WHO ਦੀ ਚਿੰਤਾਜਨਕ ਰਿਪੋਰਟ ! ਪੂਰੀ ਦੁਨੀਆ ਦੇ 25% ਟੀਬੀ ਦੇ ਮਰੀਜ਼ ਭਾਰਚ ‘ਚ, 25 ਲੱਖ ਤੋਂ ਜ਼ਿਆਦਾ ਲੋਕ ਬਿਮਾਰ

0
515

ਹੈਲਥ ਡੈਸਕ | ਭਾਰਤ ਨੇ ਸਾਲ 2025 ਤੱਕ ਟੀਬੀ (ਤਪਦਿਕ) ਦੀ ਬਿਮਾਰੀ ਨੂੰ ਖ਼ਤਮ ਕਰਨ ਦਾ ਟੀਚਾ ਰੱਖਿਆ ਸੀ। ਸਰਕਾਰ ਨੇ ਵਿੱਤੀ ਸਾਲ 2023 ਵਿਚ ਇਸ ਕੰਮ ਲਈ 3400 ਕਰੋੜ ਰੁਪਏ ਅਲਾਟ ਕੀਤੇ ਸਨ। ਅੱਜ ਤੱਕ ਸਾਰੇ ਸਰਕਾਰੀ ਹਸਪਤਾਲਾਂ ਵਿਚ ਟੀਬੀ ਦਾ ਇਲਾਜ ਮੁਫ਼ਤ ਹੈ ਅਤੇ ਮਰੀਜ਼ ਨੂੰ ਇਲਾਜ ਦੌਰਾਨ ਸਿਹਤਮੰਦ ਖੁਰਾਕ ਲਈ ਹਰ ਮਹੀਨੇ 1000 ਰੁਪਏ ਵੀ ਦਿੱਤੇ ਜਾਂਦੇ ਹਨ। ਹਾਲਾਂਕਿ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਤਾਜ਼ਾ ਅੰਕੜਿਆਂ ਤੋਂ ਬਾਅਦ ਇਸ ਟੀਚੇ ਦਾ ਰਸਤਾ ਮੁਸ਼ਕਲ ਲੱਗਦਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ਵਿਚ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਸਾਲ 2023 ਵਿਚ ਦੁਨੀਆ ਭਰ ਵਿਚ ਟੀਬੀ ਦੇ 80 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਚਿੰਤਾ ਦੀ ਗੱਲ ਇਹ ਹੈ ਕਿ ਡਬਲਯੂਐਚਓ ਨੇ ਸਾਲ 1995 ਤੋਂ ਇਸ ‘ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਸੀ ਅਤੇ ਉਦੋਂ ਤੋਂ ਹੁਣ ਤੱਕ ਇਹ ਕਿਸੇ ਵੀ ਸਾਲ ਵਿਚ ਟੀਬੀ ਦੇ ਦਰਜ ਕੀਤੇ ਗਏ ਸਭ ਤੋਂ ਵੱਧ ਕੇਸ ਹਨ।

ਇਹ ਅੰਕੜੇ ਭਾਰਤ ਲਈ ਬਹੁਤ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਖਾਤਮੇ ਦੀ ਮੁਹਿੰਮ ਦੇ ਬਾਵਜੂਦ ਵਿਸ਼ਵਵਿਆਪੀ ਟੀਬੀ ਦੇ 25% ਕੇਸ ਇਕੱਲੇ ਭਾਰਤ ਵਿਚ ਦਰਜ ਹਨ। ਸਾਲ 2023 ਵਿਚ ਭਾਰਤ ਵਿਚ ਟੀਬੀ ਦੇ ਕੁੱਲ 25 ਲੱਖ 37 ਹਜ਼ਾਰ ਮਾਮਲੇ ਦਰਜ ਕੀਤੇ ਗਏ ਸਨ, ਜਦਕਿ ਇਸ ਤੋਂ ਪਹਿਲਾਂ ਸਾਲ 2022 ‘ਚ ਕਰੀਬ 24 ਲੱਖ 22 ਹਜ਼ਾਰ ਮਾਮਲੇ ਸਾਹਮਣੇ ਆਏ ਸਨ।

