ਚੰਡੀਗੜ੍ਹ | ਪੰਜਾਬ ਤੇ ਚੰਡੀਗੜ੍ਹ ‘ਚ ਮੰਗਲਵਾਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਖਾਸ ਕਰ ਕੇ ਅਚਨਚੇਤੀ ਗਰਮੀ ਕਾਰਨ ਪੰਜਾਬ ‘ਚ ਕਣਕ ਦੀ ਫ਼ਸਲ ਝੁਲਸਣ ਲੱਗੀ ਹੈ। ਜੇਕਰ ਆਉਣ ਵਾਲੇ ਦਿਨਾਂ ‘ਚ ਬਾਰਿਸ਼ ਹੁੰਦੀ ਹੈ ਤਾਂ ਇਸ ਨਾਲ ਕਣਕ ਨੂੰ ਜਾਨ ਮਿਲੇਗੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਮੰਗਲਵਾਰ ਨੂੰ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ 1 ਮਾਰਚ ਨੂੰ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਹੁਣ ਤੱਕ ਰਾਜਧਾਨੀ ਚੰਡੀਗੜ੍ਹ ਸਮੇਤ ਦੋਵਾਂ ਰਾਜਾਂ ‘ਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਉਪਰ ਹੈ, ਜੋ ਫਰਵਰੀ ਮਹੀਨੇ ਦੇ ਆਮ ਨਾਲੋਂ ਕਿਤੇ ਵੱਧ ਹੈ। ਅਜਿਹੇ ‘ਚ ਜੇਕਰ ਆਉਣ ਵਾਲੇ ਦਿਨਾਂ ‘ਚ ਬਾਰਿਸ਼ ਹੁੰਦੀ ਹੈ ਤਾਂ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਇਸ ਦੇ ਨਾਲ ਹੀ ਫਸਲਾਂ ਨੂੰ ਗਰਮੀ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਸਕੇਗਾ।
ਚੰਡੀਗੜ੍ਹ ਸਥਿਤ ਮੌਸਮ ਵਿਗਿਆਨ ਕੇਂਦਰ ਦੀ ਭਵਿੱਖਬਾਣੀ ਮੁਤਾਬਕ 28 ਫਰਵਰੀ ਨੂੰ ਪੰਜਾਬ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ 1 ਮਾਰਚ ਨੂੰ ਜ਼ਿਆਦਾਤਰ ਥਾਵਾਂ ‘ਤੇ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਮੰਗਲਵਾਰ ਨੂੰ ਤੂਫਾਨ ਦੇ ਨਾਲ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਪੰਜਾਬ ਦਾ ਪੂਰਬੀ ਮਾਲਵਾ ਖੇਤਰ ਇਸ ਤੋਂ ਅਛੂਤਾ ਰਹੇਗਾ।
ਪੰਜਾਬ ਅਤੇ ਹਰਿਆਣਾ ‘ਚ 2 ਫਰਵਰੀ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਦਿਨ ਭਰ ਮੌਸਮ ਗਰਮ ਰਿਹਾ, ਜਿਸ ਨਾਲ ਹੁਸ਼ਿਆਰਪੁਰ ਦਾ ਘੱਟੋ-ਘੱਟ ਤਾਪਮਾਨ 10.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਅੰਬਾਲਾ ਦਾ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਥਾਵਾਂ ਦਾ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 30.1 ਅਤੇ 32.8 ਡਿਗਰੀ ਸੈਲਸੀਅਸ ਰਿਹਾ।