ਹੱਸਦੇ-ਖੇਡਦੇ ਲੋਕ ਹਾਰਟ ਅਟੈਕ ਨਾਲ ਕਿਉਂ ਮਰ ਰਹੇ? ਕੇਂਦਰ ਸਰਕਾਰ ਤੋਂ ਮੰਗੇ ਵੇਰਵੇ

0
294

HEALTH DESK | ਦੇਸ਼ ਵਿਚ ਅਚਾਨਕ ਮੌਤਾਂ ਦੇ ਵਧਦੇ ਮਾਮਲਿਆਂ ਦਾ ਖੁਦ ਨੋਟਿਸ ਲੈਂਦਿਆਂ ਦਿੱਲੀ ਮਹਿਲਾ ਕਮਿਸ਼ਨ ਨੇ ਸ਼ਨੀਵਾਰ ਨੂੰ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਨ੍ਹਾਂ ਮੌਤਾਂ ਦੀ ਜਾਂਚ ਲਈ ਗਠਿਤ ਕੀਤੀਆਂ ਕਿਸੇ ਵੀ ਤਰ੍ਹਾਂ ਦੀਆਂ ਕਮੇਟੀਆਂ ਦੇ ਵੇਰਵੇ ਮੰਗੇ ਹਨ।

ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ, DCW ਨੇ ਇਕ ਬਿਆਨ ਵਿਚ ਕਿਹਾ ਕਿ ਹਾਲ ਹੀ ਵਿਚ ਲਖਨਊ ਵਿਚ ਇਕ ਵਿਆਹ ਸਮਾਗਮ ਦੌਰਾਨ ਇਕ ਲਾੜੀ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿਚ ਇਕ 16 ਸਾਲਾ ਲੜਕੇ ਦੀ ਕ੍ਰਿਕਟ ਖੇਡਦੇ ਹੋਏ ਅਤੇ ਵਿਅਕਤੀ ਦੀ ਮੰਦਰ ਦੀ ਪਰਿਕਰਮਾ ਕਰਦਿਆਂ ਮੌਤ ਹੋ ਗਈ।

ਕਮਿਸ਼ਨ ਨੇ ਕਿਹਾ, “ਇਨ੍ਹਾਂ ਘਟਨਾਵਾਂ ਨੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਮੌਤ ਦੇ ਇਹ ਮਾਮਲੇ ਕੋਵਿਡ -19 ਨਾਲ ਸਬੰਧਤ ਤਾਂ ਨਹੀਂ ਹਨ।”
ਇਸ ਸਬੰਧੀ DCW ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਦੇ ਨਾਲ-ਨਾਲ ਦਿੱਲੀ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਇਸ ਮਾਮਲੇ ਵਿਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੂੰ ਵੀ ਨੋਟਿਸ ਜਾਰੀ ਕੀਤਾ ਹੈ।

ਨੋਟਿਸ ਰਾਹੀਂ ਡੀਸੀਡਬਲਿਊ ਨੇ ਕਿਹਾ ਕਿ ਉਸ ਨੇ ਇਨ੍ਹਾਂ ਮੌਤਾਂ ਦੀ ਜਾਂਚ ਲਈ ਗਠਿਤ ਕੀਤੀਆਂ ਕਮੇਟੀਆਂ ਦੇ ਵੇਰਵੇ ਮੰਗੇ ਹਨ। ਇਸ ਵਿਚ ਅਜਿਹੀਆਂ ਮੌਤਾਂ ਦੇ ਕਾਰਨਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਚੁੱਕੇ ਕਦਮਾਂ ਦੇ ਨਾਲ-ਨਾਲ ਲੋਕਾਂ ਨੂੰ ਇਹ ਸਾਵਧਾਨੀਆਂ ਵਰਤਣ ਦੀ ਵੀ ਮੰਗ ਕੀਤੀ ਹੈ।

DCW ਦੀ ਚੇਅਰਪਰਸਨ ਨੇ ਕਿਹਾ, “ਦੇਸ਼ ਵਿਚ ਅਚਾਨਕ ਮੌਤ ਦੀਆਂ ਕੁਝ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ। ਇਸ ਨੂੰ ਦਰਸਾਉਂਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਨੌਜਵਾਨ ਅਤੇ ਬਜ਼ੁਰਗ ਰੁਟੀਨ ਕੰਮ ਕਰਦੇ ਹੋਏ ਅਚਾਨਕ ਮੌਕੇ ‘ਤੇ ਹੀ ਮਰਦੇ ਦੇਖੇ ਜਾ ਸਕਦੇ ਹਨ। ਅਜਿਹੀ ਮੌਤ ਦੇ ਕਾਰਨਾਂ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਕੀ ਇਹ ਕੇਸ ਕੋਵਿਡ -19 ਨਾਲ ਸਬੰਧਤ ਨਹੀਂ ਹਨ।