ਮੇਰਾ ਕੀ ਕਸੂਰ : ਕੂੜੇ ਦੇ ਢੇਰ ‘ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, ਜਲੰਧਰ ਦੇ ਪ੍ਰਤਾਪ ਬਾਗ ਨੇੜੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ

0
577

ਜਲੰਧਰ | ਪ੍ਰਤਾਪ ਬਾਗ ‘ਚ ਸੋਮਵਾਰ ਸਵੇਰੇ 9:30 ਵਜੇ 2.6 ਡਿਗਰੀ ਤਾਪਮਾਨ ‘ਚ ਕੂੜੇ ‘ਚ ਪਈ ਨਵਜੰਮੀ ਬੱਚੀ ਦੀ ਲਾਸ਼ ਮਿਲੀ। ਸਾੜ੍ਹੀ ਵਿੱਚ ਲਪੇਟੇ ਭਰੂਣ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਰਾਤ ਨੂੰ ਹੀ ਜਨਮ ਤੋਂ ਬਾਅਦ ਬੱਚੀ ਨੂੰ ਸੁੱਟ ਦਿੱਤਾ ਗਿਆ ਹੋਵੇ।

ਬਿਨਾਂ ਕੱਪੜਿਆਂ ਦੇ ਠੰਡ ਕਾਰਨ ਸਰੀਰ ਤੇ ਕੋਮਲ ਚਿਹਰਾ ਨੀਲਾ ਪੈ ਚੁੱਕਾ ਸੀ। ਨਾੜੂ ਵੀ ਬੱਚੀ ਦੇ ਹੱਥਾਂ ਵਿੱਚ ਫਸਿਆ ਹੋਇਆ ਸੀ। ਸਰੀਰ ‘ਤੇ ਕੁਝ ਥਾਵਾਂ ‘ਤੇ ਖੂਨ ਲੱਗਾ ਹੋਇਆ ਸੀ।

ਸਵੇਰੇ ਰੋਜ਼ਾਨਾ ਦੀ ਤਰ੍ਹਾਂ ਨਿਗਮ ਕਰਮਚਾਰੀ ਅਜੈ ਕੁਮਾਰ ਨੇ ਕੰਮ ਸ਼ੁਰੂ ਕੀਤਾ ਤਾਂ ਕੂੜਾ ਚੁੱਕਦੇ ਸਮੇਂ ਉਸ ਦਾ ਹੱਥ ਕੱਪੜਿਆਂ ‘ਤੇ ਪਿਆ। ਇਕ ਛੋਟਾ ਜਿਹਾ ਹੱਥ ਕੱਪੜੇ ਤੋਂ ਬਾਹਰ ਸੀ।

ਕੱਪੜਾ ਹਟਾ ਕੇ ਦੇਖਿਆ ਤਾਂ ਸੁੰਗੜੀ ਹੋਈ ਬੱਚੀ ਦੀ ਲਾਸ਼ ਪਈ ਸੀ, ਜਿਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੂੰ ਸ਼ੱਕ ਹੈ ਕਿ ਬੱਚੀ ਨੂੰ ਰਾਤ ਨੂੰ ਸੁੱਟਿਆ ਗਿਆ ਹੈ।

ਪੁਲਿਸ ਨੂੰ ਸਾੜ੍ਹੀ ਤੋਂ ਸੁਰਾਗ ਮਿਲਣ ਦੀ ਉਮੀਦ

ਸਵੇਰੇ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਜਾਂਚ ਕੀਤੀ। ਉਸ ਸਮੇਂ ਬੱਚੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਝੁੱਗੀ-ਝੌਂਪੜੀਆਂ ਵਿੱਚ ਮਜ਼ਦੂਰ ਪਰਿਵਾਰ ਦੀ ਕੋਈ ਔਰਤ ਗਰਭਵਤੀ ਸੀ ਜਾਂ ਨਹੀਂ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਜੇ ਉਸ ਦੀ ਡਿਲੀਵਰੀ ਹੋਈ ਤਾਂ ਬੱਚੀ ਕਿੱਥੇ ਹੈ? ਇਸ ਬੁਝਾਰਤ ਨੂੰ ਸੁਲਝਾਉਣ ਲਈ ਪੁਲਿਸ ਆਸ਼ਾ ਵਰਕਰਾਂ ਦੀ ਮਦਦ ਵੀ ਲਵੇਗੀ।

3 ਦਰਜਨ ਫੁਟੇਜ ‘ਚ ਨਹੀਂ ਮਿਲਿਆ ਸੁਰਾਗ, ਹੁਣ ਸਲੱਮ ਏਰੀਏ ‘ਚ ਪਹੁੰਚੀ ਪੁਲਿਸ

ਥਾਣਾ-3 ਦੇ ਐੱਸਐੱਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਜਾਂਚ ਅਧਿਕਾਰੀ ਐੱਸਆਈ ਅਮਰੀਕ ਸਿੰਘ ਟੀਮ ਸਮੇਤ ਮੌਕੇ ’ਤੇ ਪੁੱਜੇ।

ਨਗਰ ਨਿਗਮ ਦੇ ਕਰਮਚਾਰੀ ਅਜੈ ਕੁਮਾਰ ਦੇ ਬਿਆਨਾਂ ‘ਤੇ ਅਣਪਛਾਤੇ ਆਰੋਪੀਆਂ ਖਿਲਾਫ਼ ਆਈਪੀਸੀ ਦੀ ਧਾਰਾ 318 ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

ਇਸ ਦੇ ਨਾਲ ਹੀ ਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਆਰੋਪੀਆਂ ਦਾ ਸੁਰਾਗ ਲਗਾਉਣ ਲਈ ਡੰਪ ਦੇ ਆਸ-ਪਾਸ 3 ਦਰਜਨ ਤੋਂ ਵੱਧ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਗਈ ਹੈ ਪਰ ਕੁਝ ਹੱਥ ਨਹੀਂ ਲੱਗਾ।

ਲਾਈਟਾਂ ਨਾ ਚੱਲਣ ਕਾਰਨ ਕਈ ਦੁਕਾਨਦਾਰਾਂ ਦੇ ਸੀਸੀਟੀਵੀ ਵੀ ਬੰਦ ਸਨ, ਜਿਸ ਕਾਰਨ ਜਾਂਚ ਦਾ ਘੇਰਾ ਹੋਰ ਵਧਾ ਦਿੱਤਾ ਗਿਆ ਹੈ। ਲਾਸ਼ ਨੂੰ ਸੁੱਟਣ ਵਿੱਚ ਵਰਤੀ ਗਈ ਸਾੜ੍ਹੀ ਹੀ ਅਜਿਹਾ ਸੁਰਾਗ ਹੈ ਜੋ ਇਸ ਮਾਮਲੇ ਦਾ ਰਾਜ਼ ਖੋਲ੍ਹੇਗੀ।