ਕੀ ਕੈਪਟਨ ਅਮਰਿੰਦਰ ਨਵੀਂ ਪਾਰਟੀ ਦਾ ਕਰਨਗੇ ਐਲਾਨ, ਸੰਪਰਕ ‘ਚ ਹਨ 1 ਦਰਜਨ ਕਾਂਗਰਸੀ ਨੇਤਾ

0
1646

ਚੰਡੀਗੜ੍ਹ | ਪੰਜਾਬ ‘ਚ ਕਾਂਗਰਸ ਦਾ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਾਲਾਂਕਿ ਖ਼ਬਰਾਂ ਹਨ ਕਿ ਚੰਨੀ ਤੇ ਸਿੱਧੂ ਦੇ ਵਿਚਕਾਰ ਵੀਰਵਾਰ ਨੂੰ ਹੋਈ ਮੀਟਿੰਗ ਵਿੱਚ ਕੁਝ ਮੰਗਾਂ ‘ਤੇ ਸਹਿਮਤੀ ਉਪਰੰਤ ਸਿੱਧੂ ਆਪਣੇ ਅਹੁਦੇ ‘ਤੇ ਮੁੜ ਰਾਜ਼ੀ ਹੋ ਗਏ ਹਨ।

ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਗੱਲਬਾਤ ਕਰਕੇ ਆਏ ਹਨ।

ਦਿੱਲੀ ਵਿੱਚ ਚੱਲੀ ਲੰਮੀ ਮੀਟਿੰਗ ਤੋਂ ਬਾਅਦ ਕੈਪਟਨ ਨੇ ਕਿਹਾ ਸੀ ਕਿ ਉਹ ਗ੍ਰਹਿ ਮੰਤਰੀ ਨਾਲ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ-ਵਟਾਂਦਰੇ ਲਈ ਆਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹੁਣ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹਨ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਇਹ ਕਿਹਾ ਜਾਣਾ ਕਿ ਉਹ ਨਾ ਭਾਜਪਾ ਵਿੱਚ ਜਾਣਗੇ ਤੇ ਨਾ ਹੀ ਕਾਂਗਰਸ ‘ਚ, ਇਥੋਂ ਤੱਕ ਕਿ ਉਨ੍ਹਾਂ ਨੇ ਬੀਤੀ ਦੇਰ ਰਾਤ ਆਪਣੇ ਟਵਿੱਟਰ ਖਾਤੇ ਤੋਂ ‘ਕਾਂਗਰਸ’ ਵੀ ਸ਼ਬਦ ਹਟਾ ਦਿੱਤਾ ਹੈ। ਹੁਣ ਚਰਚਾਵਾਂ ਹਨ ਕਿ ਕੈਪਟਨ ਛੇਤੀ ਹੀ ਨਵੀਂ ਪਾਰਟੀ ਦਾ ਐਲਾਨ ਕਰਨਗੇ, ਜੋ ਕਿ ਆਉਣ ਵਾਲੇ 15 ਦਿਨਾਂ ਦੇ ਅੰਦਰ ਹੋ ਸਕਦਾ ਹੈ।

ਇਹ ਵੀ ਖ਼ਬਰ ਹੈ ਕਿ ਕੈਪਟਨ ਦੀ ਸਭ ਤੋਂ ਵੱਡੀ ਪਹਿਲਕਦਮੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੋਵੇਗਾ। ਅਮਿਤ ਸ਼ਾਹ ਨਾਲ ਕੈਪਟਨ ਦੀ ਮੁਲਾਕਾਤ ਵੀ ਇਸ ਪਾਸੇ ਵੱਲ ਵੇਖੀ ਜਾ ਰਹੀ ਹੈ।

ਇਕ ਰਿਪੋਰਟ ਮੁਤਾਬਕ ਕਰੀਬ ਇਕ ਦਰਜਨ ਕਾਂਗਰਸੀ ਆਗੂ ਕੈਪਟਨ ਦੇ ਸੰਪਰਕ ਵਿੱਚ ਹਨ। ਫਿਲਹਾਲ, ਕੈਪਟਨ ਆਪਣੇ ਸਮਰਥਕਾਂ ਨਾਲ ਅਗਲੇ ਕਦਮ ਬਾਰੇ ਚਰਚਾ ਕਰ ਰਹੇ ਹਨ। ਅਜਿਹੀਆਂ ਅਟਕਲਾਂ ਹਨ ਕਿ ਉਹ ਪੰਜਾਬ ਦੇ ਕੁਝ ਕਿਸਾਨ ਆਗੂਆਂ ਨੂੰ ਵੀ ਮਿਲ ਸਕਦੇ ਹਨ।