ਗਲਤ ਪੈਨਸ਼ਨ ਬਣੀ ਟੈਂਸ਼ਨ : ਧੋਖੇ ਨਾਲ ਲਈ ਗਈ ਬੁਢਾਪਾ ਪੈਨਸ਼ਨ ਦੀ ਵਸੂਲੀ ਬਣੀ ਗਲ਼ੇ ਦੀ ਹੱਡੀ, ਲੋਕ ਮਾਰ ਰਹੇ ਅਜੀਬੋ-ਗਰੀਬ ਬਹਾਨੇ

0
412

ਚੰਡੀਗੜ੍ਹ| ਨਾਜਾਇਜ਼ ਤੌਰ ‘ਤੇ ਬੁਢਾਪਾ ਪੈਨਸ਼ਨ ਲੈਣ ਵਾਲੇ 70,137 ਲੋਕਾਂ ਤੋਂ ਵਸੂਲੀ ਗਲ਼ੇ ਦੀ ਹੱਡੀ ਬਣ ਗਈ ਹੈ। ਸਾਲ 2017 ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਨ੍ਹਾਂ ਲਾਭਪਾਤਰੀਆਂ ਨੇ ਕਈ ਮਹੀਨਿਆਂ ਤੋਂ ਗਲਤ ਤਰੀਕੇ ਨਾਲ ਬੁਢਾਪਾ ਪੈਨਸ਼ਨ ਲੈ ਕੇ ਸਰਕਾਰ ਨਾਲ ਧੋਖਾ ਕੀਤਾ ਸੀ। ਕਈਆਂ ਨੇ 80 ਤੇ ਕਈਆਂ ਨੇ 53 ਮਹੀਨਿਆਂ ਦੀ ਨਾਜਾਇਜ਼ ਪੈਨਸ਼ਨ ਲੈ ਲਈ। ਹੁਣ ਇਨ੍ਹਾਂ ਨਾਜਾਇਜ਼ ਪੈਨਸ਼ਨਰਾਂ ਤੋਂ 162 ਕਰੋੜ 35 ਲੱਖ ਰੁਪਏ ਵਸੂਲ ਕੀਤੇ ਜਾਣੇ ਹਨ ਪਰ ਇਹ ਵੱਖ-ਵੱਖ ਹੱਥਕੰਡੇ ਅਪਣਾ ਰਹੇ ਹਨ। ਇਸ ਵੇਲੇ 1500 ਰੁਪਏ ਬੁਢਾਪਾ ਪੈਨਸ਼ਨ ਮਿਲਦੀ ਹੈ।

ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਹੁਣ ਤੱਕ ਨਾਮਾਤਰ ਵਸੂਲੀ ਕਰਨ ਵਿੱਚ ਕਾਮਯਾਬ ਰਿਹਾ ਹੈ। ਜਦੋਂ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਰਿਕਵਰੀ ਤੋਂ ਬਚਣ ਲਈ ਲੋਕ ਅਜੀਬ ਤਰੀਕੇ ਅਪਣਾ ਰਹੇ ਹਨ। ਕੁਝ ਗੈਰ-ਕਾਨੂੰਨੀ ਲਾਭਪਾਤਰੀਆਂ ਨੇ ਜ਼ਮੀਨ ਆਪਣੇ ਪਰਿਵਾਰ ਦੇ ਨਾਂ ‘ਤੇ ਕਰਵਾ ਲਈ ਹੈ, ਜਦਕਿ ਕੁਝ ਆਪਣੇ ਪਰਿਵਾਰ ਨੂੰ ਛੱਡ ਕੇ ਇਕੱਲੇ ਰਹਿਣ ਲੱਗ ਪਏ ਹਨ। ਕੋਈ ਆਪਣੇ ਆਪ ਨੂੰ ਬਿਮਾਰ ਕਹਿੰਦਾ ਹੈ। ਕੋਈ ਕਹਿੰਦਾ ਹੈ ਕਿ ਉਹ ਘਰ ਛੱਡ ਗਿਆ ਹੈ। ਇੱਥੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਵਸੂਲੀ ਲਈ ਵਾਰ-ਵਾਰ ਜ਼ਿਲ੍ਹਿਆਂ ਦੇ ਡੀਸੀਜ਼, ਡੀਐਸਐਸਓਜ਼ ਨੂੰ ਪੱਤਰ ਲਿਖਿਆ ਜਾ ਰਿਹਾ ਹੈ।

ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ ਅਯੋਗ ਲਾਭਪਾਤਰੀਆਂ ਤੋਂ ਪੈਨਸ਼ਨ ਦੀ ਵਸੂਲੀ ਲਈ ਡੀਐਸਐਸਓ, ਡੀਸੀ ਨੂੰ ਕਈ ਵਾਰ ਪੱਤਰ ਲਿਖਿਆ ਹੈ। ਕਈ ਲੋਕਾਂ ਨੇ ਰਿਕਵਰੀ ਤੋਂ ਬਚਣ ਲਈ ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਜੇਕਰ ਕੋਈ ਵਸੂਲੀ ਦੇਣ ਤੋਂ ਝਿਜਕਦਾ ਹੈ ਤਾਂ ਵਿਭਾਗ ਸਖ਼ਤ ਕਾਰਵਾਈ ਕਰ ਸਕਦਾ ਹੈ। ਹੁਣ ਤੱਕ 1 ਕਰੋੜ 35 ਲੱਖ ਰੁਪਏ ਦੀ ਵਸੂਲੀ ਹੋ ਚੁੱਕੀ ਹੈ।

– ਚਰਨਜੀਤ ਸਿੰਘ ਮਾਨ, ਜੁਆਇੰਟ ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