ਚੰਡੀਗੜ੍ਹ| ਮੰਤਰੀਆਂ, ਵਿਧਾਇਕਾਂ, ਅਧਿਕਾਰੀਆਂ ਅਤੇ ਉਦਯੋਗਪਤੀਆਂ ਨੂੰ ਇੱਕ ਮੰਚ ’ਤੇ ਲਿਆ ਕੇ ਵੱਖ ਵੱਖ ਸਮੱਸਿਆਵਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਦਾ ਨਿਪਟਾਰੇ ਲਈ ਪੰਜਾਬ ਦੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਜਮਹੂਰੀਅਤ ਨੂੰ ਵਧੇਰੇ ਮਜ਼ਬੂਤ ਕਰਨ ਤੇ ਜਵਾਬਦੇਹੀ ਨੂੰ ਯਕੀਨੀ ਬਨਾਉਣ ਲਈ ਇੱਕ ਨਵੀਂ ਪਹਿਲ ਕਦਮੀ ਕੀਤੀ ਹੈ। ਇਸੇ ਦੌਰਾਨ ਹੀ ਉਨ੍ਹਾਂ ਨੇ ਮੀਟਿੰਗ ਤੋਂ ਗੈਰ-ਹਾਜ਼ਰ ਅਧਿਕਾਰੀਆਂ ਦਾ ਮਾਮਲਾ ਵਿਸ਼ੇਸ਼ਾ ਅਧਿਕਾਰ ਕਮੇਟੀ ਕੋਲ ਲਿਜਾਣ ਦੇ ਵੀ ਨਿਰਦੇਸ਼ ਵੀ ਦਿੱਤੇ ਹਨ।
ਅੱਜ ਵਿਧਾਨ ਸਭਾ ਵਿੱਚ ਉਦਯੋਗਪਤੀਆਂ ਨਾਲ ਇੱਕ ਮੀਟਿੰਗ ਨੂੰ ਸੰਬੋਧਤ ਕਰਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਲੋਕਤੰਤਰਿਕ ਸਰਗਰਮੀਆਂ ਨੂੰ ਹੋਰ ਪੱਕ ਪੈਰੀਂ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਬਹਿਸ ਵਿੱਚ ਕੇਵਲ ਵਿਧਾਇਕ ਹੀ ਹਿੱਸਾ ਲੈ ਸਕਦੇ ਹਨ ਅਤੇ ਉਨ੍ਹਾਂ ਦਾ ਮੰਤਵ ਵਿਧਾਨ ਸਭਾ ਤੋਂ ਬਾਹਰ ਵਿਚਾਰ-ਵਿਟਾਂਦਰੇ ਕਰਵਾ ਕੇ ਵਿਧਾਇਕਾਂ ਨੂੰ ਵੱਖ ਵੱਖ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਬਨਾਉਣਾ ਹੈ ਤਾਂ ਜੋ ਉਹ ਇਨ੍ਹਾਂ ਵਿਧਾਨ ਸਭਾ ਵਿੱਚ ਗੰਭੀਰਤਾ ਤੇ ਵਧੀਆ ਢੰਗ ਨਾਲ ਉਠਾ ਸਕਣ।
ਸ. ਸੰਧਵਾਂ ਨੇ ਕਿਹਾ ਕਿ ਵੱਖ ਵੱਖ ਮਸਲਿਆਂ ਦੇ ਹੱਲ ਲਈ ਵਿਚਾਰ-ਵਿਟਾਂਦਰਾ ਬਹੁਤ ਜ਼ਰੂਰੀ ਹੈ। ਕਿਸੇ ਵੀ ਖੇਤਰ ਸਬੰਧੀ ਨੀਤੀ ਨੂੰ ਤਿਆਰ ਕਰਨ ਲਈ ਉਸ ਖੇਤਰ ਨਾਲ ਜੁੜੇ ਹੋਏ ਲੋਕਾਂ, ਮਾਹਿਰਾਂ ਅਤੇ ਅਧਿਕਾਰੀਆਂ ਦੇ ਸੁਝਾਅ ਬੁਨਿਆਦੀ ਸਮੱਗਰੀ ਹੁੰਦੇ ਹਨ। ਇਸ ਕਰਕੇ ਆਪਸੀ ਵਿਾਰਤਾਲਾਪ ਹੀ ਸਮੱਸਿਆਵਾਂ ਦੇ ਹੱਲ ਕੱਢਣ ਅਤੇੇ ਠੋਸ ਨੀਤੀਆਂ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਵੱਖ ਵੱਖ ਸਮੱਸਿਆਵਾਂ ਬਾਰੇ ਵਿਚਾਰ-ਵਿਟਾਂਦਰੇ ਨੂੰ ਆਯੋਜਿਤ ਕਰਦੇ ਰਹਿਣਗੇ ਤਾਂ ਜੋ ਸੂਬੇ ਨੂੰ ਦਰਪੇਸ਼ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ।
ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਨਵੈਸਟਮੈਂਟ ਪ੍ਰਮੋਸ਼ਨ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਦੇ ਸਰਕਾਰੀ ਵਿਭਾਗਾਂ ਦੁਆਰਾ ਕੀਤੇ ਜਾਣ ਵਾਲੇ ਕੰਮ ਪੰਜਾਬ ਰਾਜ ਦੀ ਇੰਡਸਟਰੀ ਤੋਂ ਕਰਵਾਉਣ ਸਬੰਧੀ ਮਾਮਲਿਆਂ ’ਤੇ ਵਿਚਾਰ ਵਟਾਂਦਰਾ ਕਰਨ ਦੀ ਸ. ਸੰਧਵਾਂ ਵੱਲੋਂ ਕੀਤੀ ਗਈ ਪਹਿਲ-ਕਦਮੀ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਅਸੀਂ ਸਮੱਸਿਆਵਾਂ ਦੀ ਤਹਿ ਤੱਕ ਜਾ ਸਕਦੇ ਹਾਂ। ਪੰਜਾਬ ਦੇ ਉਦਯੋਗ ਨੂੰ ਹੁਲਾਰਾ ਦੇਣ ਦੇ ਵਾਸਤੇ ਵੱਖ ਵੱਖ ਵਿਧਾਇਕਾਂ, ਉਦਯੋਗਪਤੀਆਂ ਅਤੇ ਅਧਿਕਾਰੀਆਂ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ।
ਇਸ ਮੌਕੇ ਹੋਰਾਂ ਤੋਂ ਇਲਾਵਾ ਡਿਪਟੀ ਸਪੀਕਰ ਸ੍ਰੀ ਜੈ ਕਿ੍ਰਸ਼ਨ ਸਿੰਘ ਰੋੜੀ, ਸ੍ਰੀਮਤੀ ਨੀਨਾ ਮਿੱਤਲ, ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ, ਰਾਣਾ ਗੁਰਜੀਤ ਸਿੰਘ, ਸ੍ਰੀ ਅਮਿ੍ਰਤਪਾਲ ਸਿੰਘ ਸੁਖਾਨੰਦ, ਸ੍ਰੀ ਅਮਿਤ ਰਤਨ ਕੋਟਫੱਤਾ, ਸ੍ਰੀ ਗੁਵਿੰਦਰ ਸਿੰਘ ਗੈਰੀ ਬੜਿੰਗ, ਸ੍ਰੀ ਬਲਬੀਰ ਸਿੰਘ, ਸ੍ਰੀ ਅਸ਼ੋਕ ਪਰਾਸ਼ਰ, ਸ੍ਰੀ ਗੁਰਪੀ੍ਰਤ ਬੱਸੀ, ਸ੍ਰੀ ਦਲਜੀਤ ਸਿੰਘ ਗਰੇਵਾਲ, ਸ੍ਰੀ ਤਰਨਪ੍ਰੀਤ ਸਿੰਘ ਸੌਂਦ, ਸ੍ਰੀ ਸੰਦੀਪ ਜਾਖੜ, ਡਾ. ਸੁਖਵਿੰਦਰ ਕੁਮਾਰ ਸੁੱਖੀ, ਸ੍ਰੀ ਅਸ਼ਵਨੀ ਕੁਮਾਰ ਸ਼ਰਮਾ (ਸਾਰੇ ਵਿਧਾਇਕ), ਸ੍ਰੀ ਰਾਜਿੰਦਰ ਗੁਪਤਾ, ਵਾਈਸ ਚੇਅਰਮੈਨ, ਪੰਜਾਬ ਯੋਜਨਾ ਕਮਿਸ਼ਨ, ਡਾਇਰੈਕਟ ਕਮ ਸਕੱਤਰ ਉਦਯੋਗ ਸ੍ਰੀ ਸੀ. ਸਿਬਨ ਅਤੇ ਵਿਸ਼ੇਸ਼ ਸਕੱਤਰ ਖਰਚਾ ਮੁਹੰਮਦ ਤਾਇਬ ਵੀ ਹਾਜ਼ਰ ਸਨ।