ਨਾਜਾਇਜ਼ ਸਬੰਧਾਂ ਕਾਰਨ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਤਨੀ ਦੇ ਪ੍ਰੇਮੀ ਦਿੱਤਾ ਵਾਰਦਾਤ ਨੂੰ ਅੰਜਾਮ

0
347

ਫਰੀਦਕੋਟ, 7 ਜਨਵਰੀ | ਪਿੰਡ ਮਚਾਕੀ ਕਲਾਂ ਵਿਚ ਨਜਾਇਜ਼ ਸਬੰਧਾਂ ਕਾਰਨ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ (35) ਵਜੋਂ ਹੋਈ ਹੈ। ਇਸ ਮਾਮਲੇ ‘ਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਸਮੇਤ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਘਟਨਾ ਸੋਮਵਾਰ ਦੇਰ ਰਾਤ ਵਾਪਰੀ। ਪਿੰਡ ਮਚਾਕੀ ਕਲਾਂ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੀ ਪਤਨੀ ਦੇ ਇਸੇ ਪਿੰਡ ਦੇ ਹੀ ਰਹਿਣ ਵਾਲੇ ਕੁਲਵੰਤ ਸਿੰਘ ਉਰਫ ਮੋਟਾ ਨਾਲ ਨਾਜਾਇਜ਼ ਸਬੰਧ ਸਨ। ਕੁਲਦੀਪ ਅਕਸਰ ਇਸ ਦਾ ਵਿਰੋਧ ਕਰਦਾ ਸੀ। ਅਜਿਹੇ ‘ਚ ਕੁਲਦੀਪ ਸਿੰਘ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਸੋਮਵਾਰ ਰਾਤ ਦੋਸ਼ੀ ਕੁਲਵੰਤ ਸਿੰਘ ਮੋਟਾ ਨੇ ਆਪਣੇ ਦੋਸਤ ਅਕਾਸ਼ਦੀਪ ਸਿੰਘ ਨਾਲ ਮਿਲ ਕੇ ਕੁਲਦੀਪ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕੁਲਵੰਤ ਸਿੰਘ ਨੇ ਪੁਲਿਸ ਕੰਟਰੋਲ ਰੂਮ ’ਤੇ ਫੋਨ ਕਰ ਕੇ ਕਤਲ ਦੀ ਸੂਚਨਾ ਦਿੱਤੀ ਪਰ ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਉਹ ਆਪਣਾ ਫੋਨ ਬੰਦ ਕਰ ਕੇ ਮੌਕੇ ਤੋਂ ਫਰਾਰ ਹੋ ਚੁੱਕਾ ਸੀ।

ਇਸ ਸਬੰਧੀ ਫਾਜ਼ਿਲਕਾ ਤੋਂ ਆਏ ਮ੍ਰਿਤਕ ਦੇ ਭਰਾ ਰਜਿੰਦਰ ਕੁਮਾਰ ਅਤੇ ਰਿਸ਼ਤੇਦਾਰ ਰਿੰਕੂ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਪਤਨੀ ਦੇ ਕੁਲਵੰਤ ਸਿੰਘ ਮੋਟਾ ਨਾਲ ਨਾਜਾਇਜ਼ ਸਬੰਧ ਸਨ। ਉਹ ਵੀ ਦੋ ਮਹੀਨੇ ਪਹਿਲਾਂ ਉਸ ਨਾਲ ਫਰਾਰ ਹੋ ਗਈ ਸੀ ਪਰ ਉਹ ਕੁਝ ਦਿਨਾਂ ਬਾਅਦ ਵਾਪਸ ਆ ਗਈ। ਹੁਣ ਕੁਲਵੰਤ ਸਿੰਘ ਵਾਪਸ ਆ ਗਿਆ ਹੈ ਅਤੇ ਉਸ ਨੇ ਕੁਲਵੰਤ ਦੀ ਪਤਨੀ ਨਾਲ ਮਿਲ ਕੇ ਸਾਜ਼ਿਸ਼ ਰਚਦਿਆਂ ਆਪਣੇ ਸਾਥੀ ਅਕਾਸ਼ਦੀਪ ਸਿੰਘ ਨਾਲ ਮਿਲ ਕੇ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਡੀਐਸਪੀ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਕੁਲਦੀਪ ਦੀ ਪਤਨੀ, ਉਸ ਦੇ ਪ੍ਰੇਮੀ ਕੁਲਵੰਤ ਸਿੰਘ ਮੋਟਾ ਅਤੇ ਇੱਕ ਹੋਰ ਅਕਾਸ਼ਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।