ਨਹਿਰ ਵਿਚ ਸੁੱਟ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਇਕ ਲਾਸ਼ ਬਰਾਮਦ ਕੀਤੀ। ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ। ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਸੂਤਰਾਂ ਅਨੁਸਾਰ ਮੁਲਜ਼ਮ ਦਾ ਭਰਾ ਉਸ ਦੀ ਜਾਇਦਾਦ ਹੜੱਪਣਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ‘ਚ ਝਗੜਾ ਹੁੰਦਾ ਰਹਿੰਦਾ ਸੀ। ਇਸ ਤੋਂ ਪਹਿਲਾਂ ਵੀ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਚੁੱਕਾ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਭਰਾ ਦੇ ਪਰਿਵਾਰ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚੀ। ਪੁਲਿਸ ਇਸ ਮਾਮਲੇ ਵਿਚ ਨੇੜੇ ਲੱਗੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ ‘ਚ ਦੋਸ਼ੀ ਇਕੱਲਾ ਹੀ ਨਹੀਂ ਹੋ ਸਕਦਾ, ਉਸ ਨੇ ਕੁਝ ਹੋਰ ਲੋਕਾਂ ਦੀ ਵੀ ਮਦਦ ਲਈ ਹੋਵੇਗੀ।

ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਲਖਬੀਰ ਸਿੰਘ ਨੇ ਆਪਣੇ ਭਰਾ ਦਾ ਸਿਰ ’ਤੇ ਵਾਰ ਕਰਕੇ ਕਤਲ ਕੀਤਾ ਹੈ। ਇਸ ਤੋਂ ਬਾਅਦ ਭਰਾ ਦੀ ਪਤਨੀ ਦਾ ਕਿਸੇ ਕੱਪੜੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਭਤੀਜੇ ਦਾ ਕਤਲ ਕਰਕੇ ਉਸ ਨੂੰ ਮੋਰਿੰਡਾ ਨਹਿਰ ਵਿਚ ਸੁੱਟ ਦਿਤਾ। ਇਸ ਤੀਹਰੇ ਕਤਲਕਾਂਡ ਵਿਚ ਖਰੜ ਦੇ ਡੀ.ਐਸ.ਪੀ. ਕਰਨ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪਰਿਵਾਰਕ ਝਗੜੇ ਦਾ ਮਾਮਲਾ ਹੈ। ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ।