ਨਵੀਂ ਦਿੱਲੀ | ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਭਾਜਪਾ ਨੇਤਾਵਾਂ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਸੁਰਖੀਆਂ ‘ਚ ਆਏ ਨਿਹੰਗ ਬਾਬਾ ਅਮਨ ਸਿੰਘ ਨੇ ਸਪੱਸ਼ਟੀਕਰਨ ਦਿੱਤਾ ਹੈ ਪਰ ਉਹ ਜ਼ਿਆਦਾ ਕੁਝ ਦੱਸਣ ਤੋਂ ਬਚਦੇ ਰਹੇ।
ਉਨ੍ਹਾਂ ਦਾ ਕਹਿਣਾ ਕਿ ਉਹ ਕਈ ਭਾਜਪਾ ਨੇਤਾਵਾਂ ਤੇ ਮੰਤਰੀਆਂ ਨੂੰ ਮਿਲਦੇ ਰਹਿੰਦੇ ਹਨ। ਉਨ੍ਹਾਂ ਦੀ ਲੜਾਈ ਧਰਮ ਦੀ ਲੜਾਈ ਹੈ। ਉਹ ਵੱਖ-ਵੱਖ ਮੁੱਦਿਆਂ ‘ਤੇ ਰਾਸ਼ਟਰਪਤੀ ਨੂੰ ਵੀ ਕਈ ਪੱਤਰ ਲਿਖ ਚੁੱਕੇ ਹਨ।
ਬਾਬਾ ਅਮਨ ਸਿੰਘ ਨੇ ਜੁਲਾਈ 2021 ‘ਚ ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਘਰ ਤੋਮਰ ਤੇ ਹੋਰ ਨੇਤਾਵਾਂ ਨਾਲ ਮੀਟਿੰਗ ਕੀਤੀ ਸੀ, ਜਿਸ ਦੀਆਂ ਫੋਟੋਆਂ ਹੁਣ ਸਾਹਮਣੇ ਆਈਆਂ ਹਨ।
ਜਦੋਂ ਬਾਬਾ ਅਮਨ ਸਿੰਘ ਨੂੰ ਪੁੱਛਿਆ ਗਿਆ ਕਿ ਫੋਟੋਆਂ ਕਿਸ ਤਰੀਕ ਦੀਆਂ ਹਨ ਤੇ ਉਨ੍ਹਾਂ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਦੀ ਮੀਟਿੰਗ ਦਾ ਏਜੰਡਾ ਕੀ ਸੀ ਤਾਂ ਉਨ੍ਹਾਂ ਸਿਰਫ ਇਹੀ ਕਿਹਾ ਕਿ ਕੁਝ ਸਮਾਂ ਦਿਓ, ਸਭ ਕੁਝ ਸਾਹਮਣੇ ਆ ਜਾਵੇਗਾ।
ਸਾਡੇ ਕੁਝ ਸਾਥੀ ਹਜ਼ੂਰ ਸਾਹਿਬ ਗਏ ਹੋਏ ਹਨ
ਬਾਬਾ ਅਮਨ ਸਿੰਘ ਨੇ ਕਿਹਾ, ”ਸਾਡੇ ਕੁਝ ਸਾਥੀ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਗਏ ਹੋਏ ਹਨ, ਜਿਵੇਂ ਹੀ ਉਹ ਨਾਂਦੇੜ ਤੋਂ ਆਉਣਗੇ, ਇਸ ‘ਤੇ ਚਰਚਾ ਕਰਨ ਤੋਂ ਬਾਅਦ ਸਾਰੀ ਘਟਨਾ ਬਾਰੇ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ। ਮੈਂ ਇਸ ਦਾ ਖੁਲਾਸਾ ਨਿਹੰਗ ਜਥੇਬੰਦੀਆਂ ਦੁਆਰਾ 27 ਅਕਤੂਬਰ ਨੂੰ ਬੁਲਾਏ ਗਏ ਧਾਰਮਿਕ ਸਮਾਗਮ ਵਿੱਚ ਵੀ ਕਰਾਂਗਾ।”
ਬਾਬਾ ਅਮਨ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦਾ ਕਿਸੇ ਵੀ ਭਾਜਪਾ ਆਗੂ ਜਾਂ ਫੋਟੋ ‘ਚ ਨਜ਼ਰ ਆ ਰਹੇ ਬਰਖਾਸਤ ਕੀਤੇ ਵਿਵਾਦਤ ਪੁਲਿਸ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਨਿਹੰਗਾਂ ਨੂੰ ਮਿਲਣ ਆਉਂਦੇ ਹਨ ਅਤੇ ਮਿਲ ਕੇ ਚਲੇ ਜਾਂਦੇ ਹਨ।
ਨਿਹੰਗ ਜਥੇਬੰਦੀਆਂ ਚੁੱਪ ਹਨ
ਸੋਨੀਪਤ ਦੇ ਸਿੰਘੂ ਬਾਰਡਰ ‘ਤੇ ਬੈਠੀਆਂ ਨਿਹੰਗ ਜਥੇਬੰਦੀਆਂ ਵੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਬਾਬਾ ਅਮਨ ਸਿੰਘ ਦੀਆਂ ਤਸਵੀਰਾਂ ‘ਤੇ ਕੁਝ ਬੋਲਣ ਲਈ ਤਿਆਰ ਨਹੀਂ ਹਨ।
ਦੁਸਹਿਰੇ ਦੀ ਸਵੇਰ ਸਿੰਘੂ ਬਾਰਡਰ ‘ਤੇ ਪੰਜਾਬੀ ਨੌਜਵਾਨ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਦੇ 5 ਦਿਨਾਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਕੁਝ ਹੋਰ ਭਾਜਪਾ ਨੇਤਾਵਾਂ ਨਾਲ ਬਾਬਾ ਅਮਨ ਸਿੰਘ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਇਹ ਫੋਟੋਆਂ ਜੁਲਾਈ 2021 ਦੀਆਂ ਦੱਸੀਆਂ ਜਾ ਰਹੀਆਂ ਹਨ, ਜਦੋਂ ਬਾਬਾ ਅਮਨ ਸਿੰਘ ਨਵੀਂ ਦਿੱਲੀ ‘ਚ ਕੈਲਾਸ਼ ਚੌਧਰੀ ਦੇ ਘਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਮਿਲੇ ਸਨ।
ਇਸ ਦੌਰਾਨ ਭਾਜਪਾ ਕਿਸਾਨ ਸੈੱਲ ਦੇ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ, ਜੋ ਲੁਧਿਆਣਾ ਨਾਲ ਸਬੰਧਤ ਹਨ ਅਤੇ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ, ਜਿਨ੍ਹਾਂ ਨੂੰ ਪੰਜਾਬ ਪੁਲਿਸ ਵਿਭਾਗ ‘ਚੋਂ ਬਰਖਾਸਤ ਕੀਤਾ ਗਿਆ ਸੀ, ਵੀ ਉਥੇ ਮੌਜੂਦ ਸਨ।
ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਲਖਬੀਰ ਸਿੰਘ ਦੇ ਕਤਲ ਪਿੱਛੇ ਸਾਜ਼ਿਸ਼ ਦਾ ਦੋਸ਼ ਲਗਾਉਂਦੇ ਹੋਏ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।