ਚੰਡੀਗੜ੍ਹ | ਪੰਜਾਬ ਟਰਾਂਸਪੋਰਟ ਵਿਭਾਗ ਇਨ੍ਹੀਂ ਦਿਨੀਂ ਲੋਕਾਂ ਲਈ ਪ੍ਰੇਸ਼ਾਨੀ ਬਣ ਗਿਆ ਹੈ। ਬੀ.ਐਸ. 4 ਵਾਹਨਾਂ ਦੀ ਰਜਿਸਟਰੇਸ਼ਨ ਦੇ ਘਪਲੇ ਤੋਂ ਬਾਅਦ ਹੁਣ ਆਰ.ਸੀ. ਅਤੇ ਲਾਇਸੈਂਸ ਨਹੀਂ ਮਿਲ ਰਹੇ। ਸਮਾਰਟ ਕਾਰਡ ਚਿਪ ਨਾ ਹੋਣ ਕਾਰਨ 20 ਤੋਂ 25 ਹਜ਼ਾਰ ਵਾਹਨਾਂ ਦੀ ਆਰ.ਸੀ ਅਤੇ ਲਾਇਸੈਂਸ ਦੀ ਛਪਾਈ ਰੁਕ ਗਈ ਹੈ। ਮਹੀਨੇ ਭਰ ਤੋਂ ਨਵੇਂ ਵਾਹਨਾਂ ਦੀ ਆਰਸੀ ਦੇ ਨਾਲ ਲਾਇਸੈਂਸ ਵੀ ਨਹੀਂ ਬਣ ਰਹੇ। ਜਿਨ੍ਹਾਂ ਲੋਕਾਂ ਨੇ ਅਗਸਤ ਅਤੇ ਅਕਤੂਬਰ ‘ਚ ਵਾਹਨਾਂ ਰਜਿਸਟਰੇਸ਼ਨ ਲਈ ਅਪਲਾਈ ਕੀਤਾ ਸੀ, ਉਨ੍ਹਾਂ ਨੂੰ ਵੀ ਦਸਤਾਵੇਜ਼ ਨਹੀਂ ਮਿਲ ਰਹੇ।
ਸਭ ਤੋਂ ਜ਼ਿਆਦਾ ਉਹ ਲੋਕ ਪ੍ਰਭਾਵਿਤ ਹਨ, ਜੋ ਲਰਨਿੰਗ ਲਾਇਸੈਂਸ ਦਾ ਇੰਤਜ਼ਾਰ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਜ਼ਿਲਾ ਪੱਧਰ ‘ਤੇ ਪਬਲਿਕੇਸ਼ਨ ਦਾ ਕੰਮ ਸ਼ੁਰੂ ਕਰਨ ਲਈ ਪ੍ਰਪੋਜ਼ਲ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਮੱਸਿਆ ਖਤਮ ਹੋ ਸਕਦੀ ਹੈ। ਉਥੇ ਟਰਾਂਸਪੋਰਟ ਵਿਭਾਗ ਦੇ ਸੈਕਟਰੀ ਵਿਕਾਸ ਗਰਗ ਦਾ ਕਹਿਣਾ ਹੈ ਕਿ ਜੋ ਕੰਪਨੀ ਆਰਸੀ ਅਤੇ ਲਾਇਸੈਂਸ ਲਈ ਸਮਾਰਟ ਚਿਪ ਮੁਹਇਆ ਕਰਵਾਉਂਦੀ ਹੈ, ਉਸ ਦੀ ਪੂਰੇ ਭਾਰਤ ‘ਚ ਸ਼ਾਰਟੇਜ ਚਲ ਰਹੀ ਹੈ। ਇਸ ਕਾਰਨ ਪੇਂਡੇਂਸੀ ਵੱਧ ਗਈ ਹੈ, ਜੋ ਆਉਣ ਵਾਲੇ ਦਿਨ ‘ਚ ਖਤਮ ਹੋ ਜਾਵੇਗੀ।