ਨਵੀਂ ਦਿੱਲੀ | ਪਨਾਮਾ ਪੇਪਰਜ਼ ਲੀਕ ਮਾਮਲੇ ‘ਚ ਐਸ਼ਵਰਿਆ ਰਾਏ ਬੱਚਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੁੱਛਗਿੱਛ ਲਈ ਬੁਲਾਇਆ ਹੈ। ਐਸ਼ਵਰਿਆ ਰਾਏ ਤੋਂ ਫੇਮਾ (ਫੋਰੇਨ ਐਕਸਚੇਂਜ ਮੈਨੇਜਮੈਂਟ ਐਕਟ) ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾਣੀ ਹੈ।
ਪਨਾਮਾ ਪੇਪਰਜ਼ ਲੀਕ ਸਾਲ 2016 ‘ਚ ਸਾਹਮਣੇ ਆਇਆ ਸੀ, ਜਿਸ ਵਿੱਚ ਸਿਆਸਤਦਾਨਾਂ ਤੇ ਕਾਰੋਬਾਰੀਆਂ ਸਮੇਤ ਕਈ ਫਿਲਮੀ ਸਿਤਾਰਿਆਂ ਦੇ ਨਾਂ ਸਾਹਮਣੇ ਆਏ ਸਨ।
ਪਨਾਮਾ ਪੇਪਰਜ਼ ਲੀਕ ਮਾਮਲੇ ‘ਚ ਇਕ ਕੰਪਨੀ ਮੋਸੈਕ ਫੋਂਸੇਕਾ (Mossack Fonseca) ਦੇ ਕਾਨੂੰਨੀ ਦਸਤਾਵੇਜ਼ ਲੀਕ ਹੋ ਗਏ ਸਨ। ਇਹ ਡਾਟਾ ਜਰਮਨ ਅਖਬਾਰ Süddeutsche Zeitung (SZ) ਨੇ 3 ਅਪ੍ਰੈਲ 2016 ਨੂੰ ਪਨਾਮਾ ਪੇਪਰਜ਼ ਨਾਂ ਹੇਠ ਜਾਰੀ ਕੀਤਾ ਸੀ।
ਇਸ ਵਿਚ ਭਾਰਤ ਸਮੇਤ 200 ਦੇਸ਼ਾਂ ਦੇ ਰਾਜਨੇਤਾਵਾਂ, ਕਾਰੋਬਾਰੀਆਂ ਤੇ ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਸਨ, ਜਿਨ੍ਹਾਂ ‘ਤੇ ਮਨੀ ਲਾਂਡਰਿੰਗ ਦੇ ਆਰੋਪ ਲੱਗੇ ਸਨ। ਇਸ ਵਿੱਚ 1977 ਤੋਂ 2015 ਦੇ ਅੰਤ ਤੱਕ ਦੀ ਜਾਣਕਾਰੀ ਦਿੱਤੀ ਗਈ ਸੀ।
ਕੀ ਸੀ ਮਾਮਲਾ?
ਖੁਲਾਸੇ ਮੁਤਾਬਕ ਐਸ਼ਵਰਿਆ ਰਾਏ, ਉਸ ਦੇ ਪਿਤਾ ਕ੍ਰਿਸ਼ਨਰਾਜ ਰਾਏ, ਮਾਂ ਵ੍ਰਿੰਦਾ ਰਾਜ ਰਾਏ ਤੇ ਭਰਾ ਆਦਿਤਿਆ ਰਾਏ ਮਈ 2005 ਵਿੱਚ ਬ੍ਰਿਟਿਸ਼ ਵਰਜਿਨ ਆਈਲੈਂਡਜ਼ (British Virgin Islands) ਵਿੱਚ ਐਮਿਕ ਪਾਰਟਨਰਸ ਲਿਮਟਿਡ (Amic Partners Limited) ਨਾਂ ਦੀ ਇਕ ਕੰਪਨੀ ਦੇ ਡਾਇਰੈਕਟਰ ਬਣੇ ਸਨ।
