ਪਿੰਡਾਂ ਦਾ ਹਾਲ : ਗੋਪਾਲਪੁਰ ਪਿੰਡ ਦੇ ਲੋਕਾਂ ਦੇ ਪੀਪਿਆਂ ‘ਚ ਆਟਾ ਹੋਣ ਲੱਗਾ ਊਣਾ, ਸਰਕਾਰ ਰਾਸ਼ਨ ਦੀ ਬੋਰੀਆਂ ‘ਤੇ ਫੋਟੋਆਂ ਛਾਪਣ ‘ਚ ਮਸ਼ਰੂਫ਼

    0
    731

    ਪਿੰਡ ਗੋਪਾਲਪੁਰ – ਆਬਾਦੀ-510, ਘਰਾਂ ਦੀ ਗਿਣਤੀ – 117, ਔਰਤਾਂ – 48.8ਫੀਸਦੀ ਅਤੇ ਪੁਰਸ਼- 30.6ਫੀਸਦੀ, ਸ਼ਡਿਊਲਕਾਸਟ- 33.1 ਫੀਸਦੀ

    ਗੁਰਪ੍ਰੀਤ ਡੈਨੀ . ਜਲੰਧਰ

    ਕੋਰੋਨਾ ਕਾਰਨ ਪੰਜਾਬ ‘ਚ ਲਗੇ ਕਰਫਿਊ ਨਾਲ 13 ਦਿਨ ਤੋਂ ਕੰਮਕਾਜ ਠੱਪ ਪਿਆ ਹੈ। ਜਲੰਧਰ ਦੇ ਕਈ ਪਿੰਡਾਂ ਦਾ ਹਾਲ ਇਨ੍ਹਾਂ ਮਾੜਾ ਹੈ ਹੁਣ ਲੋਕਾਂ ਦੇ ਘਰਾਂ ਵਿਚ ਰਾਸ਼ਨ ਖ਼ਤਮ ਹੋਣਾ ਸ਼ੁਰੂ ਹੋ ਗਿਆ ਹੈ ਤੇ ਕੋਈ ਵੀ ਸਰਕਾਰੀ ਮਦਦ ਇਨ੍ਹਾਂ ਪਿੰਡਾਂ ਤੱਕ ਨਹੀਂ ਪਹੁੰਚੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਰਾਸ਼ਨ ਵੰਡਣ ਦੀ ਬਜਾਏ ਆਪਣੀਆਂ ਫੋਟੋਆਂ ਆਟੇ ਦੀਆਂ ਬੋਰੀਆਂ ਉੱਤੇ ਛਾਪਣ ਵਿਚ ਮਸ਼ਰੂਫ਼ ਹਨ।

    ਇਸ ਆਫਤ ਦੀ ਇਕ ਜਿਉਦੀ ਜਾਗਦੀ ਤਸਵੀਰ ਜਲੰਧਰ ਜਿਲ੍ਹੇ ਦੇ ਪਿੰਡ ਗੋਪਾਲਪੁਰ ਦੀ ਹੈ। ਇੱਥੋਂ ਦੇ ਲੋਕ ਦੋ ਵਕਤ ਦੀ ਰੋਟੀ ਲਈ ਤਰਸ ਰਹੇ ਹਨ। ਜਦਕਿ ਸਰਕਾਰ ਵੱਲੋਂ ਲੋਕਾਂ ਦੇ ਘਰ-ਘਰ ਰਾਸ਼ਨ ਪੁਜਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਲੋਕ ਸਰਕਾਰ ਨੂੰ ਕੋਸ ਰਹੇ ਹਨ। ਕਰਫਿਊ ਲੱਗਣ ਦੇ 13 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਸਰਕਾਰੀ ਮਦਦ ਉਨ੍ਹਾਂ ਤੱਕ ਨਹੀਂ ਪਹੁੰਚੀ ਹੈ। ਫੈਕਟਰੀਆਂ ਦੇ ਬੰਦ ਹੋਣ ਨਾਲ ਪਿੰਡ ਦੇ ਲੋਕਾਂ ਉਪਰ ਆਫਤ ਆ ਗਈ ਹੈ। ਕਿਉਕਿ ਉਹ ਜੋ ਕਮਾਉਦੇਂ ਸੀ ਉਸ ਨਾਲ ਹੀ ਉਹਨਾਂ ਦੇ ਘਰ ਦਾ ਗੁਜਾਰਾ ਚੱਲਦਾ ਸੀ। ਹੁਣ ਤਾਂ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋ ਗਿਆ ਹੈ।