ਸਾਲ 2023 ਵਿੱਚ ਦੁਨੀਆ ਭਰ ਵਿੱਚ ਟੀਬੀ ਕਾਰਨ ਲਗਭਗ 12 ਲੱਖ 50 ਹਜ਼ਾਰ ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਭਾਰਤ ਵਿਚ ਸਾਲ 2023 ਵਿੱਚ ਟੀਬੀ ਕਾਰਨ 3 ਲੱਖ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।

ਟੀਬੀ ਇੱਕ ਛੂਤ ਦੀ ਬਿਮਾਰੀ ਹੈ। ਇਸ ਦੇ ਬੈਕਟੀਰੀਆ ਆਮ ਤੌਰ ‘ਤੇ ਫੇਫੜਿਆਂ ਦੇ ਟਿਸ਼ੂਆਂ ਨੂੰ ਪ੍ਰਭਾਵਿਤ ਕਰਦੇ ਹਨ। ਹਾਲਾਂਕਿ ਕਈ ਵਾਰ ਇਹ ਰੀੜ੍ਹ ਦੀ ਹੱਡੀ, ਦਿਮਾਗ ਜਾਂ ਗੁਰਦਿਆਂ ਵਰਗੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਟੀਬੀ ਕਿਉਂ ਹੁੰਦੀ ਹੈ?

ਟੀਬੀ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਨਾਮਕ ਬੈਕਟੀਰੀਆ ਕਾਰਨ ਹੁੰਦੀ ਹੈ। ਇਹ ਬੈਕਟੀਰੀਆ ਹਵਾ ਰਾਹੀਂ ਫੈਲਦੇ ਹਨ ਅਤੇ ਆਮ ਤੌਰ ‘ਤੇ ਫੇਫੜਿਆਂ ਨੂੰ ਸੰਕਰਮਿਤ ਕਰਦੇ ਹਨ। ਟੀਬੀ ਬੇਸ਼ੱਕ ਇੱਕ ਛੂਤ ਦੀ ਬਿਮਾਰੀ ਹੈ ਪਰ ਇਹ ਬਹੁਤ ਆਸਾਨੀ ਨਾਲ ਨਹੀਂ ਫੈਲਦੀ। ਜਦੋਂ ਕੋਈ ਵਿਅਕਤੀ ਸੰਕਰਮਿਤ ਵਿਅਕਤੀ ਦੇ ਆਲੇ-ਦੁਆਲੇ ਲੰਮਾ ਸਮਾਂ ਬਿਤਾਉਂਦਾ ਹੈ ਤਾਂ ਉਹ ਵੀ ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਸਕਦਾ ਹੈ।

ਟੀਬੀ ਕਿਵੇਂ ਫੈਲਦੀ ਹੈ?

ਟੀਬੀ ਨਾਲ ਸੰਕਰਮਿਤ ਵਿਅਕਤੀ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਕੀਟਾਣੂ ਜਦੋਂ ਉਹ ਖੰਘਦਾ ਹੈ, ਛਿੱਕਦਾ ਹੈ, ਬੋਲਦਾ ਹੈ, ਗਾਉਂਦਾ ਹੈ ਜਾਂ ਹੱਸਦਾ ਹੈ ਤਾਂ ਨੇੜੇ ਦੇ ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ। ਸਿਰਫ਼ ਸਰਗਰਮ ਟੀਬੀ ਵਾਲੇ ਲੋਕ ਹੀ ਛੂਤ ਵਾਲੇ ਹੁੰਦੇ ਹਨ।

ਇਸ ਦੀ ਖਾਸ ਗੱਲ ਇਹ ਹੈ ਕਿ ਜੇਕਰ ਬੈਕਟੀਰੀਆ ਸਾਡੇ ਸਾਹ ਰਾਹੀਂ ਸਰੀਰ ਵਿਚ ਦਾਖਲ ਹੁੰਦੇ ਹਨ ਤਾਂ ਜ਼ਿਆਦਾਤਰ ਲੋਕਾਂ ਦਾ ਸਰੀਰ ਇਹਨਾਂ ਬੈਕਟੀਰੀਆ ਨਾਲ ਲੜਨ ਅਤੇ ਇਹਨਾਂ ਨੂੰ ਵਧਣ ਤੋਂ ਰੋਕਣ ਵਿਚ ਸਮਰੱਥ ਹੁੰਦਾ ਹੈ। ਇਨ੍ਹਾਂ ਲੋਕਾਂ ਦੇ ਸਰੀਰ ਵਿਚ ਬੈਕਟੀਰੀਆ ਨਾ-ਸਰਗਰਮ ਰਹਿੰਦੇ ਹਨ। ਹਾਲਾਂਕਿ, ਉਹ ਸਰੀਰ ਵਿਚ ਜ਼ਿੰਦਾ ਰਹਿੰਦੇ ਹਨ ਅਤੇ ਬਾਅਦ ਵਿਚ ਕਿਸੇ ਵੀ ਸਮੇਂ ਸਰਗਰਮ ਹੋ ਸਕਦੇ ਹਨ। ਇਸ ਨੂੰ ਲੇਟੈਂਟ ਟੀਬੀ ਇਨਫੈਕਸ਼ਨ (LTBI) ਜਾਂ ਲੇਟੈਂਟ ਟੀਬੀ ਕਿਹਾ ਜਾਂਦਾ ਹੈ। ਜੇਕਰ ਇਨ੍ਹਾਂ ਲੋਕਾਂ ਦੀ ਇਮਿਊਨ ਸਿਸਟਮ ਬਾਅਦ ‘ਚ ਕਮਜ਼ੋਰ ਹੋ ਜਾਂਦੀ ਹੈ ਤਾਂ ਇਹ ਬੈਕਟੀਰੀਆ ਸਰਗਰਮ ਹੋ ਕੇ ਹਮਲਾ ਕਰਦੇ ਹਨ।

ਟੀਬੀ ਦੇ ਲੱਛਣ ਕੀ ਹਨ?

ਜਿਨ੍ਹਾਂ ਲੋਕਾਂ ਦੀ ਟੀਬੀ ਸਰਗਰਮ ਨਹੀਂ ਹੈ, ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਦਿਖਾਈ ਦਿੰਦੇ ਹਨ। ਹਾਲਾਂਕਿ, ਜੇਕਰ ਇਨ੍ਹਾਂ ਲੋਕਾਂ ਦੀ ਟੀਬੀ ਲਈ ਜਾਂਚ ਕੀਤੀ ਜਾਂਦੀ ਹੈ ਤਾਂ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਦੇ ਕੁਝ ਖਾਸ ਲੱਛਣ ਹਨ, ਜੋ ਹੇਠ ਲਿਖੇ ਹਨ

1. 2 ਹਫਤਿਆਂ ਤੋਂ ਜ਼ਿਆਦਾ ਸਮੇਂ ਤੋਂ ਖਾਸੀ
2. ਛਾਤੀ ‘ਚ ਅਕਸਰ ਦਰਦ
3. ਖਾਸੀ ਨਾਲ ਖੂਨ ਜਾਂ ਬਲਗਮ ਆਉਣਾ
4. ਜ਼ਿਆਦਾ ਥਕਾਨ ਤੇ ਕਮਜ਼ੋਰੀ ਮਹਿਸੂਸ ਹੋਣਾ
5. ਭੁੱਖ ਘੱਟ ਲੱਗਣੀ
6. ਲਗਾਤਾਰ ਵਜ਼ਨ ਘੱਟ ਹੋਣਾ
7. ਹਲਕੀ ਸਰਦੀ ‘ਚ ਵੀ ਠੰਡ ਲਗਣਾ
8. ਬੁਖਾਰ ਬਣਿਆ ਰਹਿਣਾ
9. ਰਾਤ ਨੂੰ ਅਚਾਨਕ ਪਸੀਨਾ ਆਉਣਾ

(Note : ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)