ਵਿਰੋਧੀਆਂ ‘ਤੇ ਵਰ੍ਹੇ CM ਮਾਨ : ਕਿਹਾ – ਚਾਬੀਆਂ ਦਾ ਮੋਰਚਾ ਤੇ ਜੈਤੋ ਮੋਰਚਾ ਲਗਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਹੁਣ ਕੁਲਚੇ-ਛੋਲਿਆਂ ‘ਤੇ ਆ ਗਈ

0
1030

ਲੁਧਿਆਣਾ, 27 ਅਕਤੂਬਰ | ਮੁੱਲਾਂਪੁਰ ਦਾਖਾ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਸਮੂਹ ਬਲਾਕ ਪ੍ਰਧਾਨਾਂ ਦੇ ਸਹੁੰ ਚੁੱਕ ਸਮਾਗਮ ’ਚ ਮੁੱਖ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਨਵੀਆਂ ਜ਼ਿੰਮੇਵਾਰੀਆਂ ਲਈ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੌਕੇ ਸਾਰੇ ਅਹੁਦੇਦਾਰਾਂ ਨੇ ਪੰਜਾਬ ਦੀ ਬਿਹਤਰੀ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਸਹੁੰ ਚੁੱਕੀ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿੰਨੀ ਵੱਡੀ ਪਾਰਟੀ ਸੀ। ਚਾਬੀਆਂ ਦਾ ਮੋਰਚਾ, ਜੈਤੋਂ ਦਾ ਮੋਰਚਾ ਲਗਾਉਣ ਵਾਲੀ ਪਾਰਟੀ ਹੁਣ ਕੁਲਚੇ-ਛੋਲਿਆਂ ਉਤੇ ਆ ਗਈ। ਗਾਇਕਾਂ ਦੀਆਂ ਆਵਾਜ਼ਾਂ ਬਦਲ ਕੇ ਗਾਲ੍ਹਾਂ ਕੱਢਣ ਉਤੇ ਆ ਗਏ।

ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਦੀ ਸਥਾਪਨਾ 2012 ‘ਚ ਹੋਈ ਸੀ ਤੇ 2014 ‘ਚ ਮੈਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਸੀ। ਉਸ ਸਮੇਂ ‘ਆਪ’ ਦਾ ਕੋਈ ਵੀ ਬਲਾਕ ਪ੍ਰਧਾਨ ਨਹੀਂ ਹੁੰਦਾ ਸੀ ਤੇ ਨਾ ਕੋਈ ਸਟੇਜ ਸੈਕਟਰੀ ਹੁੰਦਾ ਸੀ। ਅੱਜ ਸਾਡੀ ਪਾਰਟੀ ਦੇਸ਼ ਦੀ ਸਭ ਤੋਂ ਵੱਧ ਅਨੁਸ਼ਾਸਨ ਵਾਲੀ ਪਾਰਟੀ ਮੰਨੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਮੇਰਾ ਪਰਿਵਾਰ ਹੈ ਅਤੇ ਮੈਂ ਹਰ ਸਮੇਂ ਆਪਣੇ ਪਰਿਵਾਰ ‘ਚ ਹੁੰਦਾ ਹਾਂ। ਪਹਿਲਾਂ ਵਾਲੇ ਸਿਰਫ਼ ਆਪਣੇ ਪਰਿਵਾਰ ਨੂੰ ਹੀ ਆਪਣਾ ਸਮਝਦੇ ਸਨ ਤੇ ਸਾਡਾ ਸਾਰਾ ਪੰਜਾਬ ਪਰਿਵਾਰ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਦੁਨੀਆ ਦੀਆਂ ਬਹੁਤ ਵੱਡੇ ਪੱਧਰ ਦੀਆਂ ਕੰਪਨੀਆਂ ਪੰਜਾਬ ‘ਚ ਨਿਵੇਸ਼ ਕਰ ਰਹੀਆਂ ਹਨ। ਪੰਜਾਬ ਦੇ 2 ਲੱਖ 90 ਹਜ਼ਾਰ ਮੁੰਡੇ-ਕੁੜੀਆਂ ਨੂੰ ਇਥੇ ਹੀ ਰੁਜ਼ਗਾਰ ਮਿਲੇਗਾ ਅਤੇ ਹੁਣ ਤੁਹਾਨੂੰ ਪੂਰੀ ਤਰ੍ਹਾਂ ਅਪਡੇਟਡ ਪੰਜਾਬ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਲੀਹ ‘ਤੇ ਚੜ੍ਹ ਰਿਹਾ ਹੈ ਤੇ ਤੁਸੀਂ ਸਾਰੇ ਇਸ ਦੇ ਗਵਾਹ ਬਣੋਗੇ। ਮੈਂ ਪੰਜਾਬ ਪੱਖੀ ਜਦੋਂ ਵੀ ਕੋਈ ਫ਼ੈਸਲਾ ਕਰਦਾ ਹਾਂ ਤਾਂ ਮੇਰੇ ਦਿਮਾਗ ‘ਚ ਵਲੰਟੀਅਰ ਹੁੰਦੇ ਹਨ ਤਾਂ ਜੋ ਉਹ ਲੋਕਾਂ ਦੀਆਂ ਅੱਖਾਂ ‘ਚ ਅੱਖ ਪਾ ਕੇ ਗੱਲ ਕਰ ਸਕਣ।