    ਪਿੰਡ ਦਾ ਹਾਲ ਜਾਨਣ ਲਈ ਜਦੋਂ ਪਿੰਡ ਦੇ ਪਰਿਵਾਰਾਂ ਵਿੱਚ ਜਾ ਕੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਭਾਵੁਕ ਕਿਸਮ ਦੀ ਆਪਣੀ ਹੱਡਬੀਤੀ ਸੁਣਾਈ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।

    ਦੁੱਧ ਵੇਚ ਕੇ ਕਰ ਰਹੇ ਹਾਂ ਗੁਜ਼ਾਰਾ, ਸਰਕਾਰ ਵਲੋਂ ਕੋਈ ਮਦਦ ਨਹੀਂ : ਲਵਪ੍ਰੀਤ ਸਿੰਘ

    ਪਿੰਡ ਗੋਪਾਲਪੁਰ ਦੇ ਵਸਨੀਕ ਗੁਰਪ੍ਰੀਤ, ਉਸ਼ਾ ਰਾਣੀ ਤੇ ਉਨ੍ਹਾਂ ਦੇ ਦੋ ਬੇਟੇ ਗੁਰਪ੍ਰੀਤ ਤੇ ਲਵਪ੍ਰੀਤ ਲਈ ਘਰ ਦਾ ਗੁਜਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ। ਲਵਪ੍ਰੀਤ ਦੇ ਮੁਤਾਬਿਕ ਪਿਤਾ ਮਜਦੂਰੀ ਅਤੇ ਦੋਵੇਂ ਭਰਾ ਫੈਕਟਰੀ ਵਿੱਚ ਕੰਮ ਕਰਦੇ ਸਨ। ਲਾਕਡਾਉਨ ਕਰਕੇ ਸਾਰੇ ਪਰਿਵਾਰ ਦੇ ਕੰਮ ਠੱਪ ਹਨ। ਮਾਂ ਪਸ਼ੂਆਂ ਦੀ ਦੇਖਰੇਖ ਕਰਦੀ ਹੈ ਤੇ ਮਾੜਾ ਮੋਟਾ ਦੁੱਧ ਵੇਚ ਕੇ ਘਰ ਦਾ ਗੁਜਾਰਾਂ ਕਰ ਰਹੇ ਹਾਂ। ਸਰਕਾਰ ਵਲੋਂ ਸਾਨੂੰ ਕੋਈ ਮਦਦ ਨਹੀਂ ਮਿਲ ਰਹੀ ਅਤੇ ਨਾ ਹੀ ਰਾਸ਼ਨ ਮਿਲਿਆ ਹੈ।

