ਵਿੱਕੀ ਮਿੱਡੂਖੇੜਾ ਕਤਲ ਮਾਮਲਾ : ਐੱਸਆਈਟੀ ਨੇ ਕੋਰਟ ‘ਚ ਦਾਖਲ ਕੀਤੀ ਚਾਰਜਸ਼ੀਟ, ਗੈਂਗਸਟਰ ਭੂਪੀ ਰਾਣਾ ਸਣੇ ਛੇ ਮੁਲਜ਼ਮਾਂ ਦੇ ਨਾਂ ਸ਼ਾਮਲ

0
5318

ਯੂਥ ਅਕਾਲੀ ਆਗੂ ਵਿਕਰਮ ਸਿੰਘ ਵਿੱਕੀ ਮਿੱਡੂਖੇੜਾ ਦੇ ਕਤਲ ਦੇ 11 ਮਹੀਨੇ ਮਗਰੋਂ ਐਸਆਈਟੀ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸ ਵਿੱਚ ਗੈਂਗਸਟਰ ਭੂਪੀ ਰਾਣਾ ਸਣੇ ਛੇ ਮੁਲਜ਼ਮਾਂ ਦੇ ਨਾਂ ਸ਼ਾਮਲ ਹਨ।

ਮੁਲਜ਼ਮਾਂ ਵਿੱਚ ਸੱਜਣ ਉਰਫ ਭੋਲੂ, ਅਨਿਲ ਲੱਠ, ਅਜੈ ਉਰਫ ਸੰਨੀ ਉਰਫ ਲੈਫਟੀ, ਗੈਂਗਸਟਰ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਸ਼ਾਮਲ ਹਨ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 302, 120ਬੀ ਅਤੇ 34 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਪੁਲਿਸ ਖੁਦ ਹੀ ਸਾਰੇ ਦੋਸ਼ੀਆਂ ਨੂੰ ਰਿਮਾਂਡ ‘ਤੇ ਲੈ ਕੇ ਆਈ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਇਸ਼ਾਰੇ ‘ਤੇ ਕਤਲ ‘ਚ ਸ਼ਾਮਲ ਗੱਡੀ ਤੋਂ ਲੈ ਕੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਐੱਸਆਈਟੀ ਲਗਭਗ 11 ਮਹੀਨਿਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ।

ਚਾਰਜਸ਼ੀਟ ਵਿੱਚ ਅਰਮੀਨੀਆ ਦੀ ਜੇਲ੍ਹ ਵਿੱਚ ਬੰਦ ਗੌਰਵ ਯਾਦਵ ਉਰਫ਼ ਲੱਕੀ, ਗਾਇਕ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਣੇ ਕਈ ਮੁਲਜ਼ਮਾਂ ਦਾ ਨਾਂ ਨਹੀਂ ਹੈ ਕਿਉਂਕਿ ਉਹ ਹਾਲੇ ਪੁਲਿਸ ਦੀ ਪਕੜ ਤੋਂ ਬਾਹਰ ਹਨ। ਇਸ ਦੇ ਨਾਲ ਹੀ ਚੌਥੇ ਸ਼ੂਟਰ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦਾ ਪਿਛਲੇ ਸਾਲ 7 ਅਗਸਤ ਨੂੰ ਮੁਹਾਲੀ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਹ ਆਪਣੇ ਦੋਸਤ ਨੂੰ ਮਿਲਣ ਸੈਕਟਰ-71 ਦੀ ਮਾਰਕੀਟ ਗਿਆ ਸੀ। ਉਸ ਨੂੰ ਕਾਤਲਾਂ ਨੇ ਨੌਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।