ਫਿਰ ਕੰਪਨੀ ਦੇ ਬੋਰਡ ਨੇ ਜੂਨ 2005 ਵਿੱਚ ਰਾਏ ਨੂੰ ਸਿਰਫ਼ ਇਕ ਸ਼ੇਅਰਧਾਰਕ ਵਜੋਂ ਦਰਸਾਇਆ। ਜੁਲਾਈ 2005 ਵਿੱਚ ਸ਼ੇਅਰਧਾਰਕ ਐਸ਼ਵਰਿਆ ਰਾਏ ਦਾ ਨਾਂ ਬਦਲ ਕੇ ਸਿਰਫ਼ ‘ਏ ਰਾਏ’ (A Rai) ਕਰ ਦਿੱਤਾ ਗਿਆ। ਇਹ ਨਿੱਜਤਾ ਦਾ ਹਵਾਲਾ ਦੇ ਕੇ ਕੀਤਾ ਗਿਆ ਸੀ, ਫਿਰ ਜਦੋਂ ਰਾਏ ਨੇ ਅਭਿਸ਼ੇਕ ਬੱਚਨ ਨਾਲ ਵਿਆਹ ਕਰਵਾ ਲਿਆ ਤਾਂ ਕੰਪਨੀ ਵਿੱਚ ਸੁਲ੍ਹਾ ਹੋਣ ਲੱਗੀ।
ਕਾਗਜ਼ਾਂ ਵਿੱਚ ਕੰਪਨੀ ਦੇ ਬੰਦ ਹੋਣ ਦੀ ਤਰੀਕ ਬਾਰੇ ਵੀ ਸਵਾਲ ਕੀਤਾ ਗਿਆ ਸੀ, ਕਿਤੇ ਰਜਿਸਟਰੀ ਖਤਮ ਹੋਣ ਦੀ ਮਿਤੀ ਅਪ੍ਰੈਲ 2009 ਸੀ, ਜਦੋਂ ਕਿ ਬਾਕੀ ਕਾਗਜ਼ਾਂ ਵਿੱਚ ਇਹ ਅਪ੍ਰੈਲ 2016 ਸੀ। ਖੁਲਾਸੇ ਦੇ ਸਮੇਂ ਐਸ਼ਵਰਿਆ ਦੀ ਮੀਡੀਆ ਸਲਾਹਕਾਰ ਅਰਚਨਾ ਸਦਾਨੰਦ ਨੇ ਸਾਹਮਣੇ ਆਈਆਂ ਸਾਰੀਆਂ ਸੂਚਨਾਵਾਂ ਨੂੰ ਝੂਠਾ ਕਰਾਰ ਦਿੱਤਾ ਸੀ।
ਦੱਸ ਦੇਈਏ ਕਿ ਹਾਲ ਹੀ ‘ਚ ਈਡੀ ਨੇ ਇਸ ਮਾਮਲੇ ਵਿੱਚ ਅਭਿਸ਼ੇਕ ਬੱਚਨ ਨੂੰ ਵੀ ਸੰਮਨ ਜਾਰੀ ਕੀਤਾ ਸੀ। ਐਸ਼ਵਰਿਆ ਰਾਏ ਬੱਚਨ ਨੂੰ ਪਹਿਲਾਂ ਵੀ 2 ਵਾਰ ਬੁਲਾਇਆ ਗਿਆ ਸੀ ਪਰ ਦੋਵੇਂ ਵਾਰ ਉਸ ਨੇ ਨੋਟਿਸ ਟਾਲਣ ਦੀ ਬੇਨਤੀ ਕੀਤੀ ਸੀ।
ਇਹ ਬੇਨਤੀ ਪਨਾਮਾ ਪੇਪਰਜ਼ ਲੀਕ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੱਗੇ ਕੀਤੀ ਗਈ ਸੀ। ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਵਿੱਚ ਈਡੀ, ਇਨਕਮ ਟੈਕਸ ਤੇ ਹੋਰ ਏਜੰਸੀਆਂ ਸ਼ਾਮਲ ਹਨ।
ਸਾਲ 2016 ਵਿੱਚ ਪੇਪਰ ਲੀਕ ਹੋਣ ਤੋਂ ਬਾਅਦ ਈਡੀ ਆਪਣੀ ਜਾਂਚ ਵਿੱਚ ਜੁਟੀ ਹੋਈ ਹੈ। ਏਜੰਸੀ ਨੂੰ ਪਨਾਮਾ ਲੀਕ ਨਾਲ ਸਬੰਧਤ 20 ਹਜ਼ਾਰ ਕਰੋੜ ਰੁਪਏ ਦੀ ਅਣਐਲਾਨੀ ਜਾਇਦਾਦ ਬਾਰੇ ਵੀ ਪਤਾ ਲੱਗਾ ਹੈ।