    …ਕਿਤੇ ਇਹ ਨਾ ਹੋਵੇ ਕੋਰੋਨਾ ਦੀ ਬਜਾਏ ਅਸੀਂ ਭੁੱਖ ਨਾਲ ਹੀ ਮਰ ਜਾਈਏ : ਬੂਟਾ ਸਿੰਘ

    ਇਸੇ ਪਿੰਡ ਦੇ ਬੂਟਾ ਸਿੰਘ ਨੇ ਮੰਜੇ ‘ਤੇ ਉਦਾਸ ਬੈਠੇ ਗੁਰਬਤ ਦੀ ਹਵਾ ਦਾ ਸੇਕ ਸਹਿੰਦਿਆਂ ਦੱਸਿਆ ਕਿ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਉਹ ਸਾਡੇ ਗਰੀਬ ਲੋਕਾਂ ਵੱਲ ਧਿਆਨ ਦੇਵੇ, ਕਿਤੇ ਇਹ ਨਾ ਹੋਵੇ ਕਿ ਅਸੀਂ ਕੋਰੋਨਾ ਤੋਂ ਬਚਦੇ-ਬਚਦੇ ਘਰਾਂ ਵਿਚ ਭੁੱਖ ਨਾਲ ਹੀ ਮਰ ਜਾਈਏ। ਕਿਉਂਕਿ ਅਸੀਂ ਪਿਛਲੇ 12 ਦਿਨਾਂ ਤੋਂ ਹੀ ਰਾਸ਼ਨ ਦੀ ਉਡੀਕ ਕਰ ਰਹੇ ਹਾਂ।

    ਵਿਧਵਾ ਰਜਨੀ ਤੇ ਉਸਦੇ 3 ਬੱਚਿਆਂ ਨੂੰ ਰੋਟੀ ਦਾ ਪਿਆ ਫਿਕਰ : ਰਜਨੀ ਬਾਲਾ

    ਰਜਨੀ ਬਾਲਾ (50) ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਹ ਇਕ ਫੈਕਟਰੀ ਵਿੱਚ ਕੰਮ ਕਰਦੀ ਸੀ ਜੋ ਬੰਦ ਹੈ। ਉਸਦੇ ਉੱਪਰ ਦੋ ਬੇਟੇ ਤੇ ਇਕ ਬੇਟੀ ਦੀ ਜਿੰਮੇਦਾਰੀ ਹੈ। ਦੋ ਵਕਤ ਦੀ ਰੋਟੀ ਦਾ ਬੰਦੋਬਸਤ ਕਰਨਾ ਵੀ ਉਸ ਲਈ ਮੁਸ਼ਕਲ ਹੋਇਆ ਪਿਆ ਹੈ। ਰਜਨੀ ਨੇ ਕਿਹਾ ਕਿ ਪਿੰਡ ਦੇ ਸਰਪੰਚ ਨੇ ਕਿਹਾ ਸੀ ਕਿ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਜਾਵੇਗਾ, ਅਜੇ ਤਕ ਰਾਸ਼ਨ ਸਾਡੇ ਤਕ ਨਹੀਂ ਪਹੁੰਚਿਆ।

    ਬਹੁਤ ਮਾੜੇ ਹਾਲਾਤ ਦੇਖੇ, ਪਰ ਹੁਣ ਵਰਗੇ ਨਹੀਂ : ਸੁਨੀਤਾ ਰਾਣੀ

    ਸੁਨੀਤਾ ਦਾ ਪਤੀ ਨੰਦ ਲਾਲ ਪਿੰਡ ਵਿਚ ਜਿੰਮੀਦਾਰਾਂ ਦੇ ਘਰ ਤੇ ਬੇਟਾ ਸੰਤੋਸ਼ ਫੈਕਟਰੀ ਵਿਚ ਕੰਮ ਕਰਦਾ ਹੈ। ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਵਿਚ ਉਹਨਾਂ ਨੂੰ ਘਰ ਰਹਿਣਾ ਪੈ ਰਿਹਾ ਹੈ। ਉਸਨੇ ਕਿਹਾ ਕਿ ਬਹੁਤ ਮਾੜੇ ਹਾਲਾਤ ਦੇਖੇ, ਪਰ ਹੁਣ ਵਰਗੇ ਨਹੀਂ। ਸੁਨੀਤਾ ਨੇ ਕਿਹਾ ਕਿ ਸਰਕਾਰ ਵਲੋਂ ਨਾ ਰਾਸ਼ਨ ਦਿੱਤਾ ਗਿਆ ਹੈ, ਨਾ ਕੋਈ ਹੋਰ ਮਦਦ ਮਿਲੀ ਹੈ।

