ਚੰਡੀਗੜ੍ਹ| ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਮੰਗਣੀ ਹੋ ਗਈ ਹੈ। ਉਨ੍ਹਾਂ ਦੀ ਮੰਗਣੀ ਆਈਪੀਐਸ ਅਧਿਕਾਰੀ ਡਾਕਟਰ ਜੋਤੀ ਯਾਦਵ ਨਾਲ ਹੋਈ ਹੈ। ਜੋਤੀ ਯਾਦਵ ਨੂੰ ਪੰਜਾਬ ਦੀ ਬਹੁਤ ਤੇਜ਼ ਤਰਾਰ ਆਈਪੀਐਸ ਅਫਸਰ ਮੰਨਿਆ ਜਾਂਦਾ ਹੈ ਅਤੇ ਉਹ ਚਰਚਿਤ ਵੀ ਹੈ। ਹੁਣ ਉਹ ਆਪਣੀ ਮੰਗਣੀ ਨੂੰ ਲੈ ਕੇ ਚਰਚਾ ‘ਚ ਹੈ। ਜੋਤੀ ਯਾਦਵ ਦਾ ਵਿਆਹ ਮਾਰਚ ਮਹੀਨੇ ‘ਚ ਹੀ ਹੋਣ ਜਾ ਰਿਹਾ ਹੈ।
ਦੱਸ ਦੇਈਏ ਕਿ ਹਰਜੋਤ ਬੈਂਸ ਦੀ ਦੁਲਹਨ ਬਣਨ ਜਾ ਰਹੀ ਡਾ: ਜੋਤੀ ਯਾਦਵ ਭਾਰਤੀ ਪੁਲਿਸ ਸੇਵਾ ਦੀ 2019 ਬੈਚ ਦੀ ਆਈ.ਪੀ.ਐਸ. ਹੈ। ਜੋਤੀ ਦਾ ਪੂਰਾ ਪਰਿਵਾਰ ਗੁਰੂਗ੍ਰਾਮ ‘ਚ ਰਹਿੰਦਾ ਹੈ। ਇਸ ਸਮੇਂ ਜੋਤੀ ਯਾਦਵ ਐਸਪੀ ਹੈੱਡਕੁਆਰਟਰ ਮਾਨਸਾ ਵਿੱਚ ਤਾਇਨਾਤ ਹਨ। ਇਸ ਤੋਂ ਪਹਿਲਾਂ ਜੋਤੀ ਯਾਦਵ ਲੁਧਿਆਣਾ ਵਿੱਚ ਏਡੀਸੀਪੀ ਦਾ ਅਹੁਦਾ ਸੰਭਾਲ ਚੁੱਕੇ ਹਨ।
ਜੋਤੀ ਯਾਦਵ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ ‘ਤੇ ਉਸ ਦੇ 70,000 ਤੋਂ ਵੱਧ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਟਵਿੱਟਰ ‘ਤੇ ਉਨ੍ਹਾਂ ਦੇ 10,000 ਤੋਂ ਜ਼ਿਆਦਾ ਫਾਲੋਅਰਜ਼ ਹਨ। ਜੋਤੀ ਯਾਦਵ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ ਅਤੇ ਇਸ ‘ਤੇ ਕਈ ਲਾਈਕਸ ਆਉਂਦੇ ਹਨ। ਉਹ ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣੀ ਦੀ ਵਿਧਾਇਕਾ ਰਜਿੰਦਰ ਪਾਲ ਕੌਰ ਦੇ ਸਾਹਮਣੇ ਖੜ੍ਹ ਗਈ ਸੀ ਅਤੇ ਇਸ ਕਾਰਨ ਉਹ ਵੀ ਸੁਰਖੀਆਂ ਵਿੱਚ ਆ ਗਈ ਸੀ।
ਜੋਤੀ ਯਾਦਵ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਹ ਸੋਸ਼ਲ ਮੀਡੀਆ ‘ਤੇ ਪੁਲਿਸ ਦੀ ਵਰਦੀ ਤੋਂ ਇਲਾਵਾ ਹੋਰ ਕੱਪੜਿਆਂ ‘ਚ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ। ਜੋਤੀ ਯਾਦਵ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਅੰਗੂਠੀ ਪਹਿਨੀ ਹੋਈ ਤਸਵੀਰ ਵੀ ਸ਼ੇਅਰ ਕੀਤੀ ਹੈ।
ਇਸ ਹਾਈ ਪ੍ਰੋਫਾਈਲ ਵਿਆਹ ‘ਚ ਕਈ ਵੱਡੀਆਂ ਹਸਤੀਆਂ ਦੇ ਆਉਣ ਦੀ ਉਮੀਦ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੀ ਪਰਿਵਾਰ ਸਮੇਤ ਵਿਆਹ ਸਮਾਗਮ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਘਵ ਚੱਢਾ, ਸੰਜੇ ਸਿੰਘ ਅਤੇ ‘ਆਪ’ ਦੇ ਕਈ ਵਿਧਾਇਕ, ਸੰਸਦ ਮੈਂਬਰ ਅਤੇ ਅਹੁਦੇਦਾਰ ਵਿਆਹ ਸਮਾਗਮ ‘ਚ ਸ਼ਿਰਕਤ ਕਰ ਸਕਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਵਿਆਹ ਹੋਇਆ ਸੀ। ਉਨ੍ਹਾਂ ਦਾ ਵਿਆਹ ਵੀ ਕਾਫੀ ਚਰਚਾ ‘ਚ ਸੀ। ਭਗਵੰਤ ਮਾਨ ਦੇ ਵਿਆਹ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਸਨ। ਇਸ ਤੋਂ ਬਾਅਦ ਪਿਛਲੇ ਇੱਕ ਸਾਲ ਵਿੱਚ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਵੀ ਵਿਆਹ ਕਰਵਾ ਚੁੱਕੇ ਹਨ।