ਅਬੋਹਰ| ਪਿਛਲੇ ਦਿਨੀਂ ਬੇਮੌਸਮੀ ਬਰਸਾਤ ਕਾਰਨ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਦਾ ਐਲਾਨ ਮਾਨ ਸਰਕਾਰ ਨੇ ਕੀਤਾ ਸੀ। ਅੱਜ ਆਪਣੇ ਉਸੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਬੋਹਰ ਤੋਂ ਕਿਸਾਨਾਂ ਨੂੰ ਮੁਆੂਜ਼ੇ ਦੇ ਚੈੱਕ ਵੰਡਣ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਮਿਲਣ ਤੋਂ ਪਹਿਲਾਂ ਹੀ ਮੁਆਵਜ਼ੇ ਦੇ ਪੈਸੇ ਉਨ੍ਹਾਂ ਦੇ ਖਾਤੇ ਵਿਚ ਪੈ ਗਏ ਹਨ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਹਨੇਰੀ ਝੱਖੜ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਤਾਂ ਮੈਂ ਆਪਣੇ ਅਧਿਕਾਰੀਆਂ ਨਾਲ ਉਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ। ਦੌਰਾ ਕਰਨ ਉਪਰੰਤ ਮੈਂ ਆਪਣੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੰਨੀ ਜਲਦੀ ਹੋ ਸਕੇ ਫਸਲਾਂ ਦੀ ਗਿਰਦਾਵਰੀ ਕਰਵਾਈ ਜਾਵੇ।
ਮਾਨ ਨੇ ਅੱਗੇ ਕਿਹਾ ਕਿ ਕਿਉਂ ਕਿ ਅਸੀਂ ਜਾਣਦੇ ਸੀ ਕਿ ਕਿਸਾਨ ਕਾਫੀ ਪਰੇਸ਼ਾਨ ਹਨ, ਫਸਲਾਂ ਨੁਕਸਾਨਣ ਕਾਰਨ ਉਹ ਦੁਖੀ ਹਨ ਤੇ ਜੇ ਸਰਕਾਰ ਔਖੇ ਵੇਲੇ ਹੀ ਆਪਣੇ ਲੋਕਾਂ ਦੇ ਕੰਮ ਨਾ ਆਈ ਤਾਂ ਫਿਰ ਉਹ ਕਾਹਦੀ ਸਰਕਾਰ। ਇਸ ਲਈ ਅਸੀਂ ਕਿਸਾਨਾਂ ਨੂੰ ਚੈੱਕ ਵੰਡਣ ਤੋਂ ਪਹਿਲਾਂ ਹੀ ਮੁਆਵਜ਼ੇ ਦੇ ਪੈਸੇ ਉਨ੍ਹਾਂ ਦੇ ਖਾਤੇ ਵਿਚ ਪਾ ਦਿੱਤਾ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਾਂ। ਇਸ ਕਰਕੇ ਸਾਡੀ ਇਹ ਪਹਿਲ ਸੀ ਕਿ ਕਿਸਾਨਾਂ ਦਾ ਹਰ ਹਾਲ ਵਿਚ ਖਿਆਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਡੀਆਂ ਵਿਚ ਆਉਣ ਵਾਲੀ ਹਾੜ੍ਹੀ ਦੀ ਫਸਲ ਨੂੰ ਵੀ ਪਹਿਲ ਦੇ ਅਧਾਰ ਉਤੇ ਚੁੱਕਿਆ ਜਾਵੇਗਾ।