    ਸਰਕਾਰ ਰਾਸ਼ਨ ਦੀਆਂ ਬੋਰੀਆਂ ‘ਤੇ ਫੋਟੋਆਂ ਛਾਪਣ ‘ਚ ਮਸ਼ਰੂਫ਼ : ਵਿਧਾਇਕ ਟੀਨੂੰ

    ਆਦਮਪੁਰ ਹਲਕੇ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਸੈਨੀਟਾਇਜ਼ਰ ਅਤੇ ਆਟੇ ਦੀਆਂ ਬੋਰੀਆਂ ਉਪਰ ਕੈਪਟਨ ਦੀਆਂ ਫੋਟੋਆਂ ਛਪਣ ਕਾਰਨ ਦੇਰੀ ਹੋਈ ਹੈ। ਇਸ ਲਈ ਪਿੰਡਾਂ ਵਿਚ ਰਾਸ਼ਨ ਨਹੀਂ ਪਹੁੰਚ ਸਕਿਆ। ਪਵਨ ਟੀਨੂੰ ਨੇ ਕਿਹਾ ਮੈਂ ਆਪਣੇ ਪੱਧਰ ‘ਤੇ ਲੋਕਾਂ ਨੂੰ ਰਾਸ਼ਨ ਵੰਡ ਰਿਹਾ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਟੇ ਦੀਆਂ ਬੋਰੀਆਂ ਉੱਤੇ ਕੈਪਟਨ ਦੀ ਫੋਟੋ ਲਾ ਕੇ ਬੇਸ਼ਰਮੀ ਦੀ ਹੱਦ ਟਪਾ ਦਿੱਤੀ ਹੈ।  

    ਸਰਕਾਰ ਦਾ ਰਾਸ਼ਨ ਉਡੀਕ ਦਿਆਂ ਥੱਕੀਆਂ ਅੱਖਾਂ : ਸਰਪੰਚ ਜਸਪਾਲ ਸਿੰਘ

    ਸਰਕਾਰ ਦਾ ਰਾਸ਼ਨ ਉਡੀਕ fਦਆਂ ਥੱਕੀਆਂ ਅੱਖਾਂ, ਗਰੀਬ ਲੋਕਾਂ ਦਾ ਸਤਾ ਰਿਹਾ ਫਿਕਰ ਗੋਪਾਲਪੁਰ ਦੇ ਸਰਪੰਚ ਜਸਪਾਲ ਦੀਆਂ ਵੀ ਸਰਕਾਰ ਦੇ ਰਾਸ਼ਨ ਦੀ ਉਡੀਕ ਕਰਦਿਆਂ ਅੱਖਾ ਥੱਕ ਗਈਆਂ ਹਨ। ਉਹਨਾਂ ਨੂੰ ਪਿੰਡ ਦੇ ਗਰੀਬ ਲੋਕਾਂ ਦਾ ਫਿਕਰ ਸਤਾਉਣ ਲੱਗਿਆ ਹੈ। ਸਰਪੰਚ ਨੇ ਕਿਹਾ ਕਿ ਜੇਕਰ ਸਰਕਾਰ ਰਾਸ਼ਨ ਨਹੀਂ ਭੇਜਦੀ ਤਾਂ ਪਿੰਡ ਦੀ ਪੰਚਾਇਤ ਆਪਣੇ ਪੱਧਰ ਉੱਤੇ ਲੋਕਾਂ ਦੀ ਮਦਦ ਕਰੇਗੀ। ਕਿਉਂਕਿ ਜੇ ਅਸੀਂ ਸਰਕਾਰਾਂ ਦੀ ਉਡੀਕ ਕਰਦੇ ਰਹਿ ਗਏ ਤਾਂ ਗਰੀਬ ਲੋਕਾਂ ਉਪਰ ਕੋਈ ਵੀ ਭਾਣਾ ਵਾਪਰ ਸਕਦਾ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।